ਰਾਮਪੁਰਾ ਫੂਲ, 26 ਅਪ੍ਰੈਲ (ਕਲਜੀਤ ਢੀਂਗਰਾ, ਸੁਖਮੰਦਰ ਰਾਮਪੁਰਾ)- ਸਥਾਨਕ ਸ਼ਹਿਰ ਦੇ ਇੱਕ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਪੈਸੰਜਰ ਰੇਲ ਗੱਡੀ ਨੰ. 54556 ਜੋ ਬਠਿੰਡਾ ਤੋਂ ਅੰਬਾਲਾ ਜਾ ਰਹੀ ਸੀ ਤਾਂ ਜਦ ਉਹ ਰਾਮਪੁਰਾ ਦੇ ਅੰਨੇ ਪੁਲ ਦੇ ਨਜਦੀਕ ਸ਼ਾਮ ਕਰੀਬ 7 ਵਜੇ ਗੁਜਰ ਰਹੀ ਸੀ ਤਾਂ ਅਚਾਨਕ ਇੱਕ ਵਿਅਕਤੀ ਨੇ ਗੱਡੀ ਅੱਗੇ ਛਾਲ ਮਾਰ ਦਿੱਤੀ। ਫਲਸਰੂਪ ਉਕਤ ਦੀ ਬਾਹ ਅਤੇ ਸ਼ਰੀਰ ਦਾ ਕਈ ਹਿੱਸੇ ਕੱਟੇ ਗਏ ਅਤੇ ਦੂਰ ਦੂਰ ਤੱਕ ਖਿੱਲਰ ਗਏ। ਰੇਲਵੇ ਪੁਲਸ ਚੌਕੀ ਦੇ ਪੜਤਾਲੀਆ ਅਫਸਰ ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਆਪਣੀ ਟੀਮ ਸਮੇਤ ਘਟਨਾ ਸਥਾਨ ਤੇ ਪੁੱਜੇ। ਸਹਾਰਾ ਗਰੁੱਪ ਦੇ ਸੰਦੀਪ ਵਰਮਾ ਨੇ ਆਪਣੇ ਵਰਕਰ ਨੰਦੂ ਵਰਮਾ, ਜੈਕੀ ਗਰਗ, ਜੀਤਾ ਸਿੰਘ ਜੀਤੂ ਨੂੰ ਨਾਲ ਲੈ ਕੇ ਮ੍ਰਿਤਕ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੋਰਚਰੀ ਰੂਮ ਵਿੱਚ ਪੁੱਜਦਾ ਕੀਤਾ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (50) ਪੁੱਤਰ ਕਰਤਾਰ ਸਿੰਘ ਦੀਪ ਸਿੰਘ ਨਗਰ ਵਾਸੀ ਰਾਮਪੁਰਾ ਫੂਲ ਵੱਜੋਂ ਹੋਈ। ਉਨਾਂ ਅੱਗੇ ਦੱਸਿਆ ਕਿ ਮ੍ਰਿਤਕ ਦੇ ਦੋ ਲੜਕੀਆਂ ਹਨ ਅਤੇ ਘਰ ਦੀ ਆਰਥਿਕ ਹਾਲਤ ਡਾਵਾਂਡੋਲ ਹੋਣ ਕਾਰਨ ਤਰਸੇਮ ਸਿੰਘ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਆਪਣੀ ਜਾਨ ਗਵਾਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੁਦਾਗਰ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ।