May 28, 2026 11:45 am

’84 ਸਿੱਖ ਕਤਲੇਆਮ: ਕਮਲਨਾਥ ਦੀ ਭੂਮਿਕਾ ਦੀ ਜਾਂਚ ਕਰੇਗੀ ਕੇਂਦਰ ਦੀ ਵਿਸ਼ੇਸ਼ ਜਾਂਚ ਟੀਮ

ਨਵੀਂ ਦਿੱਲੀ, 15 ਜੂਨ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਕਮਲਨਾਥ ਵਿਰੁੱਧ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਦਾਇਰ ਹੋਏ ਇੱਕ ਤਾਜ਼ਾ ਕੇਸ ਦੀ ਜਾਂਚ ਲਈ ਇੱਕ ‘ਵਿਸ਼ੇਸ਼ ਜਾਂਚ ਟੀਮ’ (ਸਿੱਟ) ਕਾਇਮ ਕਰਨ ਦਾ ਫ਼ੈਸਲਾ ਲਿਆ ਹੈ। ਇਹ ਜਾਦਕਾਰੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਮਲਨਾਥ ਵਿਰੁੱਧ ਜਾਂਚ ਦਾ ਮਾਮਲਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਰਾਹੀਂ ਉਦੋਂ ਦੇ ਗ੍ਰਹਿ ਮੰਤਰੀ ਕੋਲ ਉਠਾਇਆ ਸੀ ਤੇ ਇਸ ਸਬੰਧੀ ਦਸੰਬਰ 2018 ‘ਚ ਇੱਕ ਚਿੱਠੀ ਲਿਖੀ ਗਈ ਸੀ। ਸ੍ਰੀ ਸਿਰਸਾ ਨੇ ਕਿਹਾ ਕਿ ਕਮਲਨਾਥ ‘ਤੇ ਦੋਸ਼ ਹੈ ਕਿ 1 ਨਵੰਬਰ, 1984 ਨੂੰ ਉਸ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭੀੜ ਨੂੰ ਉਕਸਾਇਆ, ਜਿੱਥੇ 2 ਸਿੱਖਾਂ ਨੂੰ ਜਿਊਂਦੇ–ਜੀਅ ਸਾੜ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ 1 ਨਵੰਬਰ, 1984 ਨੂੰ ਇਸ ਸਬੰਧੀ ਐੱਫ਼.ਆਈ.ਆਰ ਨੰਬਰ 601/84 ਪਾਰਲੀਮੈਂਟ ਸਟ੍ਰੀਟ ਪੁਲਿਸ ਥਾਣੇ ‘ਚ ਦਾਇਰ ਹੋਈ ਸੀ। ਉਸ ਮਾਮਲੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਤਾਂ ਪੇਸ਼ ਕੀਤੀ ਸੀ ਪਰ ਜਾਣਬੁੱਝ ਕੇ ਕਮਲਨਾਥ ਨੂੰ ਛੱਡ ਦਿੱਤਾ ਗਿਆ ਸੀ। ਸ੍ਰੀ ਸਿਰਸਾ ਨੇ ਦੱਸਿਆ ਕਿ ਦੁੱਖ ਦੀ ਗੱਲ ਇਹ ਵੀ ਹੈ ਕਿ ਉਨ੍ਹਾਂ ਸਾਰੇ ਪੰਜ ਦੋਸ਼ੀਆਂ ਦੇ ਰਿਹਾਇਸ਼ੀ ਪਤੇ ਸ੍ਰੀ ਕਮਲਨਾਥ ਦੇ ਘਰ ਦੇ ਹਨ।

Send this to a friend