ਕੌਮੀ ਪੱਧਰ ‘ਤੇ ਕੁਝ ਦੇਰ ਪਹਿਲਾਂ ਦੇਸ਼ ਦੀ ਸਿਆਸਤ ਵਿਚ ਉੱਭਰੀ ਆਮ ਆਦਮੀ ਪਾਰਟੀ ਦੀ ਥੋੜ੍ਹੇ ਹੀ ਸਾਲਾਂ ਵਿਚ ਜੋ ਹਾਲਤ ਹੋ ਗਈ ਹੈ, ਉਹ ਨਮੋਸ਼ੀ ਵਾਲੀ ਹੈ। ਅੰਨਾ ਹਜ਼ਾਰੇ ਵਲੋਂ ਆਰੰਭੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿਚ ਉੱਭਰਿਆ ਅਰਵਿੰਦ ਕੇਜਰੀਵਾਲ ਅੱਜ ਬੇਹੱਦ ਵਿਵਾਦਪੂਰਨ ਵਿਅਕਤੀ ਬਣ ਚੁੱਕਾ ਹੈ। ਪਿਛਲੇ ਸਮੇਂ ਵਿਚ ਜਿੰਨੇ ਭ੍ਰਿਸ਼ਟਾਚਾਰ ਦੇ ਦੋਸ਼ ਉਸ ਉੱਪਰ ਲਗਾਏ ਗਏ ਹਨ, ਉਹ ਘੱਟ ਹੀ ਆਗੂਆਂ ਦੇ ਹਿੱਸੇ ਆਏ ਹਨ। ਉਸ ਉੱਪਰ ਚੋਣਾਂ ਸਮੇਂ ਉਮੀਦਵਾਰਾਂ ਤੋਂ ਰਕਮਾਂ ਲੈ ਕੇ ਟਿਕਟਾਂ ਦੇਣ ਦਾ ਦੋਸ਼ ਲਗਦਾ ਰਿਹਾ। ਪੰਜਾਬ ਵਿਚ ਵੀ ਚਿਰਾਂ ਤੋਂ ਕੇਜਰੀਵਾਲ ਅਤੇ ਉਸ ਦੇ ਸਾਥੀਆਂ ‘ਤੇ ਅਜਿਹੇ ਦੋਸ਼ ਲਗਦੇ ਰਹੇ ਹਨ।ਦਿੱਲੀ ਵਾਸੀਆਂ ਨੇ ਇਸ ਵਿਅਕਤੀ ਨੂੰ ਪ੍ਰਸ਼ਾਸਨ ਚਲਾਉਣ ਲਈ ਦੋ ਵਾਰ ਮੌਕੇ ਦਿੱਤੇ। ਸਾਲ 2015 ਵਿਚ ਦਿੱਲੀ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ 70 ਵਿਚੋਂ 67 ਸੀਟਾਂ ਮਿਲੀਆਂ ਸਨ, ਭਾਰਤੀ ਜਨਤਾ ਪਾਰਟੀ ਨੂੰ ਸਿਰਫ 3 ਅਤੇ ਕਾਂਗਰਸ ਨੂੰ ਇਕ ਸੀਟ ਵੀ ਨਹੀਂ ਸੀ ਮਿਲੀ। ਅੱਜ ਇਸ ਪਾਰਟੀ ਦਾ ਹਾਲ ਇਹ ਹੋ ਚੁੱਕਾ ਹੈ ਕਿ ਦਿੱਲੀ ਰਾਜ ਵਿਚ ਇਸ ਨੇ ਲੋਕ ਸਭਾ ਲਈ 7 ਸੀਟਾਂ ‘ਤੇ ਚੋਣਾਂ ਲੜੀਆਂ ਸਨ। ਇਨ੍ਹਾਂ ਵਿਚੋਂ ਇਕ ਸੀਟ ‘ਤੇ ਵੀ ਇਹ ਪਾਰਟੀ ਜਿੱਤ ਪ੍ਰਾਪਤ ਨਹੀਂ ਕਰ ਸਕੀ, ਸਗੋਂ ਬਹੁਤੀਆਂ ਸੀਟਾਂ ‘ਤੇ ਇਸ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਆਉਂਦੇ ਸਾਲ ਇਥੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਉਨ੍ਹਾਂ ਵਿਚ ਇਸ ਪਾਰਟੀ ਦਾ ਹਸ਼ਰ ਕੀ ਹੋਵੇਗਾ, ਇਸ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਇਸ ਨੂੰ ਆਪਣੇ ਹੋਣ ਵਾਲੇ ਹਸ਼ਰ ਦਾ ਪਤਾ ਲੱਗ ਚੁੱਕਾ ਸੀ। ਇਸ ਲਈ ਕੇਜਰੀਵਾਲ ਨੇ ਕਾਂਗਰਸ ਨਾਲ ਰਲ ਕੇ ਚੋਣਾਂ ਲੜਨ ਦੀਆਂ ਵਾਰ-ਵਾਰ ਅਪੀਲਾਂ ਕੀਤੀਆਂ ਪਰ ਕਾਂਗਰਸ ਇਸ ਲਈ ਰਾਜ਼ੀ ਨਾ ਹੋਈ। ਇਹ ਉਹੀ ਕਾਂਗਰਸ ਪਾਰਟੀ ਹੈ, ਜਿਸ ਉੱਪਰ ਭ੍ਰਿਸ਼ਟਾਚਾਰ ਅਤੇ ਹੋਰ ਮਸਲਿਆਂ ਨੂੰ ਲੈ ਕੇ ਕੇਜਰੀਵਾਲ ਅਤੇ ਉਸ ਦੇ ਸਾਥੀ ਲਗਾਤਾਰ ਬੰਬਾਰੀ ਕਰਦੇ ਰਹੇ ਸਨ। ਇਸ ਵਾਰ ਦੇਸ਼ ਭਰ ਵਿਚ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਦੀਆਂ 40 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਇਨ੍ਹਾਂ ਵਿਚ ਦਿੱਲੀ, ਬਿਹਾਰ, ਗੋਆ, ਪੰਜਾਬ, ਹਰਿਆਣਾ, ਓਡੀਸ਼ਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਅੰਡੇਮਾਨ ਅਤੇ ਨਿਕੋਬਾਰ ਆਦਿ ਸ਼ਾਮਿਲ ਸਨ, ਪਰ ਸਿਰਫ ਪੰਜਾਬ ‘ਚੋਂ ਹੀ ਇਸ ਨੂੰ ਇਕ ਸੀਟ ਪ੍ਰਾਪਤ ਹੋਈ ਹੈ। ਬਾਕੀ ਸਭ ‘ਤੇ ਇਹ ਪਾਰਟੀ ਫਾਡੀ ਰਹੀ ਹੈ। ਇਸ ਦਾ ਸਮੁੱਚਾ ਵੋਟ ਸ਼ੇਅਰ ਬੇਹੱਦ ਨਿਗੁਣਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਤਾਂ ਇਸ ਨੂੰ 0.01 ਫ਼ੀਸਦੀ ਵੋਟਾਂ ਹੀ ਮਿਲੀਆਂ ਹਨ ਅਤੇ ਹਰਿਆਣਾ ਵਿਚ ਇਹ ਵੋਟ ਸ਼ੇਅਰ 0.36 ਹੈ। ਬਿਹਾਰ ਵਿਚ 0.06, ਓਡੀਸ਼ਾ ਵਿਚ 0.03 ਫ਼ੀਸਦੀ ਹੈ। ਇਸ ਤੋਂ ਹੀ ਇਹ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਸ ਪਾਰਟੀ ਦਾ ਕੀ ਹਸ਼ਰ ਹੋਇਆ ਹੈ। ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ‘ਤੇ ਇਸ ਦਾ ਉਮੀਦਵਾਰ ਭਗਵੰਤ ਮਾਨ ਹੀ ਜੇਤੂ ਰਿਹਾ ਹੈ। ਤਲਵੰਡੀ ਸਾਬੋ ਤੋਂ ਪ੍ਰੋ: ਬਲਜਿੰਦਰ ਕੌਰ ਨੂੰ ਅਤੇ ਫ਼ਰੀਦਕੋਟ ਤੋਂ ਪ੍ਰੋ: ਸਾਧੂ ਸਿੰਘ ਨੂੰ ਹੀ ਇਕ ਲੱਖ ਤੋਂ ਵਧੇਰੇ ਵੋਟ ਪਏ ਹਨ। ਬਾਕੀ ਸਾਰੀਆਂ ਹੀ ਸੀਟਾਂ ‘ਤੇ ਇਸ ਦੇ ਉਮੀਦਵਾਰ ਹਜ਼ਾਰਾਂ ਵੋਟਾਂ ਤੱਕ ਹੀ ਸੁੰਗੜ ਗਏ ਹਨ, ਜਦੋਂ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਇਹ ਪਾਰਟੀ ਪੰਜਾਬ ਵਿਚੋਂ 4 ਸੀਟਾਂ ਜਿੱਤੀ ਸੀ ਅਤੇ ਇਸ ਦਾ ਵੋਟ ਪ੍ਰਤੀਸ਼ਤ 25 ਫ਼ੀਸਦੀ ਸੀ, ਜੋ ਹੁਣ ਘਟ ਕੇ 7.36 ਫ਼ੀਸਦੀ ਰਹਿ ਗਿਆ ਹੈ। ਸੂਬੇ ਵਿਚ ਇਸ ਪਾਰਟੀ ਦੇ ਖੜ੍ਹੇ 13 ਹਲਕਿਆਂ ਦੇ ਉਮੀਦਵਾਰਾਂ ਵਿਚੋਂ 8 ਨੂੰ ਤਾਂ 5 ਫ਼ੀਸਦੀ ਤੋਂ ਵੀ ਘੱਟ ਵੋਟ ਪ੍ਰਾਪਤ ਹੋਏ ਹਨ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਪਾਰਟੀ ਦੇ 20 ਉਮੀਦਵਾਰ ਜੇਤੂ ਰਹੇ ਸਨ ਅਤੇ ਇਹ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਵਜੋਂ ਉੱਭਰੀ ਸੀ, ਪਰ ਦਿੱਲੀ ਬੈਠੇ ਇਸ ਦੇ ਆਗੂਆਂ ਦੀ ਤਾਨਾਸ਼ਾਹੀ, ਸਵਾਰਥਸਿੱਧੀ ਅਤੇ ਬੇਸਮਝ ਨੀਤੀਆਂ ਨੇ ਪੰਜਾਬ ਦੀ ਪਾਰਟੀ ਅੰਦਰ ਖਲਬਲੀ ਪੈਦਾ ਕਰ ਦਿੱਤੀ। ਸੂਬੇ ਵਿਚ ਇਸ ਦਾ ਉਭਾਰ ਠੱਪ ਹੋ ਗਿਆ। ਇਸ ਦੇ ਆਗੂ ਆਪਸ ਵਿਚ ਲੜਨ-ਭਿੜਨ ਲੱਗੇ ਸਨ। ਇਨ੍ਹਾਂ ਵਿਚੋਂ ਬਹੁਤੇ ਵੱਡੇ ਆਗੂਆਂ ਨੇ ਆਪੋ-ਆਪਣੇ ਧੜੇ ਅਤੇ ਪਾਰਟੀਆਂ ਤੱਕ ਬਣਾ ਲਈਆਂ ਸਨ। ਇਹ ਆਗੂ ਆਪਸ ਵਿਚ ਵੀ ਉਲਝਦੇ ਰਹੇ ਸਨ। ਇਥੋਂ ਤੱਕ ਕਿ ਇਨ੍ਹਾਂ ਦੀ ਦੂਸ਼ਣਬਾਜ਼ੀ ਦੂਸਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲੋਂ ਆਪਸ ਵਿਚ ਜ਼ਿਆਦਾ ਹੋਣ ਲੱਗੀ ਸੀ। ਇਹ ਗੱਲ ਅਫ਼ਸੋਸ ਵਾਲੀ ਕਹੀ ਜਾ ਸਕਦੀ ਹੈ ਕਿ ਜਿਸ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੇ ਵੱਡੀ ਆਸ ਰੱਖੀ ਸੀ, ਅੱਜ ਉਹ ਚਕਨਾਚੂਰ ਹੋਈ ਦਿਖਾਈ ਦਿੰਦੀ ਹੈ। ਇਸ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ, ਜੋ ਅੱਜ ਤਿਣਕਾ-ਤਿਣਕਾ ਹੋ ਕੇ ਬਿਖਰ ਚੁੱਕਾ ਹੈ।
(ਸੰਪਾਦਕੀ ਰੋਜ਼ਾਨਾ ‘ਅਜੀਤ’ ਜਲੰਧਰ 26-5-2019)