Skip to content
Independent perspectives. Global stories.
BREAKING

ਜੇਲ ਮੰਤਰੀ ਨੇ ਸੁਖਬੀਰ ਬਾਦਲ ਨੂੰ ਚਿੱਠੀ ਲਿਖ ਕੇ ਵੰਗਾਰਿਆ

Share this story

ਸਾਬਕਾ ਗ੍ਰਹਿ ਮੰਤਰੀ ਨੂੰ ਜੇ ਜੇਲ ਮੈਨੂਅਲ ਪਤਾ ਹੁੰਦੇ ਤਾਂ ਲੁਧਿਆਣਾ ਜੇਲ ਘਟਨਾ ਬਾਰੇ ਬੇਤੁਕਾ ਬਿਆਨ ਨਾ ਦਿੰਦਾ: ਰੰਧਾਵਾ

ਚੰਡੀਗੜ – ਲੁਧਿਆਣਾ ਕੇਂਦਰੀ ਜੇਲ ਮੰਤਰੀ ਵਿੱਚ ਕੈਦੀਆਂ ਵੱਲੋਂ ਕੀਤੀ ਹਿੰਸਾ ਉਪਰ ਟਿੱਪਣੀਆਂ ਕਰ ਕੇ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵੰਗਾਰਦਿਆਂ ਕਿਹਾ ਹੈ ਕਿ ਜੇਕਰ ਸਾਬਕਾ ਗ੍ਰਹਿ ਮੰਤਰੀ ਨੂੰ ਜੇਲ ਮੈਨੂਅਲ ਬਾਰੇ ਪਤਾ ਹੁੰਦਾ ਤਾਂ ਉਹ ਉਨਾਂ ਦਾ ਅਸਤੀਫਾ ਮੰਗ ਕੇ ਆਪਣੇ ਬੌਧਿਕ ਹਲਕੇਪਣ ਦਾ ਪ੍ਰਗਟਾਵਾ ਨਾ ਕਰਦੇ।ਸ. ਰੰਧਾਵਾ ਨੇ ਸਾਬਕਾ ਉਪ ਮੁੱਖ ਮੰਤਰੀ ਨੂੰ ਚਿੱਠੀ ਲਿਖਦਿਆਂ ਕਿਹਾ ਹੈ ਕਿ ਜੇਕਰ ਉਨਾਂ ਨੇ ਆਪਣੇ ਕਾਰਜਕਾਲ ਦੌਰਾਨ ਜੇਲ ਮੈਨੂਅਲ ਨਹੀਂ ਪੜੇ ਤਾਂ ਉਹ ਹੁਣ ਜੇਲ ਮੈਨੂਅਲ ਦੀ ਧਾਰਾ 363 ਤੋਂ 367 ਪੜ ਲੈਣ (ਜਿਸ ਨੂੰ ਪੱਤਰ ਨਾਲ ਨੱਥੀ ਕੀਤਾ ਹੈ) ਜਿਸ ਵਿੱਚ ਸਪੱਸ਼ਟ ਲਿਖਿਆ ਹੈ ਕਿ ਜੇਲ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਨਜਿੱਠਣ ਲਈ ਹਥਿਆਰ ਚਲਾਉਣ ਦੇ ਜੇਲ ਅਧਿਕਾਰੀਆਂ ਨੂੰ ਪੂਰਨ ਅਧਿਕਾਰ ਹੁੰਦੇ ਹਨ।ਸ. ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਲੁਧਿਆਣਾ ਵਿੱਚ ਕੈਦੀਆਂ ਵੱਲੋਂ ਕੀਤੀ ਹਿੰਸਾ ਉਪਰੰਤ ਕੀਤੀ ਗੋਲਾਬਾਰੀ ਦੀ ਤੁਲਨਾ ਬਹਿਬਲ ਕਲਾਂ ਗੋਲੀ ਕਾਂਡ ਨਾਲ ਕਰ ਕੇ ਸਿੱਖ ਕੌਮ ਦੀ ਤੌਹੀਨ ਕੀਤੀ ਹੈ ਜਿਸ ਲਈ ਉਹ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗੇ। ਉਨਾਂ ਕਿਹਾ ਕਿ ਬਹਿਬਲ ਕਲਾਂ ਵਿਖੇ ਸ਼ਾਂਤਮਈ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਾਉਣ ਦੀ ਮੰਗ ਕਰਦਿਆਂ ਗੁਰਬਾਣੀ ਕੀਰਤਨ ਕਰ ਰਹੇ ਸਿੱਖਾਂ ਦੀ ਤੁਲਨਾ ਕੈਦੀਆਂ ਨਾਲ ਬਿਲਕੁਲ ਨਹੀਂ ਕੀਤੀ ਜਾ ਸਕਦੀ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅਜਿਹੀ ਕੀਤੀ ਤੁਲਨਾ ਕਿਧਰੇ ਵੀ ਹਜ਼ਮ ਹੋਣ ਵਾਲੀ ਗੱਲ ਨਹੀਂ।