ਸਮਰਾਲਾ, 12 ਜੁਲਾਈ (ਕਮਲਜੀਤ, ਬੌਦਲੀ)- ਡਾ. ਗੀਤਾ ਨੇ ਸਿਵਲ ਹਸਪਤਾਲ ਲੁਧਿਆਣਾ ਤੋਂ ਬਦਲ ਕੇ ਸਿਵਲ ਹਸਪਤਾਲ ਸਮਰਾਲਾ ਵਿਖੇ ਐਸ ਐਮ ਓ ਦਾ ਆਹੁਦਾ ਸੰਭਾਲ ਲਿਆ ਹੈ ਉਹਨਾਂ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਹੈ ਕਿ ਜੋ ਵੀ ਸਿਵਲ ਹਸਪਤਾਲ ਸਮਰਾਲਾ ਵਿੱਚ ਕਮੀਆਂ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਜਿੱਥੇ ਮਰੀਜਾਂ ਲਈ ਪਰਚੀਆਂ ਕੱਟੀਆਂ ਜਾਂਦੀਆਂ ਹਨ ਉਥੇ ਮੇਨ ਹੋਲ ਦਾ ਢੱਕਣ ਖੁੱਲਾ ਸੀ ਉਸ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਸਿਵਲ ਹਸਪਤਾਲ ਵਿੱਚ ਕਿਸੇ ਵੀ ਮਰੀਜ ਨੂੰ ਸ਼ਿਕਾਇਤ ਦਾ ਮੌਕਾ ਨਹੀ ਦਿੱਤਾ ਜਾਵੇਗਾ ਜੇਕਰ ਕਿਸੇ ਮਰੀਜ ਜਾਂ ਕਿਸੇ ਵਿਅਕਤੀ ਨੂੰ ਸਟਾਫ ਦੇ ਸਬੰਧ ਵਿੱਚ ਕੋਈ ਸ਼ਿਕਾਇਤ ਜਾਂ ਕਮੀ ਮਹਿਸੂਸ ਹੁੰਦੀ ਹੈ ਤਾਂ ਉਹ ਮੈਨੂੰ ਮੇਰੇ ਦਫਤਰ ਵਿੱਚ ਆ ਕੇ ਮਿਲ ਸਕਦਾ ਹੈ। ਸਿਵਲ
ਹਸਪਤਾਲ ਦੇ ਬਲੱਡ ਬੈਕ ਬਾਰੇ ਡਾ ਗੀਤਾ ਨੇ ਕਿਹਾ ਕਿ ਬੀ ਟੀ ਓ ਦੇ ਤਾਇਨਾਤ ਹੁੰਦੇ ਹੀ ਬਲੱਡ ਬੈਕ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਹਸਪਤਾਲ ਵਿੱਚ ਜੋ ਵੀ ਡਾਕਟਰਾਂ ਦੀ ਕਮੀ ਹੈ ਉਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਜਲਦੀ ਤੋ ਜਲਦੀ ਨਵੇ ਡਾਕਟਰਾਂ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਹਸਪਤਾਲ ਵਿੱਚ ਬਰਸਾਤੀ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਿਹਨਾਂ ਵਿੱਚ ਡਾਇਰੀਆ, ਮਲੇਰੀਆ ਅਤੇ ਡੇਂਗੂ ਆਦਿ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਇਸ ਮੌਕੇ ਡਾ. ਗੀਤਾ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਵਲ ਹਸਪਤਾਲ ਸਮਰਾਲਾ ਨੂੰ ਆਪਣਾ ਪੂਰਾ ਸਹਿਯੋਗ ਦੇਣ।