ਸੁਭਾਨਪੁਰ, 3 ਮਈ (ਪੀ.ਟੀ.)- ਜਲੰਧਰ-ਅੰਮ੍ਰਿਤਸਰ ਜੀ.ਟੀ. ਰੋਡ ’ਤੇ ਚੌਂਕ ਸੁਭਾਨਪੁਰ ਦੇ ਨਜ਼ਦੀਕ ਕਾਲੀ ਵੇਈਂ ਦੇ ਪੁੱਲ ਤੋਂ ਇਕ ਜੈਨ ਕਾਰ ਦੇ ਹੇਠਾਂ ਡੂੰਘੇ ਪਾਣੀ ‘ਚ ਡਿੱਗ ਜਾਣ ਕਾਰਨ ਇਸ ’ਚ ਸਵਾਰ ਚਾਰ ਨੌਜਵਾਨਾਂ ’ਚੋਂ 2 ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਤੜਕੇ 3 ਵਜੇ ਦੇ ਕਰੀਬ ਇਕ ਜੈੱਨ ਕਾਰ ਨੰਬਰ ਪੀ. ਬੀ. 08 ਏ. ਐੱਫ. 8987, ਜਿਸ ‘ਚ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਚਾਰ ਨੌਜਵਾਨ ਵਾਪਿਸ ਆ ਰਹੇ ਸਨ। ਸੁਭਾਨਪੁਰ ਚੌਂਕ ਤੋਂ ਅੱਗੇ ਕਾਲੀ ਵੇਈਂ ਦੇ ਪੁੱਲ ਉੱਪਰ ਅੱਗੋਂ ਕਿਸੇ ਗੱਡੀ ਦੀਆਂ ਲਾਈਟਾਂ ਪੈਣ ਕਰਕੇ ਕਾਰ ਦਾ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਾ ਤੇ ਕਾਰ ਸਿੱਧੀ ਪੁੱਲ ਤੋਂ ਹੇਠਾਂ ਵੇਈਂ ’ਚ ਜਾ ਡਿੱਗੀ। ਆਵਾਜ਼ ਸੁਣ ਕੇ ਪਵਿੱਤਰ ਕਾਲੀ ਵੇਈਂ ’ਤੇ ਸ੍ਰੀ ਗੁਰੂ ਨਾਨਕ ਘਾਟ ‘ਤੇ
ਸੇਵਾ ਕਰ ਰਹੇ ਬਾਬਾ ਜਰਨੈਲ ਸਿੰਘ ਨੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਚਾਉਣ ਦੀ ਬੇਨਤੀ ਕੀਤੀ ਤੇ ਥਾਣਾ ਸੁਭਾਨਪੁਰ ਵਿਖੇ ਸੂਚਨਾ ਵੀ ਦਿੱਤੀ। ਇਕ ਟਰੱਕ ਡਰਾਈਵਰ ਗੁਰਨਾਮ ਸਿੰਘ ਪੁੱਤਰ ਗੁਰਮੇਜ ਸਿੰਘ, ਵਾਸੀ ਮੁਹਾਵਾ, ਜ਼ਿਲ੍ਹਾ ਅੰਮ੍ਰਿਤਸਰ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਵੇਈਂ ‘ਚ ਛਾਲ ਮਾਰ ਦਿੱਤੀ ਤੇ 2 ਨੌਜਵਾਨਾਂ ਨੂੰ ਪਾਣੀ ‘ਚੋਂ ਬਾਹਰ ਕੱਢ ਲਿਆਂਦਾ। ਤੀਜਾ ਪਾਣੀ ‘ਚ ਦਮ ਤੋੜ ਗਿਆ ਜਦਕਿ ਚੌਥੇ ਨੌਜਵਾਨ ਦੀ ਲਾਸ਼ ਕਾਰ ‘ਚੋਂ ਬਰਾਮਦ ਹੋਈ। ਮ੍ਰਿਤਕਾਂ ਦਾ ਪੋਸਟਮਾਰਟਮ ਕਰਨ ਲਈ ਲਾਸ਼ਾਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਭੇਜੀਆਂ ਗਈਆਂ ਹਨ ਤੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।