Skip to content
Independent perspectives. Global stories.
BREAKING

ਭਾਰਤ ਚੀਨ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਕਰੇਗਾ 50 ਹਜ਼ਾਰ ਫੌਜੀ

Share this story

ਨਵੀਂ ਦਿੱਲੀ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਭਾਰਤ ਵੱਲੋਂ ਚੀਨ ਨਾਲ ਲੱਗਦੀ ਸਰਹੱਦ (ਅਸਲ ਕੰਟਰੋਲ ਰੇਖਾ) ‘ਤੇ 50 ਹਜ਼ਾਰ ਵਿਸ਼ੇਸ਼ ਫੌਜੀਆਂ ਦੀ ਤਾਇਨਾਤੀ ਕਰਨ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਭਾਰਤ ਵੱਲੋਂ ਇਹ ਕਦਮ ਇਸ ਕਾਰਨ ਚੁਕਿਆ ਜਾ ਰਿਹਾ ਹੈ ਕਿਉਂਕਿ ਚੀਨ ਵੱਲੋਂ ਸਰਹੱਦ ‘ਤੇ ਸ਼ਰਾਰਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਚੀਨ ਦੇ ਫੌਜੀਆਂ ਨੇ ਕਈ ਵਾਰ ਸਰਹੱਦ ਦਾ ਉਲੰਘਣ ਕੀਤਾ ਅਤੇ ਭਾਰਤੀ ਖੇਤਰਾਂ ਵਿਚ ਨਾਜਾਇਜ਼ ਤੌਰ ‘ਤੇ ਘੁਸਪੈਠ ਕੀਤੀ।  ਚੀਨ ਦੀ ਅਜਿਹੀ ਬਦਨੀਅਤੀ ਦੇ ਸੰਦਰਭ ਵਿਚ ਭਾਰਤੀ ਫੌਜ ਪਿਛਲੇ ਕਾਫੀ ਸਮੇਂ ਤੋਂ ਮੰਗ ਕਰ ਰਹੀ ਸੀ ਕਿ ਸਰਹੱਦ ‘ਤੇ ਫੌਜ ਦੀ ਇਕ ਅਜਿਹੀ ਇਕਾਈ ਤਾਇਨਾਤ ਕੀਤੀ ਜਾਵੇ ਜਿਹੜੀ ਚੀਨ ਦੀਆਂ ਹਰਕਤਾਂ ਦਾ ਤੁਰੰਤ ਜਵਾਬ ਦੇਣ ਲਈ ਤਿਆਰ ਹੋਵੇ। ਲਿਹਾਜ਼ਾ ਸਰਹੱਦ ‘ਤੇ ਫੌਜ ਦੀ ਹਮਲਾਵਰ ਸਮਰੱਥਾ ਵਧਾਉਣ ਲਈ ਸਰਕਾਰ ਨੇ ਇਕ ਕੋਰ ਦੇ ਗਠਨ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। ਇਸ ਕੋਰ ‘ਤੇ 65000 ਕਰੋੜ ਰੁਪਏ ਦੇ ਖਰਚ ਨਾਲ ਚੀਨ ਨਾਲ ਲੱਗਦੀ ਸਰਹੱਦ ‘ਤੇ 50 ਹਜ਼ਾਰ ਫੌਜੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ‘ਚ ਰੱਖਿਆ ਮਾਮਲਿਆਂ ਨਾਲ ਸੰਬੰਧਤ ਕਮੇਟੀ ਨੇ ਇਸ ਪ੍ਰਸਤਾਵ ‘ਤੇ ਮੋਹਰ ਲਾ ਦਿੱਤੀ ਹੈ। ਇਸ ਬੈਠਕ ‘ਚ ਕੈਬਨਿਟ ਦੇ ਸੀਨੀਅਰ ਮੰਤਰੀਆਂ ਤੋਂ ਇਲਾਵਾ ਥਲ ਸੈਨਾ ਦੇ ਜਰਨੈਲ ਬਿਕਰਮ ਸਿੰਘ ਅਤੇ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਐੱਨ. ਏ. ਕੇ. ਬ੍ਰਾਊਨ ਵੀ ਮੌਜੂਦ ਸਨ। ਫੌਜ ਦੀ ਇਸ ਨਵੀਂ ਕੋਰ ਦਾ ਹੈੱਡ ਕੁਆਰਟਰ ਪੱਛਮੀ ਬੰਗਾਲ ਦੇ ਪਾਨਾਗੜ੍ਹ ‘ਚ ਹੋਵੇਗਾ। ਇਸ ਕੋਰ ਦੀਆਂ 2 ਡਵੀਜ਼ਨਾਂ ਬਿਹਾਰ ਅਤੇ ਆਸਾਮ ‘ਚ ਹੋਣਗੀਆਂ ਜਦੋਂ ਕਿ ਇਸ ਦੀ ਇਕ ਯੂਨਿਟ ਜੰਮੂ-ਕਸ਼ਮੀਰ ਦੇ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ‘ਚ ਤਾਇਨਾਤ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਭਾਰਤੀ ਹਵਾਈ ਫੌਜ ਆਪਣੇ ਵਿਸ਼ੇਸ਼ ਹਲਕੇ ਜਹਾਜ਼ ਚੀਨ ਦੀ ਸਰਹੱਦ ‘ਤੇ ਤਾਇਨਾਤ ਕਰ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਭਾਰਤੀ ਫੌਜ ਕੋਲ ਤਿੰਨ ਹਮਲਾਵਰ ਕੋਰ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੀਆਂ ਹਰਕਤਾਂ ਨੂੰ ਧਿਆਨ ‘ਚ ਰੱਖਦੇ ਹੋਏ ਤਿਆਰ ਕੀਤਾ ਗਿਆ ਸੀ। ਇਨ੍ਹਾਂ ਤਿੰਨਾਂ ਕੋਰਾਂ ਦੇ ਹੈੱਡ ਕੁਆਰਟਰ ਮਥੁਰਾ, ਅੰਬਾਲਾ ਅਤੇ ਭੋਪਾਲ ‘ਚ ਹਨ। ਇਨ੍ਹਾਂ ਤਿੰਨਾਂ ਕੋਰਾਂ ‘ਚ ਸ਼ਾਮਲ ਜਵਾਨ ਰੇਗਿਸਤਾਨ ਅਤੇ ਮੈਦਾਨੀ ਇਲਾਕਿਆਂ ‘ਚ ਜੰਗ ਕਰਨ ਲਈ ਪੂਰੀ ਤਰ੍ਹਾਂ ਮਾਹਰ ਹਨ। ਚੀਨੀ ਖਤਰੇ ਨੂੰ ਧਿਆਨ ‘ਚ ਰੱਖ ਕੇ ਬਣਾਈ ਜਾਣ ਵਾਲੀ ਫੌਜ ਦੀ ਇਹ ਪਹਿਲੀ ਹਮਲਾਵਰ ਕੋਰ ਹੋਵੇਗੀ।

WRITTEN BY