ਜਲੰਧਰ/ਚੰਡੀਗੜ੍ਹ, 5 ਜੂਨ (ਏਕਮਜੀਤ ਸਿੰਘ ਬਰਾੜ)- ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੇ ਐਕਸਾਈਜ਼ ਵਿੰਗ ਦੇ ਡਾਇਰੈਕਟਰ-ਕਮ-ਐਡੀਸ਼ਨਲ ਕਮਿਸ਼ਨਰ ਸ. ਗੁਰਤੇਜ ਸਿੰਘ ਨੂੰ ਵੈਟ ਟ੍ਰਿਬਿਊਨਲ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਰਿਟਾਇਰਡ ਜਸਟਿਸ ਐੱਮ.ਐੱਮ.ਐੱਸ ਬੇਦੀ ਦੀ ਅਗਵਾਈ ‘ਚ ਗਠਿਤ ਕੀਤੀ ਗਈ ਇਸ ਕਮੇਟੀ ‘ਚ ਮੈਂਬਰੀ ਮਿਲਣਾ ਕਾਫੀ ਅਹਿਮੀਅਤ ਰੱਖਦਾ ਹੈ। ਸ. ਗੁਰਤੇਜ ਸਿੰਘ ਅਜਿਹੇ ਲਾਇਕ ਅਧਿਕਾਰੀ ਹਨ, ਜਿਨ੍ਹਾਂ ਦੇ ਕਾਰਜਕਾਲ ਵਿੱਚ ਐਕਸਾਈਜ਼ ਵਿਭਾਗ ਨੇ ਸਾਰੇ ਟਾਰਗੈਟ ਪੂਰੇ ਕੀਤੇ ਹਨ। ਮੌਜੂਦਾ ਸਮੇਂ ‘ਚ ਜਿੱਥੇ ਜੀ.ਐੱਸ.ਟੀ. ਵਿਭਾਗ ਦੂਜੇ ਰਾਜਾਂ ਦੇ ਮੁਕਾਬਲੇ ਪਿੱਛੇ ਜਾ ਰਿਹਾ ਹੈ ਅਤੇ ਆਪਣੇ ਟਾਰਗੈਟ ਨੂੰ ਪੂਰਾ ਨਹੀਂ ਕਰ ਰਿਹਾ, ਉੱਥੇ ਐਕਸਾਈਜ਼ ਵਿਭਾਗ ਵਿੱਚ ਬਰਾਬਰ ਹਰ ਸਾਲ ਵੱਧਦੇ ਟਾਰਗੈਟ ‘ਚ ਐਕਸਾਈਜ਼ ਵਿੱਚ ਰੈਵੀਨਿਊ ਹਰ ਸਾਲ ਵੱਧ ਰਿਹਾ ਹੈ। ਇਸ ਸਾਲ 2018-19 ਵਿੱਚ ਵੀ 5400 ਕਰੋੜ ਰੁਪਏ ਸਾਲਾਨਾ ਦੇ ਮੁਕਾਬਲੇ 15 ਫ਼ੀਸਦੀ ਹੋਰ ਟਾਰਗੈਟ ਵਧਾ ਦਿੱਤਾ ਗਿਆ ਹੈ। ਐਕਸਾਈਜ਼ ਵਿਭਾਗ ਜਿਸ ਤਰ੍ਹਾਂ ਕੰਮ ਕਰ ਰਿਹਾ ਹੈ, ਉਸ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਸਾਲ ਵੀ ਟਾਰਗੈਟ ਤੋਂ ਵੱਧ ਰੈਵੀਨਿਊ ਪੰਜਾਬ ਸਰਕਾਰ ਨੂੰ ਪਹੁੰਚੇਗਾ।