ਬਰਨਾਲਾ, 22 ਅਪ੍ਰੈਲ (ਕੁਲਦੀਪ ਸੂਦ)-ਲੋਕ ਸਭਾ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਸੋਮਵਾਰ ਦੀ ਦੇਰ ਰਾਤ ਨੂੰ ਇੱਕ ਵਿਸ਼ਾਲ ਜਾਗੋ ਦਾ ਆਯੋਜਨ ਕੀਤਾ ਗਿਆ। ਜੋ ਫਰਵਾਹੀ ਬਾਜ਼ਾਰ ਦੇ ਮੁੱਖ ਚੋਣ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਵਾਪਸ ਦਫ਼ਤਰ ਪਹੁੰਚੀ। ਇਸ ਜਾਗੋ ਵਿੱਚ ਮਨਜੀਤ ਸਿੰਘ ਮੈਨੇਜਰ, ਰਜਿੰਦਰ ਸਿੰਘ ਬਰਾੜ, ਦਵਿੰਦਰ ਦੇਵ, ਧੀਰਜ ਕੁਮਾਰ ਐਡਵੋਕੇਟ, ਥਵਿੰਦਰ ਸਿੰਘ ਸੰਧੂ, ਨਰਿੰਦਰ ਬਿੱਟਾ, ਮਹਿੰਦਰਪਾਲ, ਰਾਕੇਸ਼ ਕਾਕਾ, ਲੁਕੇਸ਼ ਰਿੰਕੂ, ਬੱਬੀ ਮਾਲਵੀਕਾ, ਜਸਪ੍ਰੀਤ ਕੌਰ, ਅਮਨਦੀਪ ਕੌਰ ਤੇ ਦਰਸ਼ਨ ਧਨੌਲਾ ਹਾਜ਼ਰ ਆਗੂਆਂ ਨੇ ਬਰਨਾਲਾ ਦੇ ਵੋਟਰਾਂ ਵਿੱਚ ਜਾਗ੍ਰਤਿ ਪੈਦਾ ਕਰਨ ਲਈ ਇਸ ਜਾਗੋ ਦਾ
ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਭ੍ਰਿਸ਼ਟਾਚਾਰ ਤੋਂ ਦੁਖੀ ਹਨ ਅਤੇ ਉਹ ਦੇਸ਼ ਵਿੱਚ ਬਦਲਾਅ ਚਾਹੁੰਦੇ ਹਨ, ਜਿਸ ਕਾਰਨ ਅੱਜ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਵੱਧ ਝੁਕਾਅ ਹੈ। ਅਤੇ ਉਨ੍ਹਾਂ ਦੀ ਪਾਰਟੀ ਦਾ ਮੁੱਖ ਮੁੱਦਾ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਦੇਸ਼ ਦੇ ਲੋਕਾਂ ਲਈ ਸਾਫ ਸੁਥਰਾ ਪ੍ਰਸ਼ਾਸਨ ਦੇਣਾ ਹੈ। ਇਸ ਲਈ ਉਨ੍ਹਾਂ ਨੇ ਬਰਨਾਲਾ ਸ਼ਹਿਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਆਪਣੀ ਵੋਟ ਅਤੇ ਸਪੋਟ ਦੇ ਕੇ ਵੱਧ ਤੋਂ ਵੱਧ ਵੋਟਾਂ ’ਤੇ ਜਿਤਾ ਕੇ ਭੇਜਣ ਤਾਂ ਕਿ ਦੇਸ਼ ਵਿੱਚ ਇੱਕ ਨਵਾਂ ਬਦਲਾਅ ਆ ਸਕੇ।



