ਉਸ ਦੀ ਸਵੈ-ਜੀਵਨੀ ‘ਤਿਕੋਨਾ ਸਫ਼ਰ’ ਇਸੇ ਤਾਲਾਸ਼ ਦੇ ਨਕਸ਼ ਉਭਾਰਦੀ ਹੈ। ਜਿਸ ਸਮੇਂ ਯੇਗਿਵਨੀ ਯੇਵਤੁਸ਼ੈਂਕੋ ਨੇ ਆਪਣੀ ਆਤਮ-ਕਥਾ ਲਿਖੀ ਸੀ ਤਾਂ ਉਸ ਦੀ ਆਰੰਭਤਾ ਕਰਦਿਆਂ ਉਸ ਨੇਕਿਹਾ ਸੀ ਕਿ ਕਵੀ ਦੀ ਕਵਿਤਾ ਹੀ ਉਸ ਦੀ ਆਤਮ-ਕਥਾ ਹੁੰਦੀ ਹੈ। ਇਸ ‘ਆਤਮ-ਕਥਾ’ ਤੋਂ ਇਲਾਵਾ ਸਾਨੂੰ ਜੋ ਕੁਝ ਵਿਚ ਉਸ ਅੰਦਰ ਹਾਸਲ ਹੁੰਦਾ ਹੈ, ਉਹ ਸਭ ਕੁਝ ਇਕ ਪ੍ਰਕਾਰ ਨਾਲ ਮਾਤਰ ਫ਼ੁੱਟਨੋਟ ਹੀ ਹੈ, ਕਿਉਂਕਿ ਕਵੀ ਸਿਰਫ਼ ਕਵੀ ਉਦੋਂ ਹੀ ਹੁੰਦਾ ਹੈ, ਜਦੋਂ ਪਾਠਕ ਉਸ ਨੂੰ ਪੂਰਨ ਰੂਪ ਵਿਚ ਦੇਖ ਸਕਦਾ ਹੈ, ਜਿਵੇਂਕਿ ਉਸ ਨੇ ਉਸ ਦੀਆਂ ਤਮਾਮ ਭਾਵਨਾਵਾਂ, ਵਿਚਾਰਾਂ ਅਤੇ ਕਾਰਜਾਂ ਦੇ ਨਾਲ ਉਸ ਨੂੰ ਆਪਣੀਆਂ ਹਥੇਲੀਆਂ ਅੰਦਰ ਲੈ ਰੱਖਿਆ ਹੋਵੇ। ‘ਤਿਕੋਨਾ ਸਫ਼ਰ’ ਇਸ ਦੀ ਇਕ ਆਬਸ਼ਾਰੀ ਉਦਾਹਰਨ ਹੈ।ਜਿਸ ਅੰਦਰ ਦੇਵ ਨੇ ਆਪਣੇ ਜੀਵਨ ਅੰਦਰਲੇ ਚਮਕਦੇ ਤਾਰਿਆਂ ਵਿਚਲੀ ਉਦਾਸ ਲੋਅ ਦਾ, ਜ਼ਿੰਦਗੀ ਦੇ ਉਤਰਾਵਾਂ-ਚੜ੍ਹਾਵਾਂ ਸੰਗ ਰਚੀ ਗਈ ਕਹਾਣੀ ਸਮੇਤ ਇਕ ਅਜਿਹਾ ਜ਼ਿਕਰ ਕੀਤਾ ਹੈ, ਜਿਸ ਨੂੰ ਪੜ੍ਹਦਿਆਂ ਬੇਸ਼ੱਕ ਸਾਨੂੰ ਕਦੀ-ਕਦੀ ਇਹ ਮਹਿਸੂਸ ਹੁੰਦਾ ਹੈ ਕਿ ਉਸ ਨੇ ਆਪਣੀ ਜਲਾਵਤਨੀ ਦੇ ਛਲ-ਰੂਪੀ ਛੱਪੜਾਂ ਅੰਦਰ ‘ਸਭ ਕੁਝ’ ਹੁੰਦਿਆਂ ਹੋਇਆਂ ਵੀ ਬਹੁਤ ਕੁਝ ਗੁਆ ਲਿਆ ਹੈ, ਪਰ ਫਿਰ ਵੀ ਜਿਸ ਨੂੰ ਇਹ ਭਰਪੂਰ ਯਕੀਨ ਹੈ ਕਿ ਉਹ ਉਡਾਨ ਦੀ ਪਹਿਲੀ ਅੰਗੜਾਈ ਦੇ ਨਾਲ ਕੱਲ੍ਹ ਨੂੰ ਮੁੜ ਉਦੈ ਹੋਵੇਗਾ।’