May 27, 2026 10:59 pm

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ

ਮਹਾਰਾਜਾ ਰਣਜੀਤ ਸਿੰਘ ਸੱਚ ਦਾ ਪਾਰਖੂ ਤੇ ਨਿਆਪਸੰਦ ਰਾਜਾ ਸੀ। ਬੜਾ ਹੀ ਸਮਝਦਾਰ ਪ੍ਰਬੰਧਕ ਸੀ। ਮਹਾਰਾਜਾ ਆਪ ਭਾਵੇਂ ਬਹੁਤੀ ਵਿਦਿਆ ਹਾਸਲ ਨਹੀ ਸੀ ਕਰ ਸਕਿਆ, ਪਰ ਉਸਨੇ ਆਪਣੇ ਦਰਬਾਰ ਵਿੱਚ ਬੜੇ ਹੀ ਪੜ੍ਹੇ ਲਿਖੇ ਤੇ ਲਾਇਕ ਵਿਦਵਾਨ ਨਿਯੁਕਤ ਕੀਤੇ ਹੋਏ ਸਨ। ਉਸਦੇ ਰਾਜ ਵਿੱਚ ਸਭ ਧਰਮਾਂ ਨੂੰ ਬਰਾਬਰ ਸਤਿਕਾਰ ਦਿੱਤਾ ਜਾਂਦਾ ਸੀ। ਪ੍ਰਸਿੱਧ ਇਤਹਾਸਕਾਰ ‘ਗਿਆਨੀ ਗਿਆਨ ਸਿੰਘ’ ਆਪਣੀ ਲਿਖਤ ਵਿੱਚ ਮਹਾਰਾਜੇ ਦੀ ਸਿਫਤ ਵਿੱਚ ਲਿੱਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਚੇਹਰੇ ਤੇ ਕੁਦਰਤੀ ਨੂਰ ਵੱਸਦਾ ਸੀ। ਜਿਸ ਤੋਂ ਉਹਨਾਂ ਦੀ ਸ਼ਖਸੀਅਤ ਬੜੀ ਹੀ ਰੋਹਬਦਾਰ ਤੇ ਦਬਦਬੇ ਵਾਲੀ ਪ੍ਰਗਟ ਹੁੰਦੀ ਸੀ। ਚਿੱਟੀ ਤੇ ਲੰਬੀ ਦਾੜ੍ਹੀ ਉਹਨਾਂ ਤੇ ਚੇਹਰੇ ਤੇ ਬਹੁਤ ਅੱਛੀ ਲੱਗਦੀ ਸੀ। ਮਹਾਰਾਜੇ ਨੂੰ ਕੇਸਾਂ ਨਾਲ ਇੰਨ੍ਹਾਂ ਪਿਆਰ ਸੀ ਕਿ ਜਿਸ ਵੀ ਸਿਪਾਹੀ ਜਾਂ ਸਰਦਾਰ ਦੀ ਲੰਬੀ ਦਾੜ੍ਹੀ ਦੇਖਦੇ ਤਾਂ ਬੜੇ ਖੁਸ਼ ਹੋ ਕੇ ਸ਼ਾਬਾਸ਼ ਦੇਂਦੇ ਤੇ ਨਾਲ ਹੀ ਅੱਠ ਆਨੇ ਜਾਂ ਰੁਪਿਆ ਰੋਜ਼ ਦਾ ਦਾੜੀ ਦੇ ਵਾਸਤੇ ਉਹਨਾਂ ਦੀ ਤਨਖਾਹ ਵਿੱਚ ਵਾਧਾ ਕਰ ਦਿੰਦੇ ਸਨ। ਮਹਾਰਾਜੇ ਨੂੰ ਅੱਜ ਵੀ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ), ਲਾਹੌਰ ਦਾ ਮਹਾਰਾਜਾ, ਸਰਕਾਰ-ਏ-ਖ਼ਾਲਸਾ, ਪੂਰਬ ਦਾ ਨਿਪੋਲੀਅਨ, ਤੇ ਪੰਜ ਦਰਿਆਵਾਂ ਦਾ ਮਾਲਿਕ ਆਦਿ ਕਈ ਨਾਵਾਂ ਨਾਲ ਯਾਦ ਕਰਕੇ ਸਤਿਕਾਰ ਦਿੱਤਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ (ਕਈ ਥਾਵਾਂ ਤੇ 13 ਨਵੰਬਰ ਵੀ ਲਿਖਿਆ ਹੈ) 1780 ਨੂੰ ਪਿਤਾ ਸ੍ਰ. ਮਹਾਂ ਸਿੰਘ ਸ਼ੁੱਕਰਚੱਕੀਆ ਤੇ ਮਾਤਾ ਰਾਜ ਕੌਰ ਜ਼ੀਦ ਦੀ ਕੁੱਖੋਂ ਗੁੱਜਰਵਾਲਾ ਪਾਕਿਸਤਾਨ ਵਿੱਚ ਹੋਇਆ। ਰਣਜੀਤ ਸਿੰਘ ਦੇ ਜਨਮ ਸਮੇਂ ਛੋਟੀਆਂ-ਛੋਟੀਆਂ ਮਿਸਲਾਂ ਬਣੀਆਂ ਹੋਈਆਂ ਸਨ। ਇੰਨ੍ਹਾਂ ਮਿਸਲਾਂ ਨੇ ਥੋੜ੍ਹੇ-ਥੋੜ੍ਹੇ ਇਲਾਕੇ ਘੇਰ ਕੇ ਆਪਣਾ-ਆਪਣਾ ਰਾਜ ਕਾਇਮ ਕੀਤਾ ਹੋਇਆ ਸੀ। ਸੰਨ 1785 ਨੂੰ ਪੰਜ ਸਾਲ ਦੀ ਉਮਰ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੰਗਣੀ ਕਨ੍ਹਈਆਂ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ, ਗੁਰਬਬਖਸ਼ ਸਿੰਘ ਤੇ ਸਰਦਾਰਨੀ ਸਦਾ ਕੌਰ ਦੀ ਇਕਲੋਤੀ ਪੁੱਤਰੀ ਮਹਿਤਾਬ ਕੌਰ ਨਾਲ ਹੋਈ।ਸੰਨ 1791 ਵਿੱਚ ਰਣਜੀਤ ਸਿੰਘ ਦੇ ਪਿਤਾ ਸ੍ਰ. ਮਹਾਂ ਸਿੰਘ ਨੇ ਗੁਜਰਾਤ ਤੇ ਚੜਾਈ ਕੀਤੀ ਤਾਂ ਇਸੇ ਮੁਹਿੰਮ ਦੌਰਾਨ ਸ੍ਰ. ਮਹਾਂ ਸਿੰਘ ਬੀਮਾਰ ਹੋ ਗਿਆ ਤੇ ਇਸ ਮੁਹਿੰਮ ਦੀ ਵਾਗਡੋਰ ਰਣਜੀਤ ਸਿੰਘ ਦੇ ਹਵਾਲੇ ਕਰਕੇ ਵਾਪਿਸ ਆ ਗਿਆ। ਰਣਜੀਤ ਸਿੰਘ ਨੇ ਇਸ ਮੁਹਿੰਮ ਵਿੱਚ ਵੈਰੀਆਂ ਨੂੰ ਕਰਾਰੇ ਹੱਥ ਵਿਖਾਏ ਤੇ ਜਿੱਤ ਪ੍ਰਾਪਤ ਕੀਤੀ। ਪੁੱਤਰ ਦੀ ਪਹਿਲੀ ਜਿੱਤ ਦੀ ਖਬਰ ਸੁਣ ਕੇ ਪਿਤਾ ਸ੍ਰ. ਮਹਾਂ ਸਿੰਘ ਦੀ ਖੁਸ਼ੀ ਦਾ ਅੰਤ ਨਾ ਰਿਹਾ, ਪਰ ਅਗਲੇ ਸਾਲ 1792 ਵਿੱਚ ਸ੍ਰ. ਮਹਾਂ ਸਿੰਘ ਅਕਾਲ ਚਲਾਣਾ ਕਰ ਗਏ।ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਨੇ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ। ਸੰਨ 1796 ਵਿੱਚ 16 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਤੇ ਮਹਿਤਾਬ ਕੌਰ ਦਾ ਵਿਆਹ ਬੜੀ ਧੂਮਧਾਮ ਨਾਲ ਹੋਇਆ। ਵਿਆਹ ਤੋਂ ਬਾਅਦ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੇ ਵੀ ਰਣਜੀਤ ਸਿੰਘ ਦੀ ਬਹੁਤ ਮਦਦ ਕੀਤੀ। ਰਣਜੀਤ ਸਿੰਘ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਉੱਚ ਵਿਚਾਰਾਂ ਦੇ ਮਾਲਿਕ ਸਨ। ਆਪ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਵਿੱਚ ਲੱਖਾਂ ਰੁਪਏ ਤੇ ਹੋਰ ਵੀ ਕੀਮਤੀ ਵਸਤਾਂ ਜਿਵੇਂ ਸੁਨਹਿਰੀ ਚਾਨਣੀ ਜੋ ਗੂੜ੍ਹੇ ਲਾਲ ਰੰਗ ਦੀ ਮਖਮਲ ਦੀ ਬਣੀ ਹੋਈ ਹੈ ਅਤੇ ਜਿਸਦੀ ਸੁਨਹਿਰੀ ਤਿਲੇ ਨਾਲ ਕਢਾਈ ਕੀਤੀ ਹੋਈ ਹੈ। ਇੱਕ ਨੌ-ਲੱਖਾ ਸਿਹਰਾ ਜੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਕੰਵਰ ਨੌਨਿਹਾਲ ਦੇ ਵਿਆਹ ਲਈ ਤਿਆਰ ਕਰਵਾਇਆ ਸੀ ਤੇ ਜਦੋਂ ਦੇਖਿਆ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭੇਟ ਕਰ ਦਿੱਤਾ ਤੇ ਆਪਣੇ ਪੋਤਰੇ ਲਈ ਹੋਰ ਸਿਹਰਾ ਤਿਆਰ ਕਰਵਾ ਲਿਆ ਆਦਿ ਹੋਰ ਵੀ ਕਈ ਕੀਮਤੀ ਵਸਤਾਂ ਗੁਰੂ ਘਰ ਲਈ ਭੇਟ ਕੀਤੀਆਂ। ਬਹੁਤ ਸਾਰੇ ਦੂਜੇ ਗੁਰਦੁਆਰਿਆਂ ਲਈ ਜਮੀਨਾਂ ਤੇ ਜਾਇਦਾਦਾਂ ਗੁਰੂ ਘਰਾਂ ਦੇ ਨਾਮ ਲਵਾਈਆਂ। ਆਪ ਹਰ ਧਰਮ ਦਾ ਦਿਲੋਂ ਸਤਿਕਾਰ ਕਰਦੇ ਸਨ। ਹਰ ਮੁਹਿੰਮ ਤੇ ਜਾਣ ਤੋਂ ਪਹਿਲਾਂ ਗੁਰੂ ਦੇ ਸਨਮੁੱਖ ਹੋ ਕੇ ਅਰਦਾਸ ਬੇਨਤੀ ਕਰਦੇ ਸਨ ਤੇ ਜਿੱਤ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਨਾ ਨਾ ਭੁੱਲਦੇ। ਸੰਨ 1801 ਵਿੱਚ ਰਣਜੀਤ ਸਿੰਘ ਨੂੰ ਲਾਹੌਰ ਦਰਬਾਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਤੋਂ ਬਾਅਦ ਗਿ: ਗੁਰਮੁੱਖ ਸਿੰਘ ਨੇ ਅਰਦਾਸਾ ਸੋਧ ਕੇ ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਾਇਆ ਤੇ ਰਣਜੀਤ ਸਿੰਘ ਨੇ ਮਹਾਰਾਜਾ ਦੀ ਪੱਦਵੀ ਧਾਰਨ ਕੀਤੀ। ਇੰਨ੍ਹਾਂ ਸਾਰੀਆ ਕਾਰਵਾਈਆਂ ਦੇ ਨਾਲ-ਨਾਲ ਆਪਨੇ ਕੁਦਰਤ ਦੀ ਕਾਇਨਾਤ ਦਾ ਵੀ ਪੂਰਾ ਖਿਆਲ ਰੱਖਿਆ। ਤਕਰੀਬਨ ਹਰ ਸ਼ਹਿਰ ਵਿੱਚ ਵੱਧ ਤੋਂ ਵੱਧ ਬਾਗ ਬਗੀਚੇ ਲਗਵਾਏ।ਰਣਜੀਤ ਸਿੰਘ ਦੇ ਰਾਜ ਵਿੱਚ ਵਾਤਾਵਰਣ ਦਾ ਹਰ ਪੱਖੋਂ ਧਿਆਨ ਰੱਖਿਆ ਜਾਂਦਾ ਸੀ। ਅੰਮ੍ਰਿਤਸਰ ਸ਼ਹਿਰ ਵਿੱਚ ਉਹ ਬਾਗ ਅੱਜ ਵੀ ਮੌਜੂਦ ਹਨ ਜੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ-ਕਾਲ ਦੌਰਾਨ ਬਣਵਾਏ ਤੇ ਲਗਵਾਏ ਸਨ।ਹਰ ਗਰੀਬ ਦੀ ਖੁੱਲ ਕੇ ਮਦਦ ਕੀਤੀ ਜਾਂਦੀ ਸੀ। ਇਹ ਗੱਲ ਬੜੀ ਮਸ਼ਹੂਰ ਹੈ ਕਿ ਰਣਜੀਤ ਸਿੰਘ ਰਾਤ ਸਮੇਂ ਕੰਧਾਂ ਨਾਲ ਲੱਗ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਤੇ ਅਗਲੀ ਸਵੇਰ ਉਸਦੀ ਮੁਸ਼ਕਿਲ ਦਾ ਹੱਲ ਕਰ ਦੇਂਦੇ ਸਨ। ਆਪਣੇ ਬਹਾਦਰ ਤੇ ਸੂਰਬੀਰ ਜਰਨੈਲ ਸ੍ਰ. ਹਰੀ ਸਿੰਘ ਨਲੂਆਂ ਤੇ ਅਕਾਲੀ ਫੂਲਾ ਸਿੰਘ ਜਿਹੇ ਬਹੁਤ ਸਾਰੇ ਜਰਨੈਲਾਂ ਦੀ ਬਹਾਦਰੀ ਸਦਕਾ ਕਈ ਮੁਹਿੰਮਾਂ ਸਰ ਕੀਤੀਆਂ ਤੇ ਜਿੱਤ ਦੇ ਝੰਡੇ ਝੁਲਾਏ। ਉਸਨੇ ਆਪਣੀ ਫੌਜ ਦਾ ਆਧੁਨਿਕੀਕਰਨ ਕੀਤਾ। ਅਮਨ ਕਾਨੂੰਨ ਦੀ ਸਥਿਤੀ ਬਹਾਲ ਕੀਤੀ। ਕਦੇ ਕਿਸੇ ਨੂੰ ਮੌਤ ਦੀ ਸਜ਼ਾ ਜਾਂ ਅੰਗ ਕੱਟਣ ਦੀ ਸਜ਼ਾ ਨਹੀ ਸੁਣਾਈ। ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਤੇ ਲਗਾਇਆ ਜਾਂਦਾ ਜ਼ਜ਼ੀਆਂ (ਟੈਕਸ) ਬੰਦ ਕੀਤਾ। ਉਸਦੇ ਰਾਜ ਵਿੱਚ ਕਈ ਹਿੰਦੂ, ਮੁਸਲਮਾਨ ਤੇ ਅੰਗਰੇਜ਼ ਅਫਸਰ ਉੱਚ ਅਹੁਦਿਆਂ ਤੇ ਬਿਰਾਜ਼ਮਾਨ ਸਨ। ਸਭ ਨੂੰ ਬਰਾਬਰ ਦੇ ਹੱਕ ਹਾਸਲ ਸਨ। ਪ੍ਰਸਿੱਧ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ‘ਸਿੱਖ ਰਾਜ ਕਿਵੇਂ ਗਿਆ’ ਨਾਂ ਦੀ ਆਪਣੀ ਪੁਸਤਕ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਹਨ ਕਿ ਸ੍ਰ. ਹਰੀ ਸਿੰਘ ਨਲੂਆ ਦੇ ਸ਼ਹੀਦ ਹੋਣ ਪਿੱਛੋਂ ਸਾਰਾ ਕੰਮ-ਕਾਰ ਸ਼ੇਰੇ-ਪੰਜਾਬ ਦੇ ਆਪਣੇ ਸਿਰ ਆ ਪਿਆ ਸੀ। ਸੋ ਬਹੁਤ ਮਿਹਨਤ ਦੇ ਕਾਰਨ ਹੀ ਮਹਾਰਾਜਾ ਬੀਮਾਰ ਹੋ ਗਏ।ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ, ਜਦ ਹੋਸ਼ ਆਈ ਤਾਂ ਮਹਾਰਾਜਾ ਨੇ ਕੋਹਿਨੂਰ ਹੀਰਾ ਤੇ ਕੁੱਝ ਹੋਰ ਜਵਾਹਰਾਤ ਸ੍ਰੀ ਹਰਿਮੰਦਰ ਸਾਹਿਬ ਭੇਟ ਕਰਨ ਦੀ ਇੱਛਾ ਜ਼ਾਹਿਰ ਕੀਤੀ, ਪਰ ਧਿਆਨ ਸਿੰਘ ਡੋਗਰੇ ਨੇ ਮਨ੍ਹਾ ਕਰ ਦਿੱਤਾ। ਉਹ ਫਿਰ ਬੇਹੋਸ਼ ਹੋ ਗਏ। ਇਸ ਤਰਾਂ੍ਹ ਮਹਾਰਾਜਾ ਰਣਜੀਤ ਸਿੰਘ ਦੀ ਹਾਲਤ ਦਿਨੋ-ਦਿਨ ਵਿਗੜਦੀ ਗਈ ਤੇ ਬੀਮਾਰੀ ਵੱਧਦੀ ਗਈ। ਵੈਦ-ਹਕੀਮਾਂ ਨੇ ਬਥੇਰਾ ਜ਼ੋਰ ਲਾਇਆ, ਪਰ ਬੇਹੋਸ਼ੀ ਨਾ ਟੁੱਟੀ। ਕਈ ਮਹੀਨੇ ਬੀਤ ਗਏ। ਅੰਤ ਨੂੰ ਉਹ ਸਮਾਂ ਆ ਗਿਆ, ਜਿਸ ਨੇ ਸਭ ਤੇ ਆਉਣਾ ਹੈ। ਅੰਤ 27 ਜੂਨ 1839 ਈ: , ਅਜੇ ਛੇ ਘੜੀਆਂ ਸੂਰਜ ਖਲਾ ਸੀ। ਉਹ ਆਪਣੀ 58 ਸਾਲ, 7 ਮਹੀਨੇ, 