April 23, 2026 12:27 am

ਭਿਆਨਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਤਲਵੰਡੀ ਸਾਬੋ, 25 ਜੁਲਾਈ (ਰਾਮ ਰੇਸ਼ਮ ਨਥੇਹਾ)- ਅੱਜ ਦਿਨ ਦੇ ਪਹਿਲੇ ਪਹਿਰ ਨਜਦੀਕੀ ਪਿੰਡ ਜਗਾ ਰਾਮ ਤੀਰਥ ਵਿਖੇ ਵਾਪਰੇ ਇੱਕ ਦਰਦਨਾਕ ਸੜਕੀ ਹਾਦਸੇ ਵਿੱਚ ਇੱਕੋ ਪਰਿਵਾਰ ਨਾਲ ਸਬੰਧਿਤ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਮਿਲੀ ਹੈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਜੋਗੇਵਾਲਾ ਨਿਵਾਸੀ ਹਰਦੇਵ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਨੂੰ ਨਾਲ ਲੈ ਕੇ ਬੀਤੀ ਰਾਤ ਆਪਣੇ ਜੱਦੀ ਪਿੰਡ ਜਗਾ ਰਾਮ ਤੀਰਥ ਵਿਖੇ ਰਹਿੰਦੇ ਆਪਣੇ ਭਰਾ ਸੁਖਦੇਵ ਸਿੰਘ ਨੂੰ ਮਿਲਣ ਲਈ ਪੁੱਜੇ ਸਨ।ਅੱਜ ਸਵੇਰੇ ਉਹ ਆਪਣੇ ਮੋਟਰਸਾਈਕਲ ਨੰ: ਪੀ.ਬੀ 31 ਜੇ 4984 ਤੇ ਸਵਾਰ ਹੋ ਕੇ ਜਦੋਂ ਵਾਪਿਸ ਪਿੰਡ ਜੋਗੇਵਾਲਾ ਜਾਣ ਲੱਗੇ ਤਾਂ ਉਨਾਂ ਦਾ ਭਤੀਜਾ ਅਮਰੀਕ ਸਿੰਘ ਵੀ ਉਨਾਂ ਨਾਲ ਜਾਣ ਲਈ ਤਿਆਰ ਹੋ ਗਿਆ।ਤਿੰਨੋ ਜਦੋਂ ਅਜੇ ਪਿੰਡ ਜਗਾ ਰਾਮ ਤੀਰਥ ਤੋਂ ਬਾਹਰ ਨਿੱਕਲ ਕੇ ਤਲਵੰਡੀ ਸਾਬੋ ਮਾਨਸਾ ਰੋਡ ਕਰਾਸ ਕਰਨ ਲੱਗੇ ਤਾਂ ਦੇਖਣ ਵਾਲਿਆਂ ਅਨੁਸਾਰ ਮਾਨਸਾ ਵਾਲੇ ਪਾਸਿਉਂ ਆ ਰਹੀ ਹੌਂਡਾ ਸਿਟੀ ਕਾਰ ਨੰ: ਐੱਚ.ਆਰ 05 ਐਕਸ 7621 ਨਾਲ ਉਸਦੀ ਜਬਰਦਸਤ ਟੱਕਰ ਹੋ ਗਈ।ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ।ਉਕਤ ਹਾਦਸੇ ਵਿੱਚ ਹਰਦੇਵ ਸਿੰਘ ਤੇ ਉਸਦੀ ਪਤਨੀ ਪਰਮਜੀਤ ਕੌਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਭਤੀਜੇ ਅਮਰੀਕ ਸਿੰਘ ਨੂੰ ਸਹਾਰਾ ਕਲੱਬ ਤਲਵੰਡੀ ਸਾਬੋ ਦੀ ਟੀਮ ਨੇ ਹੈਪੀ ਸਿੰਘ ਦੀ ਅਗਵਾਈ ਵਿੱਚ ਐਂਬੂਲੈਂਸ ਰਾਹੀਂ ਪਹਿਲਾਂ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਜਿੱਥੋਂ ਉਸਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਪਰ ਉਹ ਰਾਸਤੇ ਵਿੱਚ ਹੀ ਦਮ ਤੋੜ ਗਿਆ।ਉਕਤ ਮੌਤਾਂ ਨਾਲ ਜੋਗੇਵਾਲਾ ਅਤੇ ਜਗਾ ਰਾਮ ਤੀਰਥ ਪਿੰਡਾਂ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।ਪਿੰਡ ਜਗਾ ਰਾਮ ਤੀਰਥ ਦੇ ਮੁਹਤਬਰ ਜਸਵਿੰਦਰ ਸਿੰਘ ਜੈਲਦਾਰ ਅਨੁਸਾਰ ਉਕਤ ਸੜਕ ਦੋ ਮਹੀਨੇ ਪਹਿਲਾਂ ਹੀ ਪੁਰਾਣੀ ਸੜਕ ਤੇ ਬਣਾਈ ਗਈ ਹੈ ਤੇ ਇਸ ਤੋਂ ਪਹਿਲਾਂ ਪੁਰਾਣੀ ਸੜਕ ਤੇ ਹੰਪ ਬਣੇ ਹੋਏ ਸਨ ਜਿਸ ਨਾਲ ਵਾਹਨ ਚਾਲਕ ਹੌਲੀ ਕਰਕੇ ਲੰਘਾਉਦੇ ਸਨ ਪ੍ਰੰਤੂ ਸੜਕ ਨਵੀਂ ਬਣਾਉਣ ਵੇਲੇ ਹੰਪ ਪੁੱਟ ਦਿੱਤੇ ਗਏ ਜਿਸ ਕਾਰਨ ਹੁਣ ਵਾਹਨ ਹੌਲੀ ਨਹੀ ਹੁੰਦੇ ਤੇ ਅੱਜ ਦੇ ਹਾਦਸੇ ਦਾ ਮੁੱਖ ਕਾਰਨ ਇਹੀ ਹੈ।ਉੱਧਰ ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

Send this to a friend