ਪਾਦਰੀ ਬਹੁਕਰੋੜੀ ਮਾਮਲਾ:”ਭਗੌੜੇ ਥਾਣੇਦਾਰ ਕੋਚੀ ’ਚ ਕੇਰਲਾ ਪੁਲਿਸ ਵੱਲੋਂ ਕਾਬੂ

ਡੀ.ਜੀ.ਪੀ. ਪੰਜਾਬ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਚੰਡੀਗੜ੍ਹ, 30 ਅਪ੍ਰੈਲ- ਜਲੰਧਰ ਦੇ ਪਾਦਰੀ ਐਂਥਨੀ ਮੈਡਾਸਰੀ ਦੀ 6 ਕਰੋੜ ਰੁਪਏ ਤੋਂ ਵਧ ਰਕਮ ਲੈ ਕੇ ਫਰਾਰ ਪੰਜਾਬ ਪੁਲਿਸ ਦੇ ਏ.ਐਸ.ਆਈ. ਰਾਜਪ੍ਰੀਤ ਸਿੰਘ ਤੇ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਟਵੀਟ ਸਾਂਝਾ ਕਰਕੇ ਜਾਣਕਾਰੀ ਦਿਤੀ ਕਿ ਕਰੀਬ 4:30 ਵਜੇ ਕੇਰਲਾ ਪੁਲਿਸ ਨੇ ਰਾਜਪ੍ਰੀਤ ਤੇ ਜੋਗਿੰਦਰ ਨੂੰ ਕੋਚੀ ਦੇ ਹੋਟਲ ਕਾਸਾ ਲਿੰਡਾ ਤੋਂ ਕਾਬੂ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸਿਟ ਦੇ ਮੁਖੀ ਪਰਵੀਨ ਕੁਮਾਰ ਸਿਨ੍ਹਾ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਚੀ ਰਵਾਨਾ ਹੋ ਗਏ ਹਨ।ਜ਼ਿਕਰਯੋਗ ਹੈ ਕਿ ਮੁਹਾਲੀ ਸਥਿਤ ਸਟੇਟ ਕ੍ਰਾਈਮ ਥਾਣਾ ਫੇਜ਼-4 ਵਿਚ ਏ.ਐਸ.ਆਈ. ਜੋਗਿੰਦਰ ਸਿੰਘ ਤੇ ਏ.ਐਸ.ਆਈ. ਰਾਜਪ੍ਰੀਤ ਸਿੰਘ ਸਮੇਤ ਮੁਖ਼ਬਰ ਸੁਰਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਪੁਲਿਸ ਨੇ ਇਨ੍ਹਾਂ ’ਤੇ ਡਕੈਤੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਦੋਵੇਂ ਜਣੇ ਪੰਜਾਬ ਪੁਲਿਸ ਦੇ ਤਾਂ ਹਥ ਨਹੀਂ ਆ ਰਹੇ ਸੀ ਪਰ ਇਨ੍ਹਾਂ ਅਦਾਲਤ ਤੋਂ ਜ਼ਮਾਨਤ ਦੀ ਮੰਗ ਕੀਤੀ। ਚਰਚਾ ਹੈ ਕਿ ਰਕਮ ਲੈ ਕੇ ਫਰਾਰ ਹੋਏ ਇਨ੍ਹਾਂ ਦੋਵੇਂ ਥਾਣੇਦਾਰਾਂ ਦੀ ਗ੍ਰਿਫਤਾਰੀ ਨਾਲ ਹੋਰ ਰਾਜ਼ ਖੁਲਣਗੇ। ਯਾਦ ਰਹੇ ਕਿ ਬੀਤੀ 29 ਮਾਰਚ ਨੂੰ ਖੰਨਾ ਪੁਲਿਸ ਨੇ ਪਾਦਰੀ ਐਂਥਨੀ ਸਮੇਤ 6 ਲੋਕਾਂ ਤੋਂ ਸਾਢੇ ਨੌਂ ਕਰੋੜ ਰੁਪਏ ਦੀ ਰਕਮ ਖੰਨਾ ਤੋਂ ਤਿੰਨ ਕਾਰਾਂ ਵਿਚੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਬਾਅਦ ਵਿਚ ਪਾਦਰੀ ਨੇ ਬੈਂਕ ਵਲੋਂ ਪੈਸੇ ਪ੍ਰਾਪਤ ਕਰਨ ਲਈ ਜਾਰੀ ਚਿਠੀ ਪੇਸ਼ ਕੀਤੀ ਤੇ ਦਾਅਵਾ ਕੀਤਾ ਕਿ ਇਹ ਰਕਮ ਤਕਰੀਬਨ 16 ਕਰੋੜ ਦੀ ਸੀ ਪਰ ਪੁਲਿਸ ਨੇ ਸਾਢੇ ਨੌਂ ਕਰੋੜ ਰੁਪਏ ਦੀ ਬਰਾਮਦਗੀ ਹੀ ਦਰਸਾਈ ਸੀ, ਬਾਕੀ ਸਾਢੇ 6 ਕਰੋੜ ਰੁਪਏ ਗਾਇਬ ਕਰ ਦਿਤੇ ਗਏ। ਜਿਸ ਮਗਰੋਂ ਪਤਾ ਲਗਾ ਕਿ ਪੁਲਿਸ ਦੇ ਉਕਤ ਅਧਿਕਾਰੀਆਂ ਨੇ ਹੀ ਉਹ ਰਕਮ ਉਡਾਈ ਸੀ।

Send this to a friend