ਝਬਾਲ, 25 ਮਈ (ਹਰਦੀਪ ਸਿੰਘ,ਜਤਿੰਦਰ ਸ਼ਰਮਾ)- ਅੱਜ ਦੁਪਿਹਰ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਨਾਲ 1 ਵਿਅਕਤੀ ਦੀ ਮੋਕੇ ਤੇ ਮੌਤ ਹੋ ਗਈ 1 ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਖਮੀ ਹੋਏ ਵਿਅਕਤੀ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਤੇ ਮ੍ਰਿਤਕ ਵਿਅਕਤੀ ਦੀ ਲਾਸ਼ ਤੇ ਹਾਦਸਾਗ੍ਰਸਤ ਵਾਹਨ ਹਿਰਾਸਤ ‘ਚ ਲੈ ਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ।ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ‘ਚ ਮਾਰੇ ਗਏ ਵਿਅਕਤੀ ਜਿਸ ਦੀ ਪਛਾਣ ਸ਼ਿੰਦਾ (25) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਭੁੱਚਰ ਕਲਾਂ ਅਤੇ ਜਖਮੀ ਹੋਏ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ (26) ਵਾਸੀ
ਭੁੱਚਰ ਕਲਾਂ ਵਜੋਂ ਹੋਈ।ਜੋ ਕਸਬਾ ਨੌਸ਼ਿਹਰਾ ਢਾਲਾ ਤੋਂ ਮੋਟਰਸਾਈਕਲ ਪੀ.ਬੀ. 46 ਪੀ 9661 ਹੀਰੋ ਸੀ.ਡੀ. ਡੀਲਕਸ ਤੇ ਸਵਾਰ ਹੋ ਕਿ ਪਿੰਡ ਭੁੱਚਰ ਕਲਾਂ ਨੂੰ ਪਰਤ ਰਹੇ ਸਨ।ਜਦੋ ਉਹ ਕਸਬਾ ਚੀਮਾਂ ਕਲਾਂ ਦੇ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਮਿੰਨੀ ਬੱਸ ਪੀ.ਏ.ਬੀ. 1112 ਗਿੱਲ ਬੱਸ ਜੋ ਕਿ ਝਬਾਲ ਤੋਂ ਨੋਸ਼ਿਹਰਾ ਰੋਡ ਚਲਦੀ ਹੈ ਦੇ ਨਾਲ ਟੱਕਰਾਅ ਗਿਆ।ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਮੋਤ ਹੋ ਗਈ ਤੇ ਇੱਕ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖਲ ਕਰਾਇਆ ਗਿਆ। ਜਾਣਕਾਰੀ ਅਨੁਸਾਰ ਦੱਸਿਆ ਜਾਦਾ ਹੈ ਕਿ ਮਿੰਨੀ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।ਥਾਣਾ ਸਰਾਏ ਅਮਾਨਤ ਖਾਂ ਦੇ ਏ.ਐੱਸ.ਆਈ.ਜੋਰਾਵਾਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ‘ਚ ਲੈ ਲਿਆ ਹੈ।ਜਿਸ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਭੇਜਿਆ ਗਿਆ ਹੈ ਤੇ ਜਖਮੀ ਹੋਏ ਵਿਅਕਤੀ ਨੂੰ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ ਹੈ।ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਹੇਠ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।