April 22, 2026 9:58 am

ਭਾਰਤ ਨੇ ਰਚਿਆ ਇਤਿਹਾਸ-ਚੰਨ ਦੇ ਅਣਛੋਹੇ ਹਿੱਸੇ ਵੱਲ ਚੰਦਰਯਾਨ–2 ਰਵਾਨਾ

48 ਦਿਨਾਂ ਬਾਅਦ ਪਹੁੰਚੇਗਾ ਚੰਨ ਦੀ ਸਤ੍ਹਹ ‘ਤੇ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 22 ਜੁਲਾਈ- ਭਾਰਤ ਦਾ ਚੰਦਰਯਾਨ–2 ਅੱਜ ਸਫ਼ਲਤਾਪੂਰਬਕ ਪੁਲਾੜ ਵਿੱਚ ਜਾਣ ਲਈ ਦਾਗ਼ ਦਿੱਤਾ ਗਿਆ। ਬਾਅਦ ਦੁਪਹਿਰ ਠੀਕ 2:43 ਵਜੇ ਚੰਦਰਯਾਨ–2, ਚੰਨ ਦੇ ਉਸ ਹਨੇਰੇ ਹਿੱਸੇ ਲਈ ਰਵਾਨਾ ਹੋਇਆ, ਜਿੱਥੇ ਅੱਜ ਤੱਕ ਕੋਈ ਨਹੀਂ ਜਾ ਸਕਿਆ। ਇੰਝ ਅੱਜ ਭਾਰਤ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ। ਇੱਥੇ ਵਰਨਣਯੋਗ ਹੈ ਕਿ ਬੀਤੀ 15 ਜੁਲਾਈ ਨੂੰ ਚੰਦਰਯਾਨ–2 ਦੀ ਲਾਂਚਿੰਗ ਐਨ ਆਖ਼ਰੀ ਮੌਕੇ ਰੋਕ ਦਿੱਤੀ ਗਈ ਸੀ। ਵਿਗਿਆਨੀਆਂ ਨੇ ਤਦ ਦੱਸਿਆ ਸੀ ਕਿ ਲਾਂਚ ਵਾਹਨ ਵਿੱਚ ਕੁਝ ਤਕਨੀਕੀ ਨੁਕਸ ਕਾਰਨ ਉਹ ਪ੍ਰੋਗਰਾਮ ਟਾਲ਼ਿਆ ਗਿਆ ਸੀ। ਵਿਗਿਆਨੀਆਂ ਨੇ ਇਸਰੋ ਦੇ ਉਸ ਫ਼ੈਸਲੇ ਦੀ ਸ਼ਲਾਘਾ ਕੀਤੀ ਸੀ ਕਿਉਂਕਿ ਕੋਈ ਵੱਡਾ ਹਾਦਸਾ ਹੋਣ ਦੇਣ ਦੀ ਥਾਂ ਲਾਂਚਿੰਗ ਨੂੰ ਟਾਲ਼ ਦੇਣਾ ਬਿਹਤਰ ਸੀ। ਭਾਰਤ ਆਪਣੀ ਇਸ ਮਿਸ਼ਨ ਦੀ ਸਫ਼ਲਤਾ ਨਾਲ ਆਪਣੀ ਪੁਲਾੜ ਮੁਹਿੰਮ ਵਿੱਚ ਅਮਰੀਕਾ, ਰੂਸ ਤੇ ਚੀਨ ਦੇ ਬਰਾਬਰ ਹੋ ਜਾਵੇਗਾ। ਚੰਦਰਯਾਨ-2 ਨੂੰ ਚੇਨਈ ਤੋਂ ਕਰੀਬ 100 ਕਿਮੀ ਦੂਰ ਸਤੀਸ਼ ਧਵਨ ਪੁਲਾੜ ਕੇਂਦਰ ‘ਚ ਦੂਜੇ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ। ਇਸ ਮਿਸ਼ਨ ‘ਚ 978 ਕਰੋੜ ਰੁਪਏ ਖ਼ਰਚ ਹੋਏ ਹਨ। ਇਸ ਮਿਸ਼ਨ ਰਾਹੀਂ 11 ਸਾਲ ਬਾਅਦ ਇਸਰੋ ਵੱਲੋਂ ਚੰਨ ‘ਤੇ ਭਾਰਤ ਦਾ ਝੰਡਾ ਲਹਿਰਾਏਗਾ। ਇਹ ਭਾਰਤ ਦਾ ਦੂਜਾ ਚੰਨ ਮਿਸ਼ਨ ਹੈ।