ਬਟਾਲਾ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਅਜ ਕਸਬਾ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਦਰਸ਼ਨ ਅਸਥਾਨ ਬਣਾਉਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਬਾਬਾ ਸੁਖਦੀਪ ਸਿੰਘ ਬੇਦੀ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ 6 ਮਈ ਤੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਦਰਸ਼ਨ ਸਥਲ ਨੂੰ ਜਾਣ ਵਾਲੀ ਸੜਕ ਨੂੰ ਸੰਗਤ ਲਈ ਬੰਦ ਕਰ ਦਿਤਾ ਜਾਵੇਗਾ ਅਤੇ ਸੰਗਤ ਇਸ ਮਾਰਗ ਰਾਹੀਂ ਹੁਣ ਧੁਸੀ ਬੰਨ੍ਹ ਤਕ ਨਹੀਂ ਪਹੁੰਚ ਸਕੇਗੀ। ਇਸ ਪ੍ਰੈਸ ਕਾਨਫ਼ਰੰਸ ਦੌਰਾਨ ਰਾਸ਼ਟਰੀ ਹਾਈਵੇਅ ਅਥਾਰਿਟੀ ਦੇ ਅਧਿਕਾਰੀ ਜਤਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਬਾਬਾ ਬੇਦੀ ਨੇ ਦਸਿਆ ਕਿ ਬੁਧਵਾਰ ਤੋਂ ਕਰਤਾਰਪੁਰ ਦਰਸ਼ਨ ਸਥਲ ’ਤੇ ਬੀ. ਐਸ. ਐਫ. ਦੀ ਕੰਟੀਨ, ਸੰਗਤਾਂ ਦਾ ਵਿਸ਼ਰਾਮ ਘਰ ਆਦਿ ਬਣੀਆਂ ਇਮਾਰਤਾਂ ਨੂੰ ਢਾਹ ਦਿਤਾ ਜਾਵੇਗਾ, ਇਸ ਮਾਰਗ ਨੂੰ ਜਾਂਦੀ ਸੜਕ ਨੂੰ ਤੋੜ ਦਿਤਾ ਜਾਵੇਗਾ ਅਤੇ ਸੜਕ ਦੇ ਆਲੇ-ਦੁਆਲੇ ਲਗੇ ਰੁਖ ਵੀ ਕਟ ਦਿਤੇ ਜਾਣਗੇ। ਇਸ ਸੜਕ ਦੇ ਨਿਰਮਾਣ ਦੌਰਾਨ ਵਡੀਆਂ ਮਸ਼ੀਨਾਂ ਰਾਹੀਂ ਕੰਮ ਹੋਣਾ ਹੈ, ਇਸ ਲਈ ਸੰਗਤ ਨੂੰ ਕਾਫ਼ੀ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ ਅਤੇ ਕਿਸੇ ਵੇਲੇ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿਤੀ ਗਈ ਹੈ ਕਿ ਜੇਕਰ ਉਹ 6 ਮਈ ਤੋਂ ਬਾਅਦ ਡੇਰਾ ਬਾਬਾ ਨਾਨਕ ਆ ਕੇ ਕਰਤਾਰਪੁਰ ਦਰਸ਼ਨ ਸਥਲ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਤਾਂ ਉਹ ਆਪਣਾ ਪ੍ਰੋਗਰਾਮ ਮੁਲਤਵੀ ਕਰ ਦੇਣ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ, ਜੋ ਕਿ ਨਵੰਬਰ 2019 ’ਚ ਮਨਾਇਆ ਜਾਣਾ ਹੈ, ਉਦੋਂ ਤਕ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰਿਆਂ ਲਈ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਬਾਕੀ ਹੈ। ਸੰਗਤਾਂ ਦੀ ਆਵਾਜਾਈ ਨਾਲ ਨਿਰਮਾਣ ਕਾਰਜਾਂ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ।