April 23, 2026 6:49 am

ਬਾਬਾ ਕਲਾਧਾਰੀ ਦੀ 77ਵੀਂ ਬਰਸੀ ਸਬੰਧੀ ਸਮਾਗਮ ਸ਼ੁਰੂ

ਤਲਵੰਡੀ ਸਾਬੋ, 28 ਜੁਲਾਈ (ਰਾਮ ਰੇਸ਼ਮ ਨਥੇਹਾ)- ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਗਿਆਰ੍ਹਵੇਂ ਮੁਖੀ ਰਹਿ ਚੁੱਕੇ ਸੱਚਖੰਡਵਾਸੀ ਬਾਬਾ ਸਾਹਿਬ ਸਿੰਘ ਕਲਾਧਾਰੀ ਦੇ 77 ਵੇਂ ਬਰ੍ਹਸੀ ਸਮਾਗਮ ਅੱਜ ਬੁੱਢਾ ਦਲ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਛਾਉਣੀ ਨਿਹੰਗ ਸਿੰਘਾਂ ਵਿਖੇ ਬੁੱਢਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸ਼ੁਰੂ ਹੋ ਗਏ। ਅੱਜ ਆਖੰਡ ਪਾਠ ਦੀ ਆਰੰਭਤਾ ਮੌਕੇ ਆਰੰਭਤਾ ਦੀ ਅਰਦਾਸ ਭਾਈ ਸੁਖਮੰਦਰ ਸਿੰਘ ਮੋਰ ਨੇ ਕੀਤੀ।ਇਸ ਮੌਕੇ ਹਾਜਿਰ ਬਾਬਾ ਜੱਸਾ ਸਿੰਘ ਪੀ.ਏ ਨੇ ਦੱਸਿਆ ਕਿ ਅੱਜ ਤੋਂ ਤਿੰਨ ਰੋਜਾ ਗੁਰਮਤਿ ਸਮਾਗਮ ਆਰੰਭ ਹੋ ਗਏ ਹਨ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ,ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਬੁੱਢਾ ਦਲ ਦੇ ਇਤਿਹਾਸ ਤੋਂ ਜਾਣੂੰ ਕਰਵਾਉਣਗੇ।ਉਨਾਂ ਦੱਸਿਆ ਕਿ ਮੁੱਖ ਸਮਾਗਮ 30 ਜੁਲਾਈ ਨੂੰ ਹੋਣਗੇ ਜਿਸ ਵਿੱਚ ਤਖਤ ਸਾਹਿਬਾਨ ਦੇ ਜਥੇਦਾਰ,ਸ਼੍ਰੋਮਣੀ ਕਮੇਟੀ ਪ੍ਰਧਾਨ,ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ,ਸੰਪਰਦਾਵਾਂ ਦੇ ਮੁਖੀ ਤੇ ਧਾਰਮਿਕ ਸਖਸ਼ੀਅਤਾਂ ਸ਼ਿਰਕਤ ਕਰਨਗੀਆਂ ਤੇ ਬਾਬਾ ਬਲਬੀਰ ਸਿੰਘ 96 ਕ੍ਰੋੜੀ ਦੀ ਅਗਵਾਈ ਵਿੱਚ ਗੁਰੁ ਕੀਆਂ ਲਾਡਲੀਆਂ ਫੌਜਾਂ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਣਗੀਆਂ। ਅੱਜ ਆਰੰਭਤਾ ਸਮਾਗਮਾਂ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਅਰਜੁਨ ਸਿੰਘ ਸ਼ਿਵਜੀ ਮੁੱਖ ਸੇਵਾਦਾਰ ਗੁ:ਬੇਰ ਸਾਹਿਬ,ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ,ਬਾਬਾ ਇੰਦਰ ਸਿੰਘ ਘੋੜਿਆਂ ਦੇ ਜਥੇਦਾਰ,ਭਾਈ ਬਲਦੇਵ ਸਿੰਘ ਢੋਡੀਵਿੰਡੀਆ,ਬਾਬਾ ਜਗਦੇਵ ਸਿੰਘ ਮਾਨਸਾ,ਭਾਈ ਜੋਗਾ ਸਿੰਘ,ਭਾਈ ਦਰਸ਼ਨ ਸਿੰਘ ਚੱਠਾ ਤਲਵੰਡੀ ਸਾਬੋ ਆਦਿ ਸਿੰਘਾਂ ਤੋਂ ਇਲਾਵਾ ਨਿਹੰਗ ਸਿੰਘ ਫੌਜਾਂ ਅਤੇ ਵੱਡੀ ਗਿਣਤੀ ਸੰਗਤਾਂ ਹਾਜਿਰ ਸਨ।

Send this to a friend