ਮਾਛੀਵਾੜਾ ਸਾਹਿਬ, 23 ਅਪ੍ਰੈਲ (ਕਰਮਜੀਤ ਸਿੰਘ ਆਜ਼ਾਦ)-ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਇਨਾਂ ਲੋਕ ਸਭਾ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਨਾਂ ਦੋ ਸਾਲਾਂ ਵਿਚ ਜਿੱਥੇ ਅਕਾਲੀਆਂ ਦੀ ਧੱਕੇਸ਼ਾਹੀ ਵਧੀ ਉਥੇ ਬੇਲਗਾਮ ਅਫਸਰਸ਼ਾਹੀ ਨੇ ਜਥੇਦਾਰਾਂ ਦੀ ਸ਼ਹਿ ਤੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਢਿੱਲੋਂ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਦੇ ਹੱਕ ਵਿਚ ਪਿੰਡਾਂ ਵਿਚ ਚੋਣ ਪ੍ਰਚਾਰ ਦੌਰਾਨ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕੀਤਾ।ਸ੍ਰੀ ਢਿੱਲੋਂ ਵੱਲੋਂ
ਅੱਜ ਹਲਕੇ ਦੇ ਆਗੂਆਂ ਸਮੇਤ ਪਿੰਡ ਕੁਟਾਲਾ ਬੇਟ, ਹੇਡੋਂ ਬੇਟ, ਛੌੜੀਆਂ, ਰਾਏਪੁਰ ਬੇਟ, ਟਾਂਡਾ ਕਾਲੀਆ, ਸ਼ੇਰੀਆਂ, ਖਾਨਪੁਰ, ਕੱਚਾ ਮਾਛੀਵਾੜਾ, ਗੜ੍ਹੀ ਬੇਟ, ਮਹੱਦੀਪੁਰ, ਬੈਰਸਾਲ, ਹੰਬੋਵਾਲ, ਸਲਾਣਾ, ਚੱਕ ਲੋਹਟ, ਰਾਜੇਪਾਲ ਰਾਜਪੂਤਾਂ, ਰਾਜੇਵਾਲ ਜੱਟਾਂ ਆਦਿ ਪਿੰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਅੱਜ ਅਕਾਲੀ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਜਦਕਿ ਬੇਟ ਇਲਾਕੇ ਦੀਆਂ ਖਸਤਾ ਹਾਲਤ ਸੜਕਾਂ ਤੇ ਅਧਿਆਪਕਾਂ ਤੋਂ ਸੱਖਣੇ ਸਕੂਲ ਇਸ ਗੱਲ ਦੀ ਗਵਾਹੀ ਹਨ ਕਿ ਅਕਾਲੀਆਂ ਨੇ ਕੇਵਲ ਆਪਣਾ ਹੀ ਵਿਕਾਸ ਕੀਤਾ ਜਦਕਿ ਪੰਜਾਬ ਦੇ ਖਜਾਨੇ ਨੂੰ ਰੱਜ ਕੇ ਲੁੱਟਿਆ। ਸ੍ਰੀ ਢਿੱਲੋਂ ਨੇ ਬੇਟ ਇਲਾਕੇ ਦੇ ਪਿੰਡਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ 9 ਹਜਾਰ ਤੋਂ ਵੱਧ ਲੀਡ ਦਿਵਾ ਕੇ ਮਾਣ ਬਖਸ਼ਿਆ ਤੇ ਹੁਣ ਇਨਾਂ ਚੋਣਾਂ ਵਿਚ ਵੀ ਇਸ ਲੀਡ ਨੂੰ ਵਧਾ ਕੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਉਨਾਂ ਦਾ ਚੁਣਿਆ ਹੋਇਆ ਐਮ.ਪੀ. ਕੇਂਦਰ ਸਰਕਾਰ ਦੀਆਂ ਗਰਾਂਟਾਂ ਨਾਲ ਪਛੜੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਕੁੰਦਰਾ, ਸਰਪੰਚ ਕਾਬਲ ਸਿੰਘ, ਸਰਪੰਚ ਪ੍ਰਕਾਸ਼ ਸਿੰਘ, ਸਰਪੰਚ ਜਗਤ ਸਿੰਘ, ਸਾਬਕਾ ਸਰਪੰਚ ਸੁਰਿੰਦਰ ਕੁਮਾਰ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ ਮਾਣੇਵਾਲ, ਰਾਜੇਸ਼ ਬਿੱਟੂ, ਲਵੀ ਢਿੱਲੋਂ, ਅਸੋਕ ਕੁਮਾਰ ਮੈਣ, ਗੁਰਨਾਮ ਸਿੰਘ ਖਾਲਸਾ, ਸੁਨੀਲ ਥੌਰ, ਮਹਿੰਦਰ ਸਿੰਘ ਚੌਹਾਨ, ਸੁਰਿੰਦਰ ਕੁਮਾਰ ਕਾਲਾ, ਅਸੋਕ ਕੁਮਾਰ, ਜਸਦੇਵ ਸਿੰਘ, ਕਰਨੈਲ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ ਤੇ ਚੇਤਨ ਕੁਮਾਰ ਆਦਿ ਵੀ ਮੌਜੂਦ ਸਨ।



