May 28, 2026 9:00 am

ਬਿਹਾਰ ‘ਚ ਲੂ ਕਾਰਨ 24 ਘੰਟਿਆਂ ‘ਚ 45 ਮੌਤਾਂ-ਸੈਂਕੜੇ ਹਸਪਤਾਲ ਦਾਖ਼ਲ

ਪਟਨਾ, 16 ਜੂਨ (ਪੰਜਾਬ ਟਾਇਮਜ਼ ਬਿਊਰੋ)- ਬਿਹਾਰ ਵਿੱਚ ਲੂ ਦੀ ਵਜ੍ਹਾ ਨਾਲ ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ 45 ਜਣਿਆਂ ਦੀ ਮੌਤ ਹੋ ਗਈ ਹੈ ਤੇ 100 ਤੋਂ ਵੱਧ ਹਸਪਤਾਲ ਦਾਖ਼ਲ ਹਨ। ਔਰੰਗਾਬਾਦ, ਗਯਾ ਤੇ ਨਵਾਦਾ ਜ਼ਿਲ੍ਹਿਆਂ ਵਿੱਚ ਲੂ ਲੱਗਣ ਦੀ ਵਜ੍ਹਾ ਨਾਲ ਇੰਨੀਆਂ ਮੌਤਾਂ ਹੋਈਆਂ ਹਨ। ਗਯਾ ਤੇ ਪਤਨਾ ਦਾ ਸ਼ਨਿੱਚਰਵਾਰ ਨੂੰ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਸੀ। ਗਯਾ ਦੇ ਜ਼ਿਲ੍ਹਾ ਅਧਿਕਾਰੀ ਅਭਿਸ਼ੇਕ ਸਿੰਘ ਨੇ 14 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਜਦੋਂ ਕਿ ਇੱਕ ਹੋਰ ਜ਼ਿਲ੍ਹਾ ਅਧਿਕਾਰੀ ਨੇ ਨਵਾਦਾ ਵਿੱਚ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਦੋਵਾਂ ਜ਼ਿਲ੍ਹਿਆਂ ਵਿੱਚ ਲੂ ਨਾਲ ਪ੍ਰਭਾਵਿਤ 60 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਗਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਨ੍ਹਾਂ ਮੌਤਾਂ ‘ਤੇ ਦੁੱਖ ਜਤਾਇਆ ਹੈ। ਪੀੜਤਾਂ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ। ਸਰਕਾਰ ਨੇ ਮ੍ਰਿਤਕਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਲੂ ਨੂੰ ਲੈ ਕੇ ਚੇਤਾਵਨੀ ਵੀ ਜਾਰੀ ਕੀਤੀ ਹੈ।

Send this to a friend