24 ਦਿਨ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। ਸ਼ੇਰੇ ਪੰਜਾਬ ਦਾ ਅੰਤਿਮ ਸਸਕਾਰ ਚੰਦਨ ਦੀ ਚਿਖਾ ਤਿਆਰ ਕਰਕੇ ਰਾਵੀ ਦੇ ਕੰਢੇ ਲਾਹੌਰ ਗੁ: ਡੇਹਰਾ ਸਾਹਬ ਦੇ ਨਜ਼ਦੀਕ ਕੀਤਾ ਗਿਆ। ਗਿ. ਗਿਆਨ ਸਿੰਘ ਲਿੱਖਦੇ ਹਨ ਕਿ ਜਿਸ ਸਮੇਂ ਸ਼ੇਰ-ਏ-ਪੰਜਾਬ ਦਾ ਸਸਕਾਰ ਹੋ ਰਿਹਾ ਸੀ ਤਾਂ ਅਕਾਸ਼ ਵਿੱਚ ਇੱਕ ਬੱਦਲੀ ਆਈ ਤੇ ਕਣੀਆਂ ਪੈਣ ਲੱਗ ਪਈਆ, ਮਾਨੋ ਜਿਵੇਂ ਮਹਾਰਾਜੇ ਦੇ ਅਕਾਲ ਚਲਾਣੇ ਤੇ ਅਕਾਸ਼ ਵੀ ਰੋ ਰਿਹਾ ਹੋਵੇ। ਜਿਸ ਦੇ ਰੋਹਬ ਅਤੇ ਦਬਦਬੇ ਤੋਂ ਦੁਸ਼ਮਣ ਕੰਬਦੇ ਸਨ , ਧਰਤੀ ਕੰਬਦੀ ਸੀ ਅੱਜ ਉਹ ਵੇਖਦੇ ਹੀ ਵੇਖਦੇ ਰਾਖ ਦੀ ਢੇਰੀ ਹੋ ਗਿਆ। ਸਾਰਾ ਪੰਜਾਬ ਹੀ, ਕੀ ਸਿੱਖ, ਕੀ ਹਿੰਦੂ ਤੇ ਕੀ ਮੁਸਲਮਾਨ ਸਭ ਧਾਹੀਂ ਮਾਰ-ਮਾਰ ਕੇ ਰੋਏ।ਸ਼ੇਰੇ ਪੰਜਾਬ ਦੇ ਇਸ ਦੁਨੀਆਂ ਤੋਂ ਤੁਰ ਜਾਣ ਤੇ ਇੱਕ ਸ਼ਾਇਰ ਨੇ ਬੜੀਆਂ ਸੁੰਦਰ ਦੋ ਲਾਈਨਾਂ ਲਿਖੀਆਂ ਨੇ:
ਮੋਇਆ ਰਣਜੀਤ ਸਿੰਘ
ਪੈ ਗਿਆ ਹਨ੍ਹੇਰ ਸਾਰੇ,
ਲੁੱਟਿਆ ਸੁਹਾਗ ਤੇ
ਪੰਜਾਬ ਧਾਹੀਂ ਮਾਰੀਆਂ।
ਅੱਜ ਭਾਵੇਂ ਲੱਖ ਵਾਰੀ ਸਰਕਾਰਾਂ ਇਹ ਝੂਠੇ ਤੇ ਫੋਕੇ ਦਾਅਵੇ ਕਰਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੀਆਂ ਸਹੂਲਤਾਂ ਜਨਤਾ ਨੂੰ ਦੇਵਾਂਗੇ, ਰਾਜ ਨਹੀ ਸੇਵਾ ਦੇ ਨਾਅਰੇ ਜਿੰਨੇ ਮਰਜ਼ੀ ਲਾਉਣ। ਇਹ ਸਭ ਕਹਿਣ ਦੀਆਂ ਗੱਲਾਂ ਹਨ। ਇਹ ਸਭ ਸਚਾਈ ਤੋਂ ਕੋਹਾਂ ਦੂਰ ਨੇ। ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਵਰਗੇ ਧਰਮੀ ਰਾਜੇ ਦੀ ਹਮੇਸ਼ਾ ਘਾਟ ਰੜਕਦੀ ਰਹੇਗੀ।

Send this to a friend