ਲੁਧਿਆਣਾ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਸੌਦਾ ਸਾਧ ਦੇ ਚੇਲਿਆ ਵਿਰੁੱਧ ਸੀ.ਬੀ.ਆਈ. ਵੱਲੋਂ ਅਦਾਲਤ ‘ਚ ਪੇਸ਼ ਕੇਸ ਬੰਦ ਕਰਨ ਦੀ ਰਿਪੋਰਟ ਵਿਰੁੱਧ ਬੇਅਦਬੀ ਇਨਸਾਫ਼ ਮੋਰਚਾ ਵਲੋਂ ਸੰਘਰਸ਼ ਨੂੰ ਹੋਰ ਤੇਜ ਕਰਦਿਆਂ 19 ਅਗਸਤ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਗਿਆ। ਬੇਅਦਬੀ ਦੇ ਇਨਸਾਫ਼ ਲਈ ਸੰਘਰਸ਼ ‘ਚ ਨਿੱਤਰੀਆਂ ਸਿੱਖ ਜਥੇਬੰਦੀਆਂ ਦੀ ਸੰਘਰਸ਼ ਦੇ ਅਗਲੇਰੇ ਪ੍ਰੋਗਰਾਮ ਨੂੰ ਉਲੀਕਣ ਲਈ ਅੱਜ ਗੁਰਦੁਆਰਾ ਸਿੰਘ ਸਭਾ ਅਵਤਾਰ ਨਗਰ ਵਿਖੇ, ਮੀਟਿੰਗ ਸੱਦੀ ਗਈ। ਸਰਕਾਰ ਨੂੰ ਸਿੱਖ ਜਥੇਬੰਦੀਆਂ ਦੀ ਮੀਟਿੰਗ ਤੋਂ ਐਨਾ ਡਰ ਪੈਦਾ ਹੋ ਗਿਆ ਕਿ ਗੁਰਦੁਆਰਾ ਸਾਹਿਬ ਵਾਲੇ ਇਲਾਕੇ ਨੂੰ ਪੁਲਿਸ ਛਾਉਣੀ ‘ਚ ਬਦਲ ਦਿੱਤਾ ਅਤੇ ਗੁਰਦੁਆਰਾ ਸਾਹਿਬ ਨੂੰ ਆਉਂਦੇ ਸਾਰੇ ਰਾਹ ਬੈਰੀਕਾਡ ਲਾ ਕੇ ਬੰਦ ਕਰ ਦਿੱਤੇ ਗਏ।