April 22, 2026 7:28 pm

ਘੱਗਰ ਦਰਿਆ ‘ਚ ਡੁੱਬਣ ਕਾਰਨ 1 ਲੜਕੇ ਦੀ ਮੌਤ-2 ਨੂੰ ਲੋਕਾਂ ਨੇ ਬਚਾਇਆ

ਬਨੂੜ, 24 ਜੁਲਾਈ (ਦਇਆ ਸਿੰਘ, ਗੁਰਪਾਲ ਸਿੰਘ)- ਬਨੂੜ ਨੇੜਦੇ ਪਿੰਡ ਤੇਪਲਾ ਦੇ ਨੇੜੇ ਗੁਜ਼ਰਦੇ ਘੱਗਰ ਦਰਿਆ ਵਿੱਚ ਡੁੱਬਣ ਕਰਕੇ ਇੱਕ 14 ਸਾਲਾਂ ਨਾਬਾਲਗ ਲੜਕੇ ਦੀ ਮੌਤ ਹੋ ਗਈ ਜਦਕਿ 2 ਹੋਰ ਨਾਬਾਲਗ ਲੜਕਿਆਂ ਨੂੰ ਪਿੰਡ ਦੇ ਵਸਨੀਕਾਂ ਵੱਲੋਂ ਡੁੱਬਣ ਤੋਂ ਬਚਾ ਲਏ ਜਾਣ ਦਾ ਸਮਾਚਾਰ ਹੈ। ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਵਸਨੀਕ ਸੁਭਾਸ਼ ਕੁਮਾਰ ਦਾ ਲੜਕਾ ਅਜੇ ਕੁਮਾਰ ਰੋਜ਼ਾਨਾ ਬੱਕਰੀਆਂ ਚਾਰਨ ਲਈ ਘੱਗਰ ਦਰਿਆ ਦੇ ਨੇੜੇ ਜਾਂਦਾ ਸੀ ਬੀਤੀ ਸ਼ਾਮ ਨੂੰ ਜਦੋਂ ਉਹ ਨਾਬਾਲਗ ਲੜਕਾ ਆਪਣੇ ਦੋ ਹੋਰ ਸਾਥੀਆਂ ਨਾਲ ਬੱਕਰੀਆਂ ਨੂੰ ਲੈ ਕੇ ਦਰਿਆ ਦੇ ਕਿਨਾਰੇ ਚਰਾ ਰਹੇ ਸਨ ਤਾਂ ਉਹ ਦਰਿਆ ਵਿੱਚ ਨਹਾਉਣ ਲੱਗ ਪਏ ਤੇ ਅਚਾਨਕ ਉਹ ਇੱਕ ਡੂੰਘੇ ਟੋਏ ਵਿੱਚ ਡੁੱਬਣ ਲੱਗ ਪਏ ਜਦੋਂ ਉਨ੍ਹਾਂ ਬੱਚਿਆਂ ਨੇ ਰੌਲਾ ਪਾਇਆ ਤਾਂ ਨੇੜੇ ਹੀ ਖੇਤਾਂ ਵਿੱਚ ਕੰਮ ਕਰ ਰਹੇ ਪਿੰਡ ਦੇ ਨੌਜਵਾਨਾਂ ਨੇ 2 ਬੱਚਿਆਂ ਨੂੰ ਡੁੱਬਣ ਤੋਂ ਬਚਾ ਲਿਆ ਅਤੇ ਜਦੋਂ ਅਜੇ ਕੁਮਾਰ ਨੂੰ ਪਾਣੀ ਵਿੱਚੋਂ ਕੱਢਿਆ ਤਾਂ ਇਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਇਹ ਬੱਚੇ ਨਾ ਹੋਣ ਸਮੇਂ ਉਸ ਥਾਂ ਤੇ ਪਹੁੰਚ ਗਏ ਜਿਸ ਥਾਂ ਤੇ ਦੂਜੇ ਪਿੰਡਾਂ ਵੱਲੋਂ ਆਉਂਦੀ ਡਰੇਨ ਦਾ ਪਾਣੀ ਘੱਗਰ ਦਰਿਆ ਵਿੱਚ ਡਿੱਗਦਾ ਹੈ ਤੇ ਪਾਣੀ ਡਿੱਗਣ ਕਰਕੇ ਇਸ ਥਾਂ ਤੇ ਬਹੁਤ ਵੱਡਾ ਟੋਇਆ ਪੈ ਗਿਆ ਹੈ ਜੋ ਕਿ ਇਨ੍ਹਾਂ ਬੱਚਿਆਂ ਦੀ ਡੁੱਬਣ ਦਾ ਕਾਰਨ ਬਣਿਆ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੇ ਥਾਣਾ ਸ਼ੰਭੂ ਦੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਣ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend