ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਗੈਰ-ਕਾਨੂੰਨੀ ਸੰਗਠਨ ਦੇ ਵਜੋਂ ਸਿੱਖ ਫਾਰ ਜਸਟਿਸ (ਐਸ.ਐਫ.ਜੇ) ‘ਤੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈ.ਐਸ.ਆਈ ਦਾ ਸਮਰਥਨ ਪ੍ਰਾਪਤ ਇਸ ਸੰਗਠਨ ਦੀਆਂ ਭਾਰਤ ਵਿਰੋਧੀ ਵੱਖਵਾਦੀ ਕਾਰਵਾਈਆਂ ਤੋਂ ਦੇਸ਼ ਦੀ ਸੁਰੱਖਿਆ ਕਰਨ ਪ੍ਰਤੀ ਇਹ ਇੱਕ ਪਹਿਲਾ ਕਦਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਆਖਿਰਕਾਰ ਕੇਂਦਰ ਸਰਕਾਰ ਨੇ ਇਸ ਸੰਗਠਨ ਵਿਰੁੱਧ ਕਾਰਵਾਈ ਕਰਨ ਦੀ ਆਪਣੀ ਇੱਛਾ ਪ੍ਰਗਟਾਈ ਹੈ ਜਿਸ ਨੇ ‘ਸਿਖ ਰਾਏਸ਼ੁਮਾਰੀ 2020’ ਬਾਰੇ ਸਾਜਸ਼ੀ ਮੁਹਿੰਮ ਪਾਕਿਸਤਾਨ ਦੀ ਆਈ.ਐਸ.ਆਈ ਦੇ ਸਮਰਥਨ ਨਾਲ ਚਲਾਈ ਹੈ। ਇਸ ਨੂੰ 2014 ਵਿੱਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਹਿੱਤਾਂ ਦੇ ਮੱਦੇਨਜ਼ਰ ਐਸ.ਐਫ.ਜੇ. ਅਤੇ ਇਸ ਨਾਲ ਸਬੰਧਤਾਂ ਵਿਰੁੱਧ ਜ਼ੋਰਦਾਰ ਹਮਲਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਵਧੇਰੇ ਸਰਗਰਮੀ ਨਾਲ ਕਦਮ ਚੁੱਕੇ ਜਾਣੇ ਚਾਹੀਦੇ ਹਨ।