May 25, 2026 4:57 pm

ਧਰਤੀ ਹੇਠਲੇ ਪਾਣੀ ਘਟਣ ਦਾ ਮਸਲਾ

ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਇਹ ਸਮੱਸਿਆ ਕੇਂਦਰੀ ਪੰਜਾਬ ਵਿੱਚ ਖਾਸ ਤੌਰ ‘ਤੇ ਉੱਭਰ ਕੇ ਸਾਹਮਣੇ ਆ ਰਹੀ ਹੈ। ਕੇਂਦਰੀ ਪੰਜਾਬ ਦੇ ਕੁਝ ਖੇਤਰਾਂ ਵਿੱਚ ਤਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਨਾਲ ਖ਼ਤਰੇ ਦਾ ਅਲਾਰਮ ਵੱਜ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਧਰਤੀ ਹੇਠਲਾ ਪਾਣੀ 10 ਮੀਟਰ ਤੋਂ ਵੀ ਵਧੇਰੇ ਹੇਠਾਂ ਚਲਾ ਗਿਆ ਹੈ। ਪੰਜਾਬ ਰਾਜ ਫਾਰਮਰਜ਼ ਕਮਿਸ਼ਨ ਵੱਲੋਂ ਇਸ ਮੁੱਦੇ ਬਾਰੇ ਤਿਆਰ ਕੀਤੀ ਗਈ ਰਿਪੋਰਟ ਦਿਲ ਹਿਲਾ ਦੇਣ ਵਾਲੀ ਹੈ। ਧਰਤੀ ਹੇਠਲੇ ਪਾਣੀ ‘ਚ ਲਗਾਤਾਰ ਕਟੌਤੀ ਦੇ ਮਸਲੇ ਦੀ ਜੜ੍ਹ ਤੱਕ ਜਾਣ ਲਈ ਇਹ ਰਿਪੋਰਟ ਕਮਿਸ਼ਨ ਵੱਲੋਂ ਨਿਯੁਕਤ ਮਾਹਿਰਾਂ ਨੇ ਤਿਆਰ ਕੀਤੀ ਹੈ। ਇਸ ਰਿਪੋਰਟ ਵਿੱਚ ਮੁੱਖ ਤੌਰ ‘ਤੇ ਪੰਜਾਬ ਦੇ ਕੇਂਦਰੀ ਖੇਤਰਾਂ ‘ਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਇਸ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੇਂਦਰੀ ਪੰਜਾਬ ਵਿੱਚ 0.5 ਮਿਲੀਅਨ ਹੈਕਟੇਅਰ ਰਕਬਾ ਝੋਨੇ ਦੀ ਖੇਤੀ ਹੇਠੋਂ ਨਾ ਕੱਢਿਆ ਗਿਆ, ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਸਥਿਤੀ ਗੰਭੀਰ ਮੋੜ ਲੈ ਸਕਦੀ ਹੈ। ਧਰਤੀ ਹੇਠਲੇ ਪਾਣੀ ਦੀ ਸਤ੍ਹਾ ਹੇਠਾਂ ਜਾਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਪਾਣੀ ਦੀ ਵਰਤੋਂ ਸੰਜਮ ਨਾਲ ਨਹੀਂ ਕਰ ਰਹੇ। ਸਨਅੱਤ, ਖੇਤੀ ਅਤੇ ਘਰੇਲੂ ਲੋੜ ਲਈ ਲਗਾਤਾਰ ਧਰਤੀ ਹੇਠਾਂ ਤੋਂ ਟਿਊਬਵੈੱਲਾਂ ਰਾਹੀਂ ਬੇਸ਼ੁਮਾਰ ਪਾਣੀ ਹਰ ਰੋਜ਼ ਕੱਢਿਆ ਜਾ ਰਿਹਾ ਹੈ। ਪੰਜਾਬ ਵਿੱਚ ਟਿਊਬਵੈੱਲਾਂ ਦੀ ਕੁੱਲ ਗਿਣਤੀ ਵੀ ਲੋੜ ਨਾਲੋਂ ਜਿਆਦਾ ਹੈ। ਸਾਰੇ ਖੇਤਰਾਂ ‘ਚ ਪਾਣੀ ਨੂੰ ਬੇਲੋੜਾ ਖਰਚ ਕੀਤਾ ਜਾ ਰਿਹਾ ਹੈ। ਪਾਣੀ ਨਾਲ ਜਿਸ ਬੇਦਰਦੀ ਨਾਲ ਅਸੀਂ ਪੇਸ਼ ਆ ਰਹੇ ਹਾਂ, ਉਸ ਨਾਲ ਪਾਣੀ ਦੀ ਕਮੀ ਹੋਣਾ ਸੁਭਾਵਿਕ ਹੈ। ਖੇਤੀ ਖੇਤਰ ਵਿੱਚ ਝੋਨੇ ਦੀ ਫਸਲ ਬਹੁਤਾਂਤ ਵਿੱਚ ਬੀਜਣ ਕਾਰਨ ਵੀ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਕੇਂਦਰੀ ਪੰਜਾਬ ਵਿੱਚ ਇਸ ਸਮੇਂ 14 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਵਾਤਾਵਰਣ ਪ੍ਰਦੂਸ਼ਣ ਕਾਰਨ ਮੌਸਮਾਂ ਵਿੱਚ ਵੀ ਵੱਡੀ ਤਬਦੀਲੀ ਵਾਪਰ ਰਹੀ ਹੈ। ਵਾਤਾਵਰਣ ਦੇ ਵਿਗਾੜ ਕਾਰਨ ਪੰਜਾਬ ਵਿੱਚ ਬਾਰਿਸ਼ ਵੀ ਘੱਟ ਰਹੀ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਰੀਚਾਰਜ ਨਹੀਂ ਹੋ ਰਿਹਾ। ਸੰੰਨ 1995 ਵਿੱਚ ਪੰਜਾਬ ‘ਚ 794 ਮਿਲੀਮੀਟਰ ਬਾਰਸ਼ ਹੋਈ ਸੀ, ਜਿਸ ਨਲ ਇਸ ਖੇਤਰ ਦਾ ਪਾਣੀ ਦਾ ਪੱਧਰ 0.73 ਮੀਟਰ ਉੱਚਾ ਚਲਾ ਗਿਆ ਸੀ। ਪੰਜਾਬ ਵਿੱਚ ਵਿੱਚ ਜੇਕਰ 800 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਵੇ ਤਾਂ ਝੋਨੇ ਹੇਠਲਾ 17 ਲੱਖ ਰਕਬਾ ਬਿਨ੍ਹਾਂ ਗੈਰ-ਕੁਦਰਤੀ ਸਾਧਨਾਂ ਦੇ ਪਾਲਿਆ ਜਾ ਸਕਦਾ ਹੈ। ਰਾਜ ਵਿੱਚ ਹੁਣ ਕਈ ਸਾਲਾਂ ਤੋਂ ਔਸਤ 500 ਮਿਲੀਮੀਟਰ ਤੋਂ ਘੱਟ ਬਾਰਿਸ਼ ਹੋ ਰਹੀ ਹੈ। ਸਾਲ 1998 ਤੋਂ 2005 ਦੇ ਸਮੇਂ ਦੌਰਾਨ ਔਸਤ ਬਾਰਿਸ਼ 437 ਮਿਲੀਮੀਟਰ ਹੋਈ। ਇਸ ਹਾਲਾਤ ਵਿੱਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ। ਪੰਜਾਬ ‘ਚ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਘਟਾਉਣ ਲਈ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ। ਦੂਸਰਾ ਝੋਨੇ ਦੀਆਂ ਅਜਿਹੀਆਂ ਕਿਸਮਾਂ ਵੀ ਤਿਆਰ ਨਹੀਂ ਕੀਤੀਆਂ ਜਾ ਰਹੀਆਂ ਜੋ ਪੰਜਾਬ ਦੇ ਹਾਲਾਤਾਂ ਮੁਤਾਬਿਕ ਘੱਟ ਪਾਣੀ ਨਾਲ ਤਿਆਰ ਹੋ ਸਕਣ। ਸਮਾਜਿਕ ਪੱਧਰ ‘ਤੇ ਵੀ ਲੋਕਾਂ ਅੰਦਰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਧਰਤੀ ਹੇਠਲੇ ਪਾਣੀ ਦੀ ਰੱਖਿਆ ਦਾ ਮਸਲਾ ਮਨੁੱਖ ਦੀ ਹੋਂਦ ਲਈ ਕਿੰਨਾ ਜ਼ਰੂਰੀ ਹੈ। ਜੇਕਰ ਕਿਸਾਨਾਂ ਅਤੇ ਦੂਸਰੇ ਵਰਗਾਂ ਨੂੰ ਇਸ ਗੱਲ ਦਾ ਮਹੱਤਵ ਨਾ ਦੱਸਿਆ ਗਿਆ, ਤਾਂ ਪੰਜਾਬ ‘ਚ ਧਰਤੀ ਹੇਠਲਾ ਪਾਣੀ 20 ਮੀਟਰ ਤੱਕ ਹੇਠਾਂ ਜਾ ਸਕਦਾ ਹੈ। ਪੰਜਾਬ ਵਿੱਚ ਜਦੋਂ ਝੋਨੇ ਦੀ ਫਸਲ ਘੱਟ ਬੀਜੀ ਜਾਂਦੀ ਸੀ, ਤਾਂ ਉਸ ਸਮੇਂ ਦੌਰਾਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਕਾਇਮ ਰਿਹਾ। ਧਰਤੀ ਹੇਠਲਾ ਪਾਣੀ ਬਹੁਤ ਹੀ ਤੇਜ਼ੀ ਨਾਲ ਹੇਠਾਂ ਚਲਾ ਗਿਆ। ਇਸ ਨਾਲ ਇਹ ਗੱਲ ਪੁਸ਼ਟ ਹੁੰਦੀ ਹੈ ਕਿ ਮੁੱਖ ਤੌਰ ‘ਤੇ ਪੰਜਾਬ ਦੇ ਬਦਲੇ ਫਸਲੀ ਚੱਕਰ ਕਾਰਨ ਹੀ ਧਰਤੀ ਹੇਠਲੇ ਪਾਣੀ ਦੇ ਘਟਣ ਦਾ ਸੰਕਟ ਪੈਦਾ ਹੋਇਆ ਹੈ। ਇਸ ਸੰਕਟ ਦੇ ਨਿਵਾਰਣ ਲਈ ਸਾਨੂੰ ਬਹੁਪੱਖੀ ਕਦਮ ਚੁੱਕਣੇ ਪੈਣਗੇ। ਸਭ ਤੋਂ ਪਹਿਲੀ ਲੋੜ ਇਸ ਸਮੱਸਿਆ ਬਾਰੇ ਆਮ ਲੋਕਾਂ ਨੂੰ ਹੇਠਲੇ ਪੱਧਰ ਤੱਕ ਜਾਣੂ ਕਰਾਉਣ ਦੀ ਹੈ। ਦੂਸਰੀ ਸਮੱਸਿਆ ਪੰਜਾਬ ਦੇ ਫਸਲੀ ਚੱਕਰ ਨੂੰ ਬਦਲਣ ਦੀ ਹੈ। ਇਸ ਲਈ ਸਰਕਾਰ ਨੂੰ ਕੁਝ ਨਵੀਆਂ ਸਕੀਮਾਂ ਲਿਆਉਣੀਆਂ ਚਾਹੀਦੀਆਂ ਹਨ, ਤਾਂ ਜੋ ਕਿਸਾਨ ਵਧੇਰੇ ਪਾਣੀ ਵਾਲੀਆਂ ਫਸਲਾਂ ਦੀ ਥਾਂ ਅਜਿਹੀਆਂ ਫਸਲਾਂ ਦੀ ਖੇਤੀ ਕਰਨ, ਜਿਹੜੀਆਂ ਘੱਟ ਪਾਣੀ ਨਾਲ ਪੱਕ ਸਕਣ। ਇਸ ਦੇ ਨਾਲ ਹੀ ਸਿੰਚਾਈ ਲਈ ਅਜਿਹੇ ਆਧੁਨਿਕ ਢੰਗ-ਤਰੀਕੇ ਵਰਤੇ ਜਾਣ ਜਿਸ ਨਾਲ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਹੋਵੇ। ਖੇਤੀ ਤੋਂ ਇਲਾਵਾ ਦੂਸਰੇ ਖੇਤਰਾਂ ਵਿੱਚ ਵੀ ਪਾਣੀ ਦੀ ਫਜ਼ੂਲ ਖਰ²ਚੀ ਨੂੰ ਰੋਕਿਆ ਜਾਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਦੀ ਲੋੜ ਲਈ ਟਿਊਬਵੈੱਲਾਂ ਦੀ ਕੁੱਲ ਗਿਣਤੀ ਨੂੰ ਵੀ ਇੱਕ ਸੀਮਾ ਵਿੱਚ ਰੱਖਿਆ ਜਾਵੇ ਤਾਂ ਠੀਕ ਰਹੇਗਾ। ਪਾਣੀ ਦੀ ਵਰਤੋਂ ਬਾਰੇ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ, ਤਾਂ ਜੋ ਕੋਈ ਵੀ ਵਿਅਕਤੀ ਪਾਣੀ ਨੂੰ ਫਜ਼ੂਲ ਵਸਤੂ ਨਾ ਸਮਝੇ। ਪਾਣੀ ਮਨੁੱਖੀ ਸੱਭਿਅਤਾ ਦੀ ਬੁਨਿਆਦ ਹੈ। ਇਸ ਦੀ ਰਾਖੀ ਕਰਨਾ ਮਨੁੱਖ ਦਾ ਪਹਿਲਾ ਧਰਮ ਹੈ। ਜੇਕਰ ਪਾਣੀ ਦਾ ਸੰਕਟ ਪੈਦਾ ਹੁੰਦਾ ਹੈ, ਤਾਂ ਇਸ ਧਰਤੀ ਉੱਤੇ ਮਨੁੱਖ ਦੀ ਹੋਂਦ ਉੱਪਰ ਪ੍ਰਸ਼ਨ ਚਿੰੰਨ੍ਹ ਲੱਗ ਸਕਦਾ ਹੈ।
– ਬਲਜੀਤ ਸਿੰਘ ਬਰਾੜ