ਸੀਨੀਅਰ ਕਾਂਗਰਸੀ ਆਗੂ ਨੇ ਅਕਾਲੀ ਦਲ ਪ੍ਰਧਾਨ ਨੂੰ ਇਹ ਵੀ ਚੇਤੇ ਕਰਵਾਇਆ ਹੈ ਕਿ ਕਿਵੇਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਗੈਂਗਸਟਰ ਜੇਲਾਂ ਵਿੱਚੋਂ ਭੱਜਦੇ ਰਹੇ। ਉਨਾਂ ਕੁਝ ਪਿਛਲੀਆਂ ਘਟਨਾਵਾਂ ਦੇ ਵੇਰਵੇ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਨਾਭਾ ਜੇਲ ਵਿੱਚੋਂ ਵਿੱਕੀ ਗੌਂਡਰ ਸਣੇ ਕਈ ਗੈਂਸਸਟਰ ਫਰਾਰ ਹੋਏ ਸਨ ਜਿਨਾਂ ਨੂੰ ਫੜਨ ਵਿੱਚ ਸਰਕਾਰ ਨਾਕਾਮ ਰਹੀ। 2015 ਵਿੱਚ ਬਠਿੰਡਾ ਜੇਲ ਵਿੱਚ ਗੋਲੀ ਚੱਲਣ ਨਾਲ ਦੋ ਕੈਦੀ ਜ਼ਖ਼ਮੀ ਹੋਏ। ਇਸ ਘਟਨਾ ਵਿੱਚ ਬਦਨਾਮ ਅਪਰਾਧੀ ਗੁਰਜੀਤ ਸਿੰਘ ਮਹਿਲਕਲਾਂ ਸ਼ਾਮਲ ਸੀ। ਇਸੇ ਤਰਾਂ 2016 ਵਿੱਚ ਫੇਰ ਬਠਿੰਡਾ ਜੇਲ ਵਿੱਚ ਹਿੰਸਾ ਹੋਈ। 2011 ਵਿੱਚ ਕਪੂਰਥਲਾ ਜੇਲ ਵਿੱਚ ਹਿੰਸਾ ਹੋਈ। ਅੰਮ੍ਰਿਤਸਰ ਜੇਲ ਵਿੱਚ ਤਿੰਨ ਵਾਰ (7 ਜਨਵਰੀ 2008, 31 ਜਨਵਰੀ 2008 ਤੇ 29 ਅਗਸਤ 2008) ਦੰਗੇ ਹੋਏ।
ਪੰਜਾਬ ਦੀਆਂ ਜੇਲਾਂ ਵਿੱਚ ਸੀ.ਆਰ.ਪੀ.ਐਫ. ਤਾਇਨਾਤ ਕੀਤੇ ਜਾਣ ਸਬੰਧੀ ਜੇਲ ਮੰਤਰੀ ਨੇ ਕਿਹਾ ਕਿ ਉਨਾਂ ਵੱਲੋਂ ਪਹਿਲਾਂ ਹੀ ਇਸ ਦੀ ਮੰਗ ਕੀਤੀ ਜਾ ਚੁੱਕੀ ਹੈ ਜਿਸ ਸਬੰਧੀ 8 ਅਕਤੂਬਰ 2018 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਪਹੁੰਚ ਕੀਤੀ ਗਈ ਸੀ। ਉਨਾਂ ਸੁਖਬੀਰ ਬਾਦਲ ਨੂੰ ਕਿਹਾ ਕਿ ਉਨਾਂ ਦੀ ਕੇਂਦਰ ਸਰਕਾਰ ਵਿੱਚ ਭਾਈਵਾਲੀ ਹੈ ਅਤੇ ਜੇ ਉਹ ਸੱਚਮੁੱਚ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਬਾਰੇ ਚਿੰਤਤ ਹਨ ਤਾਂ ਆਪਣੇ ਭਾਈਵਾਲਾਂ ਨੂੰ ਕਹਿ ਕੇ ਪੰਜਾਬ ਦੀਆਂ ਉਚ ਸੁਰੱਖਿਆ ਜੇਲਾਂ ਵਿੱਚ ਸੀ.ਆਰ.ਪੀ.ਐਫ. ਦੀ ਤਾਇਨਾਤੀ ਕਰਵਾਉਣ।ਅੰਤ ਵਿੱਚ ਸ. ਰੰਧਾਵਾ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਨਾਂ ਵੱਲੋਂ ਲਿਖੇ ਇਸ ਪੱਤਰ ਦੀ ਕਿਸੇ ਵੀ ਦਲੀਲ ਬਾਰੇ ਜੇ ਕੋਈ ਸਪੱਸ਼ਟੀਕਰਨ ਲੈਣਾ ਹੋਵੇ ਤਾਂ ਉਹ ਪੁੱਛ ਸਕਦੇ ਹਨ ਤਾਂ ਜੋ ਉਨਾਂ ਦੇ ਗਿਆਨ ਵਿੱਚ ਹੋਰ ਵਾਧਾ ਕੀਤਾ ਜਾ ਸਕੇ।

WRITTEN BY