ਸ੍ਰੀ ਅਤੇ ਸ਼੍ਰੀ ਦੋਨੋਂ ਹੀ ਆਦਰ-ਬੋਧਕ ਸ਼ਬਦ ਹਨ। ਇੰਨ੍ਹਾਂ ਵਿਚੋਂ ਸ੍ਰੀ ਮੂਲ ਰੂਪ ਵਿਚ ਪੰਜਾਬੀ ਦਾ ਅਤੇ ਸ਼੍ਰੀ ਸੰਸਕ੍ਰਿਤ ਵਿਚੋਂ ਆਇਆ ਹਿੰਦੀ ਦਾ ਸ਼ਬਦ ਹੈ। ਸਮੇਂ ਦੇ ਬੀਤਣ ਨਾਲ ਪੰਜਾਬੀ ਵਿਚ ਵੀ ਸ਼੍ਰੀ ਦੀ ਭਰਪੂਰ ਵਰਤੋਂ ਹੋਣ ਲੱਗ ਪਈ ਹੈ ਅਤੇ ਇਸ ਨੁੰੰ ਸਵੀਕਾਰਿਆ ਵੀ ਜਾਣ ਲੱਗ ਪਿਆ ਹੈ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਵਿਚ ਸ਼੍ਰੀ ਦੀ ਵਰਤੋਂ ਕੇਵਲ ਸਧਾਰਣ ਵਿਅਕਤੀਆਂ ਦੇ ਨਾਮ ਅੱਗੇ ਕੀਤੀ ਜਾਣੀ ਚਾਹੀਦੀ ਹੈ ਜਦ ਕਿ ਸ੍ਰੀ ਦੀ ਵਰਤੋਂ ਸਧਾਰਣ ਵਿਅਕਤੀਆਂ ਦੇ ਨਾਲ-ਨਾਲ ਗੁਰੂਆਂ-ਪੀਰਾਂ, ਸੰਤਾਂ-ਮਹਾਤਮਾਵਾਂ, ਰਾਜਿਆਂ-ਮਹਾਰਾਜਿਆਂ, ਤੀਰਥ-ਅਸਥਾਨਾਂ, ਧਰਮ-ਗ੍ਰੰਥਾਂ ਅਤੇ ਅਧਿਆਪਕਾਂ ਦੇ ਨਾਵਾਂ ਅੱਗੇ ਵੀ ਕੀਤੀ ਜਾ ਸਕਦੀ ਹੈ। ਸਿੱਖ ਧਰਮ ਦੇ ਸੰਦਰਭ ਵਿਚ ਤਾਂ ਸ਼੍ਰੀ ਦੀ ਵਰਤੋਂ ਕਿਤੇ ਵੀ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਕਿਸੇ ਵੀ ਸਥਾਨ ਤੇ ਸ਼੍ਰੀ ਲਿਖਿਆ ਮਿਲਦਾ ਹੀ ਨਹੀਂ, ਸਭ ਥਾਂ ਸ੍ਰੀ ਹੀ ਲਿਖਿਆ ਹੋਇਆ ਹੈ। ਹਰ ਗੁਰੂ ਸਾਹਿਬ ਦੇ ਨਾਮ ਅੱਗੇ ਵੀ ਸ੍ਰੀ ਹੀ ਲਾਉਣਾ ਅਤੇ ਬੋਲਣਾ ਚਾਹੀਦਾ ਹੈ, ਨਾ ਕਿ ਸ਼੍ਰੀ। ਇਸ ਤਰ੍ਹਾਂ ਹੀ ਸਾਨੂੰ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਰਹਿਰਾਸ ਸਾਹਿਬ ਲਿਖਣਾ ਅਤੇ ਬੋਲਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਦਾ ਨਾਮ ਬਾਬਾ ਸ੍ਰੀ (ਸਿਰੀ) ਚੰਦ ਸੀ। ਇਨ੍ਹਾਂ ਵਿਚੋਂ ਕਿਸੇ ਵੀ ਨਾਮ ਅੱਗੇ ਸ਼੍ਰੀ ਲਾਉਣਾ ਗਲਤ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਨੂੰ ਸਿਰੀ ਲਿਖਿਆ ਗਿਆ ਹੈ ਅਤੇ ਇਸ ਵਿਚ ਪਹਿਲਾ ਰਾਗ ਸ੍ਰੀ (ਸਿਰੀ) ਰਾਗ ਹੈ ਅਤੇ ਰਾਗਾਂ ਦੀ ਬਾਣੀ ਇਸੇ ਰਾਗ ਤੋਂ ਆਰੰਭ ਹੁੰਦੀ ਹੈ। ਅਕਾਲ ਉਸਤਤ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ: ਸ੍ਰੀ ਭਗਵਾਨ ਕੋ ਭੇਦੁ ਨ ਪਾਇਓ£ ਇਸ ਤਰ੍ਹਾਂ ਹੀ ਉਨ੍ਹਾਂ ਦੀ ਰਚਨਾ ‘ਚੰਡੀ ਦੀ ਵਾਰ’ ਵਿਚ ”ਸ੍ਰੀ ਭਗਉਤੀ ਜੀ ਸਹਾਇ” ਅਤੇ ”ਵਾਰ ਸ੍ਰੀ ਭਗਉਤੀ ਜੀ ਕੀ” ਲਿਖਿਆ ਗਿਆ ਹੈ ਅਤੇ ਜੇਕਰ ਅਸੀਂ ਸ੍ਰੀ ਨੂੰ ਸ਼੍ਰੀ ਉਚਾਰਦੇ ਹਾਂ ਤਾਂ ਉਹ ਬਿਲਕੁਲ ਗਲਤ ਹੋਵੇਗਾ। ਇਸ ਤਰ੍ਹਾਂ ਹੀ ਸਤਿ ਸ੍ਰੀ ਅਕਾਲ ਨੂੰ ਸਤਿ ਸ਼੍ਰੀ ਅਕਾਲ ਬੋਲਣਾ ਵੀ ਗਲਤ ਹੋਵੇਗਾ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਸ੍ਰੀ ਦਾ ਇੱਕ ਅਰਥ ਲੱਛਮੀ ਹੈ ਅਤੇ ਜਦ ਅਸੀਂ ਤਲਵਾਰ ਜਾਂ ਖੜਗ ਨੂੰ ਸ੍ਰੀ ਸਾਹਿਬ ਕਹਿੰਦੇ ਹਾਂ ਤਾਂ ਸਾਡਾ ਭਾਵ ਸ੍ਰੀ ਦਾ ਸਾਹਿਬ ਅਰਥਾਤ ਲੱਛਮੀ ਦਾ ਪਤੀ ਹੁੰਦਾ ਹੈ। ਖੜਗ ਜਾਂ ਕ੍ਰਿਪਾਨ ਨੂੰ ਲੱਛਮੀ ਦਾ ਪਤੀ ਮੰਨ ਕੇ ਇਹ ਨਾਮ ਦਸਮੇਸ਼ ਪਿਤਾ ਨੇ ਹੀ ਰੱਖਿਆ ਸੀ।
ਸ੍ਰੀ ਦਾ ਸ਼ਾਬਦਿਕ ਅਰਥ ਸ਼ੋਭਾ ਵਾਲਾ, ਕੀਰਤੀ ਵਾਲਾ, ਉੱਚੀ ਪਦਵੀ ਵਾਲਾ ਜਾਂ ਧਨ ਵਾਲਾ ਆਦਿ ਹੁੰਦਾ ਹੈ। ਜੇਕਰ ਕਿਸੇ ਮਹਾਨ ਹਸਤੀ ਦੇ ਨਾਮ ਅੱਗੇ ਸ੍ਰੀ 108 ਲਿਖਿਆ ਹੈ ਤਾਂ ਇਸ ਦਾ ਭਾਵ ਹੈ ਕਿ ਉਸ ਦੇ ਨਾਮ ਅੱਗੇ ਸ੍ਰੀ ਸ਼ਬਦ ਦੀ 108 ਵਾਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦਾ ਭਾਵ ਹੈ ਕਿ ਪੰਜਾਬੀ ਵਿੱਚ ਸ਼੍ਰੀ ਕੇਵਲ ਆਦਰ-ਸੂਚਕ ਸ਼ਬਦ ਹੈ ਜਦ ਕਿ ਸ੍ਰੀ ਆਦਰ ਦੇ ਨਾਲ-ਨਾਲ ਮਹਾਨਤਾ ਵੱਲ ਵੀ ਸੰਕੇਤ ਕਰਦਾ ਹੈ। ਵੈਸੇ ਵੀ ਸ੍ਰੀ (ਜਾਂ ਸਿਰੀ) ਸ਼ਬਦ ਦਾ ਰਿਸ਼ਤਾ ਸਿਰ, ਸਰ ਅਤੇ ਸਿਰਾ ਸ਼ਬਦਾਂ ਨਾਲ ਜੁੜਦਾ ਹੈ। ਸਿਰ ਮਨੁੱਖੀ ਸਰੀਰ ਦਾ ਕੇਵਲ ਸਭ ਤੋਂ ਉੱਚਾ ਹੀ ਨਹੀਂ ਸਗੋਂ ਸਭ ਤੋਂ ਮਹੱਤਵਪੂਰਨ ਭਾਗ ਵੀ ਹੁੰਦਾ ਹੈ। ਕਈ ਵਾਰ ਸਿਰ ਨੂੰ ਸਰ ਵੀ ਕਿਹਾ ਜਾਂਦਾ ਹੈ। ਇਸ ਲਈ ਹੀ ਇਨ੍ਹਾਂ ਦੋਹਾਂ ਸ਼ਬਦਾਂ ਨੂੰ ਅਗੇਤਰ ਵਜੋਂ ਵਰਤ ਕੇ ਸਿਰਮੌਰ, ਸਿਰਕੱਢ, ਸਿਰਤੋੜ, ਸਿਰਲੱਥ, ਸਿਰਲੇਖ, ਸਿਰਨਾਵਾਂ, ਸਿਰੋਪਾ, ਸਰਦਾਰ, ਸਰਤਾਜ, ਸਰਬੱਤ, ਸਰਬਰਾਹ, ਸਰਬੰਸ, ਸਰਕਾਰ ਅਤੇ ਸਰਪੰਚ ਵਰਗੇ ਕਿੰਨੇ ਹੀ ਮਹੱਤਵਪੂਰਨ ਸ਼ਬਦ ਹੋਂਦ ਵਿਚ ਆਉਂਦੇ ਹਨ। ਬਾਕੀ ਜਦ ਸਿਰਾ ਆ ਜਾਂਦਾ ਹੈ, ਉਸ ਤੋਂ ਅੱਗੇ ਤਾਂ ਰਹਿੰਦਾ ਹੀ ਕੁਝ ਨਹੀਂ। ਇਕ ਰਵਾਇਤ ਅਨੁਸਾਰ ਰਿਸ਼ਤੇ ਨੂੰ ਵਧੇਰੇ ਆਦਰਯੋਗ ਢੰਗ ਨਾਲ ਪ੍ਰਗਟ ਕਰਨ ਲਈ ਉਸ ਦੇ ਪਿੱਛੇ ਵੀ ਸ਼੍ਰੀ ਲਗਾਇਆ ਜਾ ਸਕਦਾ ਹੈ ਜਿਵੇਂ ਮਾਤਾ ਸ਼੍ਰੀ, ਪਿਤਾ ਸ਼੍ਰੀ, ਭਰਾਤਾ ਸ਼੍ਰੀ ਅਤੇ ਭਾਬੀ ਸ਼੍ਰੀ ਆਦਿ। ਵੈਸੇ ਪੰਜਾਬ ਵਿਚ ਇਸ ਤਰ੍ਹਾਂ ਦੇ ਸੰਬੋਧਨ ਰਾਮਾਇਣ ਅਤੇ ਮਹਾਂਭਾਰਤ ਸੀਰੀਅਲਾਂ ਦੇ ਹਰਮਨਪਿਆਰੇ ਹੋਣ ਤੋਂ ਬਾਅਦ ਹੀ ਵਧੇਰੇ ਪ੍ਰਚਲਿਤ ਹੋਏ ਹਨ। ਇਕ ਗੱਲ ਹੋਰ – ਸ੍ਰੀਮਾਨ, ਸ਼੍ਰੀਮਾਨ, ਸ੍ਰੀਮਤੀ ਅਤੇ ਸ਼੍ਰੀਮਤੀ ਜੁੜਵੇਂ ਲਿਖਣੇ ਚਾਹੀਦੇ ਹਨ, ਅਲੱਗ-ਅਲੱਗ ਨਹੀਂ।
ਉਪਰੋਕਤ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਅਜਿਹੇ ਸ਼ਬਦ ਅਤੇ ਨਾਂਵ ਹਨ ਜਿੰਨ੍ਹਾਂ ਅੱਗੇ ‘ਸ੍ਰੀ’ ਹੀ ਵਰਤਿਆ ਜਾਣਾ ਚਾਹੀਦਾ ਹੈ, ਸ਼੍ਰੀ ਨਹੀਂ। ਸ੍ਰੀ ਹਜੂਰ ਸਾਹਿਬ, ਸ੍ਰੀ ਹਰਗੋਬਿੰਦਪੁਰ, ਸ੍ਰੀ ਲੰਕਾ, ਸ੍ਰੀਨਗਰ, ਸ੍ਰੀ ਗੰਗਾਨਗਰ, ਸ੍ਰੀਦੇਵੀ ਆਦਿ। ਹਰ ਸੁਹਿਰਦ ਪੰਜਾਬੀ ਪਾਠਕ, ਲੇਖਕ, ਅਧਿਆਪਕ, ਵਿਦਵਾਨ ਅਤੇ ਖਾਸ ਤੌਰ ਤੇ ਗੁਰਬਾਣੀ ਕਥਾਕਾਰ ਨੂੰ ਸ੍ਰੀ ਅਤੇ ਸ਼੍ਰੀ ਦੇ ਇਸ ਅੰਤਰ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਅਤੇ ਜਿੱਥੇ ਸ੍ਰੀ ਲਿਖਿਆ ਹੋਵੇ, ਉਸ ਨੂੰ ਸ੍ਰੀ ਹੀ ਉਚਾਰਨਾ ਚਾਹੀਦਾ ਹੇ। ਬਹੁਤ ਵਾਰ ਤਾਂ ਸ੍ਰੀ ਨੂੰ ਸ਼੍ਰੀ ਉਚਾਰਨਾ ਬਹੁਤ ਹੀ ਅਜੀਬ ਅਤੇ ਓਪਰਾ ਲਗਦਾ ਹੈ। ਧਿਆਨ ਦਿੱਤੇ ਜਾਣ ਦੀ ਲੋੜ ਹੈ।