ਚੰਡੀਗੜ੍ਹ, 25 ਅਪ੍ਰੈਲ (ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਪੰਜਾਬ ਦੇ ਕਾਂਗਰਸੀ ਲੀਡਰ ਲੋਕਾਂ ਨੂੰ ਪ੍ਰਾਪਰਟੀ ਟੈਕਸ ਦੇ ਗੰਭੀਰ ਮੁੱਦੇ ’ਤੇ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਇਹ ਭਲੀਭਾਂਤ ਪਤਾ ਹੈ ਕਿ ਇਹ ਟੈਕਸ ਕਾਂਗਰਸ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਸੂਬਾ ਸਰਕਾਰਾਂ ਦੇ ਗਲ ਗੂਠਾ ਦੇ ਕੇ ਲਵਾਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਉਤੇ ਸ਼ਹਿਰੀ ਵਿਕਾਸ ਲਈ ਫੰਡ ਦੇਣ ਸਮੇਂ ਪ੍ਰਾਪਰਟੀ ਟੈਕਸ ਲਗਾਉਣ ਦੀ ਸ਼ਰਤ ਖਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਪੰਜਾਬ ਦੇ ਕਾਂਗਰਸੀ ਆਗੂ ਸਾਥ ਕਿਉਂ ਨਹੀਂ ਕਰਦੇ? ਸ. ਬਾਦਲ ਨੇ ਅੱਜ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਕਾਂਗਰਸੀ ਆਗੂਆਂ ਨੁੰ ਇਸ ਮਸਲੇ ਉਤੇ ਪੰਜਾਬ ਦੇ ਲੋਕਾਂ ਨੁੰ ਗੁੰਮਰਾਹ ਕਰਨ ਦੀ ਥਾਂ ਸੱਚ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਝੂਠ ਬੋਲ ਕੇ ਆਪਣੇ
ਗੁਨਾਹਾਂ ਉਤੇ ਪਰਦਾ ਪਾਉਣਾ ਚਾਹੁੰਦੀ ਹੈ। ਸ੍ਰੀ ਬਾਦਲ ਨੇ ਇਸ ਸਬੰਧੀ ਸੱਚਾਈ ਬਿਆਨ ਕਰਦਿਆਂ ਕਿਹਾ ਹੈ ਕਿ ਦਰਅਸਲ ਕੇਂਦਰ ਦੀ ਅਗਵਾਈ ਵਾਲੀ ਕਾਂਗਰਸੀ ਸਰਕਾਰ ਨੇ ਸ਼ਹਿਰੀ ਵਿਕਾਸ ਲਈ ਵੱਖ ਵੱਖ ਸਕੀਮਾਂ ਅਧੀਨ ਗ੍ਰਾਂਟਾਂ ਜਾਰੀ ਕਰਨ ਸਮੇਂ ਪ੍ਰਾਪਰਟੀ ਟੈਕਸ ਲਗਾਉਣ ਦੀ ਸ਼ਰਤ ਲਗਾਈ ਹੋਈ ਹੈ। ਉਨ੍ਹਾਂ ਕਿਹਾ, ‘‘ਸੂਬਾ ਸਰਕਾਰ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਸ਼ਹਿਰੀਆਂ ਉਤੇ ਪ੍ਰਾਪਰਟੀ ਟੈਕਸ ਲਗਾਉਣ ਦੇ ਪਾਏ ਜਾ ਰਹੇ ਦਬਾਅ ਨੂੰ ਕਈ ਸਾਲ ਟਾਲਦੀ ਰਹੀ, ਪਰ ਜਦੋਂ ਕੇਂਦਰ ਸਰਕਾਰ ਨੇ ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰਿਨਿਊਲ ਮਿਸ਼ਨ ਅਧੀਨ ਪੰਜਾਬ ਨੂੰ ਗ੍ਰਾਂਟਾਂ ਦੇਣੀਆਂ ਬੰਦ ਕਰ ਦਿੱਤੀਆਂ ਤਾਂ ਸੂਬਾ ਸਰਕਾਰ ਨੂੰ ਮਜਬੂਰ ਹੋ ਕੇ ਆਪਣੇ ਸ਼ਹਿਰੀਆਂ ਉਤੇ ਪ੍ਰਾਪਰਟੀ ਟੈਕਸ ਲਗਾਉਣਾ ਪਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਕਾਂਗਰਸੀਆਂ ਨੇ ਕੇਂਦਰ ਸਰਕਾਰ ਉਤੇ ਇਹ ਦਬਾਅ ਪਾਇਆ ਕਿ ਜਦੋਂ ਤੱਕ ਸੂਬਾ ਸਰਕਾਰ ਇਹ ਟੈਕਸ ਨਹੀਂ ਲਗਾਉਂਦੀ, ਸ਼ਹਿਰੀ ਵਿਕਾਸ ਸਕੀਮ ਅਧੀਨ ਸੂਬੇ ਨੂੰ ਮਿਲਣ ਵਾਲੀ 2 ਹਜ਼ਾਰ ਕਰੋੜ ਰੁਪਏ ਦੀ ਜਾਰੀ ਹੋਣ ਵਾਲੀ ਗ੍ਰਾਂਟ ਰੋਕ ਲਈ ਜਾਵੇ। ਕਾਂਗਰਸ ’ਤੇ ਤਾਬੜਤੋੜ ਹਮਲੇ ਕਰਦਿਆਂ ਸ. ਬਾਦਲ ਨੇ ਕਾਂਗਰਸੀ ਆਗੂਆਂ ਤੋਂ ਪੁੱਛਿਆ ਕਿ ਉਹਕੇਂਦਰ ਵਲੋਂ ਲਵਾਏ ਗਏ ਪ੍ਰਾਪਰਟੀ ਟੈਕਸ ਨੂੰ ਖਤਮ ਕਰਵਾਉਣ ਲਈ ਦਿੱਲੀ ਵਿਚ ਆਪਣੀ ਪਾਰਟੀ ਹਾੲਕਮਾਂਡ ਕੋਲ ਕਿਉਂ ਨਹੀਂ ਜਾਂਦੇ? ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਜੇ ਆਪਣੇ ਸੂਬੇ ਨਾਲ ਭੋਰਾ ਵੀ ਲਗਾਅ ਹੈ ਤਾਂ ਉਹ ਆਪਣੀ ਪਾਰਟੀ ਦੀ ਹਾੲਕਮਾਂਡ ਨੂੰ ਇਹ ਕਹਿਣ ਕਿ ਲੋਕ ਵਿਰੋਧੀ ਨੀਤੀਆਂ ਨੂੰ ਪੰਜਾਬ ਵਿਚ ਲਾਗੂ ਕਰਨ ਤੋਂ ਬਚਿਆ ਜਾਵੇ।