ਤਿਕੋਨਾ ਸਫ਼ਰ’ ਦੀਆਂ ਇਨ੍ਹਾਂ ਪਰਤਾਂ ਨੂੰ ਪਾਰ ਕਰਦਾ ਹੋਇਆ ਦੇਵ ਜਦੋਂ ਬੀਤੇ ਦਿਨੀਂ ਨਵੀਂ ਦਿੱਲੀ ਵਿਖੇ ਆਉਂਦਾ ਹੈ, ਤਾਂ ਉਹ ਮੈਨੂੰ ਇਸੇ ਉਡਾਨ ਦਾ ਪ੍ਰਤੀਕ ਜਾਪਦਾ ਹੈ।
ਹਾਲਾਂਕਿ ਇਕ ਥਾਂ ਗੁਰਬਚਨ ਨੇ ਲਿਖਿਆ ਹੈ ਕਿ ਜਦੋਂ ਕਦੀ ਦੇਵ ਤੁਹਾਨੂੰ ਮਿਲਦਾ ਹੈ ਤਾਂ ਉਹ ਉਦੋਂ ਸਿਰਫ਼ ਤੁਹਾਡਾ ਹੁੰਦਾ ਹੈ। ਅਗਲੇ ਪਲ ਸੰਭਵ ਹੈ, ਉਸ ਨੂੰ ਯਾਦ ਨਾ ਰਹੇ ਕਿ ਤੁਸੀਂ ਉਸ ਨੂੰੰੰ ਮਿਲੇ ਸੀ। ਹਰ ਗੁਜ਼ਰ ਰਿਹਾ ਪਲ ਉਸ ਲਈ ਇਕਲੌਤੀ ਹਕੀਕਤ ਹੈ, ਪਰ ਮੈਂ ਇਹ ਸਮਝਦਾ ਹਾਂ ਕਿ ਵਾਸਤਵ ਵਿਚ ਅਜਿਹਾ ਨਹੀਂ ਹੈ। ਦੇਵ ਤੁਹਾਨੂੰ ਮਿਲਦਾ ਹੈ ਤੇ ਖ਼ੂਬ ਮਿਲਦਾ ਹੈ, ਪਰ ਇਹ ਮਿਲ਼ਣ ਉਸ ਉੱਪਰ ਹੀ ਨਿਰਭਰ ਕਰਦਾ ਹੈ ਕਿ ਉਹ ਕਿਸ ਨੂੰ ਮਿਲਣਾ ਚਾਹੁੰਦਾ ਹੈ। ਆਪਣੇ ਮੇਲ ਦੀ ਸਿਰਜਣਾ ਉਹ ਆਪਣੀ ਚਿੱਤਰਕਾਰੀ ਵਾਂਗ ਬੇਹੱਦ ਅਮੂਰਤ ਰੂਪ ਵਿਚ ਕਰਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਉਸ ਦੀਆਂ ਬਣਾਈਆਂ ਤਸਵੀਰਾਂ ਵਾਂਗ ਉਸ ਦੀਆਂ ਮਿਲਣੀਆਂ ਦਾ ਦੌਰ ਬੇਹੱਦ ਰੰਗੀਨ ਹੋ ਜਾਂਦਾ ਹੈ, ਤੇ ਕਈ ਵਾਰ ਇਸ ਅੰਦਰਲੀਆਂ ਰੰਗੀਨੀਆਂ ਰੰਗਾਂ ਦੀ ਹੋਂਦ ਨੂੰ ਨਿਰਹੋਂਦ ਬਣਾ ਦਿੰਦੀਆਂ ਹਨ। ਲੰਮੇ ਅਰਸੇ ਬਾਅਦ ਅਜਿਹਾ ਇਕ ਵਾਰ ਫਿਰ ਉਸ ਸਮੇਂ ਵਾਪਰਿਆ ਜਦੋਂ ਦੇਵ ਲੰਘੇਜਨਵਰੀ ਮਹੀਨੇ ਇਨ੍ਹਾਂ ਰੰਗੀਨੀਆਂ ਸੰਗ ਸੱਜਦੇ ਹੋਏ ਆਪਣਾ ‘ਤਿਕੋਨਾ ਸਫ਼ਰ’ ਤੈਅ ਕਰਦਾ ਹੋਇਆ,ਇਕ ਵਾਰ ਫਿਰ ਤੋਂ ਉਸੇ ਥਾਂ ਆਣ ਪੁੱਜਾ ਸੀ, ਜਿੱਥੋਂ ਕਦੀ ਉਹ ਦੂਰ ਜਾਣ ਦੀਆਂ ਇੱਛਾਵਾਂ ਦੇ ਤੀਬਰ ਵੇਗ ਅੰਦਰ ਗਤੀਸ਼ੀਲ ਹੁੰਦਾ ਹੋਇਆ ਯੂਰਪ ਦੀਆਂ ਪੌੜੀਆਂ ਚੜ੍ਹ ਗਿਆ ਸੀ। ਭਾਵੇਂਕਿ ਯੂਰਪ ਨੇ ਦੇਵ ਨੂੰ ਬਹੁਤ ਕੁਝ ਦਿੱਤਾ, ਪਰ ਮੈਂ ਸਮਝਦਾ ਹਾਂ ਉਸ ਨੇ ਉਸ ਪਾਸੋਂ ਕਿੰਨਾ ਹੀ ਕੁਝਇਕ ਤਰ੍ਹਾਂ ਨਾਲ ਖੋਹ ਵੀ ਲਿਆ ਹੈ।
ਜਨਵਰੀ ਦੀ ਇਕ ਸ਼ਾਮ ਢਲ਼ਣ ਹੀ ਵਾਲੀ ਸੀ ਕਿ ਦੇਵ ਤੇ ਮੈਂ ਆਪਣੀ ਮੰਗੇਤਰ ਨਾਲ ਸਾਰਾ ਦਿਨ ਗੁਜ਼ਾਰਨ ਤੋਂ ਬਾਅਦ ਹੌਜ਼-ਖ਼ਾਸ ਦੀਆਂ ਉਨ੍ਹਾਂ ਰਾਹਾਂ ਉੱਪਰ ਚੱਲ ਰਹੇ ਸੀ, ਜਿੱਥੇ ਦੇਵ ਕਦੀ ਅਕਸਰ ਹੀ ਆਪਣੀਆਂ ਯਾਦਾਂ ਸੰਗ ਸੈਰ ਕਰਿਆ ਕਰਦਾ ਸੀ।ਇਕ ਲੰਮੀ ਤੱਕਣੀ ਤੇ ਖ਼ੂਬਸੂਰਤ ਚੁੱਪ ਤੋਂ ਬਾਅਦ ਸਾਨੂੰ ਮੁਖ਼ਾਤਿਬ ਹੁੰਦਿਆਂ, ਉਹ ਆਖਦਾ ਹੈ- ਮੈਂ ਪੰਜਾਬ ਤੇ ਦਿੱਲੀ ਨੂੰ ਕਦੀ ਨਹੀਂ ਭੁੱਲ ਸਕਦਾ, ਕਿਉਂਕਿ ਇਹ ਹਰ ਵੇਲੇ ਇਹ ਮੇਰੇ ਅੰਦਰ ਧੜਕਦੇ ਰਹਿੰਦੇ ਹਨ। ਮੈਂ ਇਨ੍ਹਾਂ ਨੂੰ ਚਾਹ ਕੇ ਵੀ ਆਪਣੇ ਤੋਂ ਦੂਰ ਨਹੀਂ ਕਰ ਪਾਇਆ। ਭਾਪਾ ਪ੍ਰੀਤਮ ਸਿੰਘ ਤੇ ਭੈਣ ਰੇਣੁਕਾ ਨੇ ਮੈਨੂੰ ਏਨਾ ਪਿਆਰ ਦਿੱਤਾ ਹੈ ਕਿ ਜ਼ਿੰਦਗੀ ਦੇ ਇਸ ਪੜਾਅ ‘ਤੇ ਆ ਕੇ ਵੀ ਮੈਨੂੰ ਇਹ ਪਿਆਰ ਸਮੁੱਚਾ ਪੰਜਾਬ ਤੇ ਦਿੱਲੀ ਹੀ ਜਾਪਦਾ ਹੈ, ਕਿਉਂਕਿ ਇਹ ਹਰ ਰੋਜ਼ ਵੱਧਦਾ ਹੀ ਰਹਿੰਦਾ ਹੈ। ਮੈਂ ਇਸ ਪਿਆਰ ਨੂੰ ਹਮੇਸ਼ਾ ਬੇਹੱਦ ਪਵਿੱਤਰਤਾ ਸੰਗ ਆਪਣੇ ਨਾਲ ਰੱਖਿਆ ਹੈ। ਮੈਂ ਵੇਖ ਰਿਹਾ ਸੀ ਕਿ ਉਹ ਕਿੰਨਾ ਹੀ ਕੁਝ ਹੋਰ ਵੀ ਬੋਲ ਰਿਹਾ ਹੈ। ਆਪਣੀਆਂ ਯਾਦਾਂ ਨੂੰ ਫਰੋਲਦਿਆਂ ਦੇਵ ਬੇਹੱਦ ਭਾਵੁਕ ਹੋ ਜਾਂਦਾ ਹੈ। ਉਸ ਕੋਲ ਆਪਣੀਆਂ ਤਸਵੀਰਾਂ ਦੇ ਕੈਟਲਾਗ ਹਨ, ਜਿਹੜੇ ਉਸ ਨੇ ਖ਼ਾਸ ਤੌਰ ‘ਤੇ ਮੇਰੇ ਲਈ ਸਵਿਟਜ਼ਰਲੈਂਡ ਤੋਂ ਲਿਆਂਦੇ ਸਨ। ਉਹ ਤਸਵੀਰਾਂ ਦਿਖਾਉਂਦਾ ਹੈ। ਹਰ ਤਸਵੀਰ ਨਾਲ ਉਸ ਦੀ ਇਕ ਕਹਾਣੀ ਜੁੜੀ ਹੋਈ ਹੈ, ਕਿਉਂਕਿ ਤਸਵੀਰ ਅਮੂਰਤ ਹੈ, ਇਸ ਲਈ ਕਹਾਣੀ ਨੂੰ ਸਮਝਣ ਲਈ ਮੈਂ ਥੋੜ੍ਹੀ ਹੋਰ ਵਧੇਰੇ ਮਿਹਨਤ ਕਰਦਾ ਹਾਂ। ਯਾਦਾਂ ਤੇ ਤਸਵੀਰਾਂ ਹੁਣ ਇਕ-ਦੂਜੇ ਅੰਦਰ ਰਚ-ਮਿਚ ਜਾਂਦੀਆਂ ਹਨ। ਦੇਵ ਬੋਲ ਰਿਹਾ ਹੈ। ਮੈਂ ਦਿੱਲੀ ਆਇਆ ਹੋਇਆ ਹਾਂ, ਪਰ ਆਪਣੇ ਪੁੱਤਰ ਨੂੰ ਨਹੀਂ ਮਿਲ ਪਾਇਆ। ਮੈਂ ਚੰਡੀਗੜ੍ਹ ਵੀ ਜਾਣਾ ਸੀ, ਉੱਥੇ ਕੁਝ ਦੋਸਤ ਰਹਿੰਦੇ ਹਨ, ਪਰ ਜਾਵਾਂਗਾ ਨਹੀਂ, ਆਦਿ।ਉਸ ਨੂੰ ਬੋਲਦਿਆਂ ਮੈਂ ਸੋਚਦਾ ਹਾਂ ਕਿ ਇਹ ਕਿਸ ਤਰ੍ਹਾਂ ਦੀ ਵਿਡੰਬਨਾ ਹੈ, ਜਿਸ ਦੇ ਕਾਰਨ ਜ਼ਿੰਦਗੀ ਦਾ ਇਹ ‘ਤਿਕੋਨਾ ਸਫ਼ਰ’ ਦੇਵ ਲਈ ਸਾਰੀ ਉਮਰ ਹੋਰਾਂ ਦੀ ਖੇਡ ਦਾ ਸੰਦ ਬਣ ਕੇ ਰਹਿ ਗਿਆ ਹੈ? ਬੇਸ਼ੱਕ ਹੌਜ਼-ਖ਼ਾਸ ਅੱਜ ਵੀ ਮੌਜੂਦ ਹੈ, ਹਾਲਂਕਿ ਉਸ ਦੇ ਰੰਗ ਜ਼ਰੂਰ ਬਦਲ ਗਏ ਹਨ, ਪਰ ਦੇਵ ਨੂੰ ਉਸ ਦੇ ਪੁਰਾਣੇ ਰੰਗਾਂ ਨਾਲ ਹੀ ਇਸ਼ਕ ਹੈ, ਉਹ ਉਨ੍ਹਾਂ ਨੂੰ ਹੀ ਭਾਲ਼ਦਾ ਫਿਰ ਰਿਹਾ ਹੈ। ਬਿਲਕੁਲ ਪੰਜਾਬੀ ਸਾਹਿੱਤ ਅਤੇ ਪੰਜਾਬ ਦੇ ਵਾਤਾਵਰਣ ਸਮਾਨ, ਪਰ ਰੰਗ ਕਦੋਂ ਇਕੋ ਜਿਹੇ ਰਹਿੰਦੇ ਹਨ? ਮੈਂ ਸੋਚਦਾ ਹਾਂ। ਦੇਵ ਦੀਆਂ ਅੱਖਾਂ ਅੰਦਰੋਂ ਉੱਭਰ ਰਹੀ ਭਾਵੁਕਤਾ ਇਨ੍ਹਾਂ ਘਸਮੈਲ਼ੇ ਹੋ ਰਹੇ ਰੰਗਾਂ ਦੀ ਆਰੰਭਤਾ ਦਾ ਦੌਰ ਮੇਰੇ ਸਾਹਮਣੇ ਰੱਖਦੀ ਤੁਰ ਰਹੀ ਸੀ।ਮੈਂ ਵੇਖਦਾ ਹਾਂ ਕਿ ਉਸ ਦੇ ਚੇਤਿਆਂ ਵਿਚੋਂ ਪੰਜਾਬ ਹੁਣ ਇਕ ਲੰਮੀ ਉਡਾਨ ਭਰ ਕੇ ਉਸ ਦੀਆਂ ਪਲਕਾਂ ਉੱਪਰ ਆਣ ਬੈਠਾ ਹੈ। ਉਹ ਜਾਗਦਾ ਹੈ। ਸੌਂਦਾ ਹੈ। ਸੁਪਨਿਆਂ ਦੀਆਂ ਸੂਖ਼ਮਤਾਈਆਂ ਤੋਂ ਲੈ ਕੇ ਹੱਥਾਂ ਦੀਆਂ ਲਕੀਰਾਂ ਵਿਚੋਂ ਕਿਸਮਤ ਦੇ ਨਕਸ਼ਾਂ ਨੂੰ ਭਾਲ਼ਦਾ, ਉਹ ਮੁੜ ਪੰਜਾਬ ਆਉਣ ਲਈ ਤਾਂਘਦਾ ਹੈ, ਪਰ ਜੇਕਰ ਤੁਸੀਂ ਕਦੇ ਸਮੇਂ ਦਾ ਜ਼ਾਲਮਪੁਣਾ ਵੇਖਿਆ ਹੋਵੇ ਤਾਂ ਇਹ ਸਹਿਜੇ ਹੀ ਸਮਝ ਸਕਦੇ ਹੋ ਕਿ ਦੇਵ ਦੇ ਇਹ ਨਕਸ਼ ਹੁਣ ਆਪਣੀ ਕੈਨਵਸ ਦੇ ਰੰਗਾਂ ਵਾਂਗ ਗੂੜ੍ਹਤਾ ਤਾਂ ਬੇਸ਼ੱਕ ਹਾਸਲ ਕਰ ਰਹੇ, ਪਰ ਇਕ ਤਿਲਿਸਮ ਦੇ ਟੁੱਟਣ ਵਾਂਗ ਇਹ ਨਾਲ-ਨਾਲ ਹੌਲ਼ੀ-ਹੌਲ਼ੀ ਮਿਟਦੇ ਵੀ ਜਾ ਰਹੇ ਹਨ। ਇਸ ਤੋਂ ਇਲਾਵਾਹੁਣ ਇਕ ਵੱਡੀ ਸਮੱਸਿਆ ਇਹ ਵੀ ਹੈ ਕਿ ਉਹ ਪਰਛਾਵਿਆਂ ਨਾਲ ਦਸਤਪੰਜਾ ਨਹੀਂ ਲੈ ਸਕਦਾ।’ਤਿਕੋਨਾ ਸਫ਼ਰ’ ਇੱਥੋਂ ਹੀ ਮੁੜ ਆਪਣੇ ਰਾਹੀਂ ਪੈ ਜਾਂਦਾ ਹੈ।
ਮੈਂ ਸੁੱਖ-ਸ਼ਾਂਤੀ ਨਾਲ ਘਰ ਪਹੁੰਚ ਗਿਆ ਹਾਂ। ਸਵਿਟਰਜ਼ਲੈਂਡ ਤੋਂ ਆਏ ਇਕ ਫ਼ੋਨ ‘ਤੇ ਮੈਨੂੰਦੇਵ ਆਖ ਰਿਹਾ ਹੈ।
– ਸਮਾਪਤ