ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਦੇ ਸਰਕਾਰੀ ਸਮਾਗਮਾਂ ਲਈ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਵੱਲੋਂ ਸਹਿਯੋਗ ਦੀ ਪੇਸ਼ਕਸ਼

ਸਭਿਆਚਾਰਕ ਮੰਤਰੀ ਵਲੋਂ ਪ੍ਰਸਤਾਵ ਨੂੰ ਸਹਿਮਤੀ, ਮੁੱਖ ਮੰਤਰੀ ਨਾਲ ਵਿਚਾਰਨ ਉਪਰੰਤ ਰਸਮੀ ਪ੍ਰਵਾਨਗੀ ਦਿੱਤੀ ਜਾਵੇਗੀ

ਚੰਡੀਗੜ, 8 ਜੁਲਾਈ: ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਦੇ ਪ੍ਰਧਾਨ ਸ. ਪ੍ਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਪ੍ਰੋਫੈਸਰ ਨਿਰਮਲ ਜੌੜਾ, ਚੇਅਰਮੈਨ ਇੰਦਰਜੀਤ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਕੈਪਟਨ ਹਰਜਿੰਦਰ ਸਿੰਘ ਅਤੇ ਸਰਪੰਚ ਸ ਜਗਜਿੰਦਰਾ ਸਿੰਘ ਨੇ ਅੱਜ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੇ ਕੈਂਪ ਦਫਤਰ ਵਿਖੇ ਮੁਲਾਕਾਤ ਕੀਤੀ।ਇਸ ਮੌਕੇ ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਨੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਮਾਗਮਾਂ ਵਿੱਚ ਭਾਗੀਦਾਰ ਬਣਨ ਲਈ ਪ੍ਰਸਤਾਵ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਕੋਲ ਰੱਖਿਆ।ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਨੇ ਪ੍ਰਤਾਵ ਪੇਸ਼ ਕੀਤਾ ਹੈ ਕਿ ਫਾਂਉਡੇਸ਼ਨ ਇਹਨਾਂ ਸਮਾਗਮਾਂ ਵਿੱਚ ਨਿਰੋਲ ਧਾਰਮਿਕ ਅਤੇ ਬਾਬਾ ਨਾਨਕ ਜੀ ਦੀਆਂ ਸਿੱਖਿਆ ਦੇ ਆਧਾਰ ‘ਤੇ ਹੀ ਸੰਗੀਤਕ ਪੇਸਕਾਰੀਆਂ ਸਬੰਧੀ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਹੈ।ਫਾਊਡੇਸਨ ਵੱਲੋਂ ਢਾਡੀ, ਕਵੀਸਰ, ਧਾਰਮਿਕ ਸੰਗੀਤ, ਧਾਰਮਿਕ ਨਾਟਕ ਅਤੇ ਬਾਬਾ ਨਾਨਕ ਜੀ ਦੇ ਜੀਵਨ ਅਧਾਰਤ ਪ੍ਰਦਰਸਨੀਆਂ ਲਾਈਆਂ ਜਾਣ ਬਾਰੇ ਪ੍ਰਸਤਾਵ ਪੇਸ਼ ਕੀਤਾ ਗਿਆ।ਸ. ਚੰਨੀ ਨੇ ਇਸ ਪ੍ਰਸਤਾਵ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਵਲੋਂ ਦਿੱਤੇ ਗਏ ਪ੍ਰਸਤਾਵ ਨਾਲ ਉਹ ਮੁਢਲੇ ਰੂਪ ਵਿਚ ਸਹਿਮਤ ਹਨ, ਪਰ ਇਸ ਨੂੰ ਅਮਲੀ ਰੂਪ ਵਿਚ ਪ੍ਰਵਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਕਰਨ ਕਰਨ ਉਪਰੰਤ ਦਿੱਤੀ ਜਾਵੇਗੀ।ਪੰਜਾਬ ਦੇ ਸਭਿਆਚਾਰਕ ਮਾਮਲ਼ਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿਹਾ ਕਿ ਅਵਾਮ ਦੀ ਸੱਭਿਆਚਾਰਕ ਤੰਦਰੁਸਤੀ ਹੀ ਕਿਸੇ ਕੌਮ ਦੀ ਕਾਮਯਾਬੀ ਦਾ ਰਾਜ ਹੁੰਦੀ ਹੈ।ਸ. ਚੰਨੀ ਨੇ ਕਿਹਾ ਕਿ ਪੰਜਾਬ ਅਤੇ ਵਿਦੇਸਾਂ ਵਿੱਚ ਪੰਜਾਬੀ ਸਭਿਆਚਾਰ, ਸਾਹਿਤ, ਕਲਾ, ਗੀਤ ਸੰਗੀਤ ਲਈ ਯਤਨਸੀਲ ਸੰਸਥਾਵਾਂ ਜੇਕਰ ਇੱਕਠਿਆਂ ਹੋਕੇ ਇੱਕ ਮੰਚ ਕੰਮ ਕਰਨ ਤਾਂ ਅਸੀਂ ਪੰਜਾਬ ਨੂੰ ਹੋਰ ਚੜਦੀ ਕਲਾ ਵੱਲ ਲੈਜਾ ਸਕਦੇ ਹਾਂ। ਉਨ੍ਹਾਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸਨ ਵੱਲੋਂ ਪੰਜਾਬ ਵਿੱਚ ਤੋਰੀ ਸਭਿਆਚਾਰਕ ਲਹਿਰ ਦੀ ਸਲਾਘਾ ਵੀ ਕੀਤੀ। ਉਹਨਾਂ ਕਿਹਾ ਸਮਾਜਿਕ ਬੁਰਾਈਆਂ ਅਤੇ ਦੇਸ ਦੀਆ ਦੁਸਮਣ ਤਾਕਤਾਂ ਦਾ ਟਾਕਰਾ ਕਰਨ ਲਈ ਸਾਰਥਿਕ ਗੀਤ ਸੰਗੀਤ, ਉਸਾਰੂ ਸਾਹਿਤ , ਕੋਮਲ ਕਲਾਵਾਂ ਅਤੇ ਵਿਰਾਸਤੀ ਕਲਾਵਾਂ ਦਾ ਗਿਆਨ ਹੀ ਤਾਕਤ ਬਣਦਾ ਹੈ।ਸ. ਚੰਨੀ ਵੱਲੋਂ ਫਾਊਂਡੇਸਨ ਦੇ ਇਸ ਪ੍ਰਸਤਾਵ ਨੂੰ ਦਿੱਤੇ ਉਤਸਾਹੀ ਹੁੰਗਾਰੇ ਲਈ ਪ੍ਰੋ ਨਿਰਮਲ ਜੌੜਾ ਨੇ ਸ. ਚੰਨੀ ਦਾ ਧੰਨਵਾਦ ਕੀਤਾ।

Send this to a friend