May 28, 2026 4:04 am

ਸੰਸਦ ਦਾ ਬਜਟ ਸੈਸ਼ਨ ਅੱਜ ਤੋਂ-ਸਰਬ ਦਲ ਬੈਠਕ ‘ਚ ਵਿਰੋਧੀ ਧਿਰਾਂ ਤੋਂ ਮੰਗਿਆ ਸਹਿਯੋਗ

19 ਨੂੰ ਸਾਰੇ ਦਲਾਂ ਦੀ ਬੈਠਕ ‘ਚ ‘ਇੱਕ ਦੇਸ਼, ਇੱਕ ਚੋਣ’ ‘ਤੇ ਹੋਵੇਗੀ ਚਰਚਾ

ਨਵੀਂ ਦਿੱਲੀ, 16 ਜੂਨ- ਸੰਸਦ ਦਾ ਸੈਸ਼ਨ ਭਲਕੇ 17 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸੇ ਸੈਸ਼ਨ ਦੌਰਾਨ 4 ਜੁਲਾਈ ਨੂੰ ਪਹਿਲਾਂ ਦੇਸ਼ ਦਾ ਆਰਥਿਕ ਸਰਵੇਖਣ ਪੇਸ਼ ਹੋਵੇਗਾ ਤੇ ਫਿਰ ਅਗਲੇ ਦਿਨ 5 ਜੁਲਾਈ ਨੂੰ ਦੇਸ਼ ਦਾ ਸਾਲ 2019–2020 ਦਾ ਬਜਟ ਪੇਸ਼ ਹੋਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਦੇਸ਼, ਇੱਕ ਚੋਣ ਦੇ ਮੁੱਦੇ ‘ਤੇ ਚਰਚਾ ਲਈ ਸੰਸਦ ਭਵਨ ‘ਚ ਸਾਰੇ ਦਲਾਂ ਦੇ ਰਾਸ਼ਟਰੀ ਪ੍ਰਧਾਨਾਂ ਦੀ ਬੈਠਕ ਬੁਲਾਈ ਹੈ। ਇਹ ਬੈਠਕ 19 ਜੂਨ ਨੂੰ ਹੋਵੇਗੀ। ਮੋਦੀ ਸਰਕਾਰ ਦਾ ਪਹਿਲਾਂ ਤੋਂ ਹੀ ਇਹ ਏਜੰਡਾ ਰਿਹਾ ਹੈ। ਦੱਸਣਯੋਗ ਹੈ ਕਿ ਸੰਸਦ ਦਾ ਬਜਟ ਸੈਸ਼ਨ 17 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਅਤੇ 17 ਜੁਲਾਈ ਤੱਕ ਚਲੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਣ 4 ਜੁਲਾਈ ਨੂੰ ਆਰਥਿਕ ਸਮੀਖਿਆ ਪੇਸ਼ ਕਰੇਗੀ ਅਤੇ 5 ਜੁਲਾਈ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਨਵੇਂ ਚੁਣੇ ਗਏ ਲੋਕ ਸਭਾ ਦੇ ਪਹਿਲੇ ਸੈਸ਼ਨ ਤੋਂ ਇੱਕ ਦਿਨ ਪਹਿਲਾਂ 16 ਜੂਨ ਐਤਵਾਰ ਨੂੰ ਸਾਰੇ ਦਲਾਂ ਦੀ ਬੈਠਕ ਕੀਤੀ। ਸਰਕਾਰ ਨੇ ਇਸ ਸੈਸ਼ਨ ‘ਚ ਮਹੱਤਵਪੂਰਨ ਬਿੱਲ ਪਾਸ ਕਰਾਉਣ ਲਈ ਵਿਰੋਧੀ ਧਿਰ ਦਾ ਸਹਿਯੋਗ ਮੰਗਿਆ। ਇਸ ਵਿੱਚ ਤਿੰਨ ਤਲਾਕ ਬਿੱਲ ਵੀ ਸ਼ਾਮਿਲ ਹੈ, ਜਿਸ ਨੂੰ ਕੇਂਦਰੀ ਕੈਬਨਿਟ ਨੇ ਪਿਛਲੇ ਬੁੱਧਵਾਰ ਨੂੰ ਮਨਜ਼ੂਰੀ ਦਿੱਤੀ। ਐਤਵਾਰ ਨੂੰ ਸਰਕਾਰ ਵੱਲੋਂ ਬੁਲਾਈ ਗਈ ਸਾਰੇ ਦਲਾਂ ਦੀ ਬੈਠਕ ਨੂੰ ਲੈ ਕੇ ਖਣਿਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਾਨੂੰ ਵਿਰੋਧੀ ਦਲਾਂ ਨਾਲ ਹੀ ਸਹਿਯੋਗੀਆਂ ਤੋਂ ਵੀ ਸੁਝਾਅ ਮਿਲੇ ਹਨ। 19 ਜੂਨ ਨੂੰ ਹੋਣ ਵਾਲੀ ਬੈਠਕ ਵਿੱਚ ਮੋਦੀ ਵੀ ਮੌਜੂਦ ਰਹਿਣਗੇ। ਸੋਮਵਾਰ ਤੋਂ ਸ਼ੁਰੂ ਹੋ ਰਹੇ 17ਵੇਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਮੱਦੇਨਜ਼ਰ ਸੰਸਦ ‘ਚ ਸਰਬ ਪਾਰਟੀ ਬੈਠਕ ਬੁਲਾਈ। ਇਸ ਬੈਠਕ ਵਿੱਚ ਸ਼ਾਮਿਲ ਹੋਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ, ਪ੍ਰਹਿਲਾਦ ਜੋਸ਼ੀ ਅਤੇ ਥਾਵਰਚੰਦ ਗਹਿਲੋਤ ਸਮੇਤ ਤਮਾਮ ਵੱਡੇ ਆਗੂ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੈਠਕ ‘ਚ ਮੌਜੂਦ ਰਹੇ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 19 ਜੂਨ ਨੂੰ ਸੰਸਦ ‘ਚ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਦੀ ਬੈਠਕ ਬੁਲਾਈ ਹੈ।ਇਸ ਦੌਰਾਨ ਉਹ ‘ਵਨ ਨੇਸ਼ਨ, ਵਨ ਇਲਕੈਸ਼ਨ’ ਅਤੇ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਸਮੇਤ ਕਈ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕਰਨਗੇ। ਕੇਂਦਰੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸੰਸਦ ‘ਚ ਟੀਮ ਭਾਵਨਾ ਦਾ ਨਿਰਮਾਣ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ 19 ਜੂਨ ਨੂੰ ਸਾਰੇ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਦੀ ਬੈਠਕ ਬੁਲਾਈ ਹੈ। ਕਿਹਾ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਇਸ ਸੈਸ਼ਨ ਵਿੱਚ ਮਹੱਤਵਪੂਰਨ ਬਿਲਾਂ ਨੂੰ ਪਾਸ ਕਰਨ ਲਈ ਵਿਰੋਧੀਆਂ ਦਾ ਸਹਿਯੋਗ ਮੰਗੇਗੀ।

Send this to a friend