May 28, 2026 12:17 am

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰੀ ਜੇਲ ਲੁਧਿਆਣਾ ਦਾ ਦੌਰਾ

ਬਹਾਦਰੀ ਨਾਲ ਮੁਕਾਬਲਾ ਕਰਨ ਵਾਲੇ ਅਧਿਕਾਰੀਆਂ ਨੂੰ 5 ਹਜ਼ਾਰ ਰੁਪਏ ਨਗਦ ਇਨਾਮ, ਪ੍ਰਸੰਸਾ ਪੱਤਰ ਤੇ ਤਰੱਕੀ ਦੇਣ ਦਾ ਐਲਾਨ
ਲੁਧਿਆਣਾ – ਪੰਜਾਬ ਦੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੇ ਜ਼ਿਲਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੇਂਦਰੀ ਜੇਲ ਲੁਧਿਆਣਾ ਦਾ ਦੌਰਾ ਕੀਤਾ ਜਿੱਥੇ ਕੱਲ ਹਿੰਸਾ ਵਾਪਰੀ ਸੀ। ਸ. ਰੰਧਾਵਾ ਨੇ ਜੇਲ ਦਾ ਦੌਰਾ ਕਰਦਿਆਂ ਉਚ ਸੁਰੱਖਿਆ ਜ਼ੋਨ ਤੇ ਸਾਰੀਆਂ ਬੈਰਕਾਂ ਤੋਂ ਇਲਾਵਾ ਉਨਾਂ ਸਾਰੀਆਂ ਥਾਵਾਂ ਦਾ ਨਿਰੀਖਣ ਕੀਤਾ ਗਿਆ ਜਿੱਥੇ ਬੀਤੇ ਕੱਲ ਕੈਦੀਆਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਸੀ।ਡੀ.ਜੀ.ਪੀ. (ਜੇਲਾਂ) ਸ੍ਰੀ ਰੋਹਿਤ ਚੌਧਰੀ ਨੇ ਜੇਲ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਪੂਰੇ ਘਟਨਾਕ੍ਰਮ ਦਾ ਪਿਛੋਕੜ ਦੱਸਦਿਆਂ ਕਿਹਾ ਕਿ ਇਸ ਪਿੱਛੇ ਕੁਝ ਗੈਂਗਸਟਰਾਂ ਵੱਲੋਂ ਸਾਜਿਸ਼ ਘੜੀ ਗਈ ਜਿਹੜੇ ਜੇਲ ਪ੍ਰਸ਼ਾਸਨ ਤੋਂ ਇਸ ਗੱਲੋਂ ਔਖੇ ਸਨ ਕਿ ਉਨਾਂ ਨੂੰ ਉਚ ਸੁਰੱਖਿਆ ਜ਼ੋਨ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਇਨਾਂ ਨੂੰ ਜੇਲ ਅੰਦਰ ਪਾਬੰਦੀਸ਼ੁਦਾ ਚੀਜ਼ਾਂ ਲਿਜਾਣ ਤੋਂ ਰੋਕਿਆ ਜਾਂਦਾ ਹੈ।ਸ. ਰੰਧਾਵਾ ਜੇਲ ਅਧਿਕਾਰੀਆਂ ਨੂੰ ਵੀ ਮਿਲੇ ਜਿਨਾਂ ਨੇ ਕੱਲ ਦਲੇਰੀ ਤੇ ਹਿੰਮਤ ਨਾਲ ਬੇਕਾਬੂ ਹੋਏ ਕੈਦੀਆਂ ਨੂੰ ਨੱਥ ਪਾਉਣ ਵਿੱਚ ਅਹਿਮ ਰੋਲ ਨਿਭਾਇਆ। ਜੇਲ ਮੰਤਰੀ ਨੇ ਇਨਾਂ ਨੂੰ ਪ੍ਰਤੀ ਅਧਿਕਾਰੀ/ਕਰਮਚਾਰੀ 5,000 ਰੁਪਏ ਪ੍ਰੋਤਸਾਹਨ ਵਜੋਂ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਇਨਾਂ ਨੂੰ ਪ੍ਰਸੰਸਾ ਪੱਤਰ ਦੇ ਨਾਲ ਉਨਾਂ ਦੀ ਪਦਉਨਤੀ ਕਰਨ ਦਾ ਐਲਾਨ ਕੀਤਾ। ਜੇਲ ਮੰਤਰੀ ਨੇ ਉਨਾਂ ਕੈਦੀਆਂ ਦੀ ਵੀ ਪ੍ਰਸੰਸਾ ਕੀਤੀ ਜਿਨਾਂ ਨੇ ਸਥਿਤੀ ਨੂੰ ਕੰਟੋਰਲ ਕਰਨ ਲਈ ਜੇਲ ਅਧਿਕਾਰੀਆਂ ਦੀ ਮੱਦਦ ਕੀਤੀ। ਇਨਾਂ ਕੈਦੀਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ।ਜੇਲ ਮੰਤਰੀ ਨੇ ਇਸ ਦੌਰੇ ਮੌਕੇ ਮਹਿਸੂਸ ਕੀਤਾ ਕਿ ਭੀੜ ਨੂੰ ਕਾਬੂ ਵਿੱਚ ਲਿਆਉਣ ਲਈ ਅੱਥਰੂ ਗੈਸ ਨੇ ਅਹਿਮ ਰੋਲ ਨਿਭਾਇਆ ਜਿਸ ਕਾਰਨ ਉਨਾਂ ਮੌਕੇ ‘ਤੇ ਹੀ ਡੀ.ਜੀ.ਪੀ. ਨਾਲ ਗੱਲ ਕਰਦਿਆਂ ਜੇਲ ਵਿਭਾਗ ਨੂੰ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਮੁਹੱਈਆ ਕਰਨ ਲਈ ਕਿਹਾ ਤਾਂ ਜੋ ਭਵਿੱਖ ਵਿੱਚ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾਵੇ।ਸ. ਰੰਧਾਵਾ ਨੇ ਕੱਲ ਦੀ ਘਟਨਾ ਵਿੱਚ ਜ਼ਖ਼ਮੀ ਹੋਏ ਜੇਲ ਅਧਿਕਾਰੀਆਂ ਅਤੇ ਕੈਦੀਆਂ ਦੀ ਸਿਹਤ ਬਾਰੇ ਵੀ ਜਾਣਕਾਰੀ ਲਈ ਜਿਹੜੇ ਇਸ ਵੇਲੇ ਜੇਲ ਹਸਪਤਾਲ, ਸਿਵਲ ਹਸਪਤਾਲ ਤੇ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਹਨ। ਜੇਲ ਮੰਤਰੀ ਨੇ ਕੇਂਦਰੀ ਜੇਲ ਦੇ ਅਧਿਕਾਰੀਆਂ ਵੱਲੋਂ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਸਥਿਤੀ ਨੂੰ ਕੰਟੋਰਲ ਕਰਨ ਨਿਭਾਈ ਭੂਮਿਕਾ ਉਤੇ ਵੀ ਤਸੱਲੀ ਪ੍ਰਗਟਾਈ।ਇਸ ਮੌਕੇ ਪ੍ਰਮੁੱਖ ਸਕੱਤਰ (ਜੇਲਾਂ) ਸ੍ਰੀ ਹੁਸਨ ਲਾਲ, ਡੀ.ਜੀ.ਪੀ. (ਜੇਲਾਂ) ਸ੍ਰੀ ਰੋਹਿਤ ਚੌਧਰੀ, ਆਈ.ਜੀ. (ਜੇਲਾਂ) ਸ੍ਰੀ ਆਰ.ਕੇ.ਅਰੋੜਾ, ਡੀ.ਆਈ.ਜੀ. (ਜੇਲਾਂ) ਸ੍ਰੀ ਐਸ.ਐਸ.ਸੈਣੀ ਤੇ ਸ੍ਰੀ ਐਲ.ਐਸ.ਜਾਖੜ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅੱਗਰਵਾਲ ਸਣੇ ਜੇਲ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।

Send this to a friend