ਇਸ ਤੋਂ ਪਹਿਲਾਂ 2008 ‘ਚ ਚੰਦਰਯਾਨ-1 ਨੂੰ ਭੇਜਿਆ ਗਿਆ ਸੀ। ‘ਸਪੂਤਨਿਕ’ ਮੁਤਾਬਕ – ‘ਚੰਦਰਯਾਨ–2’ ਦੀ ਕੁੱਲ ਲਾਗਤ ਲਗਭਗ 12.4 ਕਰੋੜ ਡਾਲਰ ਹੈ, ਜਿਸ ਵਿੱਚ 3.1 ਕਰੋੜ ਡਾਲਰ ਸਿਰਫ਼ ਇਸ ਦੀ ਲਾਂਚਿੰਗ ਲਈ ਹੀ ਹੈ ਅਤੇ 9.3 ਕਰੋੜ ਡਾਲਰ ਇਸ ਉੱਪਗ੍ਰਹਿ ਨੂੰ ਤਿਆਰ ਕਰਨ ‘ਤੇ ਲੱਗੇ ਹਨ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਮੁਖੀ ਕੇ. ਰਾਧਾਕ੍ਰਿਸ਼ਨਨ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਭਾਰਤ ਦਾ ਮੂਨ–ਮਿਸ਼ਨ ਚੰਦਰਯਾਨ–2 ਰੋਬੋਟਿਕ ਪੁਲਾੜ ਖੋਜ ਦੀ ਦਿਸ਼ਾ ਵਿੱਚ ਦੇਸ਼ ਦਾ ਪਹਿਲਾ ਕਦਮ ਹੈ ਤੇ ਇਹ ਬਹੁਤ ਜ਼ਿਆਦਾ ਔਖਾ ਹੈ। ਇੰਡੀਅਨ ਇੰਸਟੀਚਿਊਟ ਆਫ਼ ਇਨਫ਼ਾਰਮੇਸ਼ਨ ਟੈਕਨਾਲੋਜੀ ਡਿਜ਼ਾਇਨ ਐਂਡ ਮੈਨੂਫ਼ੈਕਚਰਿੰਗ, ਕਾਂਚੀਪੁਰਮ ਦੀ ਸੱਤਵੀਂ ਕਨਵੋਕੇਸ਼ਨ ਮੌਕੇ ਸ੍ਰੀ ਰਾਧਾਕ੍ਰਿਸ਼ਨਨ ਨੇ ਇਹ ਵੀ ਦੱਸਿਆ ਸੀ ਕਿ ਚੰਨ ਦੇ ਪੰਧ ਵਿੱਚ ਪਰਿਕਰਮਾ ਕਰਨ ਵਾਲੇ ਵਿਕਰਮ ਕੋਲ ਲਗਭਗ 6,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦਿਆਂ ਖ਼ੁਦ ਆਪਣੀ ਰਫ਼ਤਾਰ ਘੱਟ ਤੇ ਵੱਧ ਕਰਨ ਦੀ ਸਮਰੱਥਾ ਹੋਵੇਗੀ। ਕਿਸੇ ਪੁਲਾੜੀ ਧਰਤੀ ਉੱਤੇ ਉੱਤਰਨ ਦੀ ਇਸਰੋ ਦੀ ਇਹ ਪਹਿਲੀ ਮੁਹਿੰਮ ਹੈ। ਚੰਦਰਯਾਨ-2 ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਹੈ। ਪਹਿਲਾ ਆਰਬਿਟਰ ਹੈ ਜੋ ਚੰਨ ਦੇ ਨੇੜੇ ਰਹੇਗਾ। ਦੂਜਾ ਹੈ ਲੈਂਡਰ ਜੋ ਇਸ ਦੀ ਸਤ੍ਹਹ ‘ਤੇ ਉਤਰੇਗਾ ਤੇ ਤੀਜਾ ਰੋਵਰ ਹੈ ਜੋ ਇਸ ਦੇ ਆਲੇ-ਦੁਆਲੇ ਘੁੰਮੇਗਾ। ਇਹ ਆਪਣਾ 3 ਲੱਖ 84 ਹਜ਼ਾਰ ਕਿਮੀ ਦੀ ਦੂਰੀ ਤੈਅ ਕਰਨ ਤੋਂ ਬਾਅਦ ਚੰਨ ‘ਤੇ ਉਤਰੇਗਾ। ਚੰਦਰਯਾਨ-2 ਨੂੰ ਚੰਨ ਦੀ ਸਤ੍ਹਹ ‘ਤੇ ਲੈਂਡ ਕਰਨ ‘ਚ ਕਰੀਬ 48 ਦਿਨ ਲੱਗਣਗੇ। ਇਹ ਮਿਸ਼ਨ ਇਸਰੋ ਲਈ ਮੀਲ ਦਾ ਪੱਥਰ ਸਾਬਿਤ ਹੋ ਸਕਦਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਇਸਰੋ ਚੰਨ ‘ਤੇ ਰੋਵਰ ਉਤਾਰ ਰਿਹਾ ਹੈ। ਇਸ ਮਿਸ਼ਨ ਦੇ ਕਾਮਯਾਬ ਹੋਣ ਤੋਂ ਬਾਅਦ ਭਾਰਤ ਚੌਥਾ ਅਜਿਹਾ ਦੇਸ਼ ਹੋ ਜਾਵੇਗਾ, ਜਿਸ ਦਾ ਰੋਵਰ ਦੂਜੇ ਉਪਗ੍ਰਹਿ ‘ਤੇ ਉਤਰੇਗਾ।

Send this to a friend