ਹਮਲੇ ਪਿੱਛੇ ਨੈਸ਼ਨਲ ਤੌਹੀਦ ਜਮਾਤ ਦਾ ਹੱਥ ਝ ਮੌਤਾਂ ਦੀ ਗਿਣਤੀ 290 ਤੱਕ ਪੁੱਜੀ
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ ਸਰਕਾਰ ਨੇ ਐਤਵਾਰ ਨੂੰ ਈਸਟਰ ਦੇ ਦਿਨ ਦੇਸ਼ ਵਿਚ ਹੋਏ ਲੜੀਵਾਰ ਧਮਾਕਿਆਂ ਦੇ ਮਦੇਨਜ਼ਰ ਅਜ ਰਾਤ 12 ਵਜੇ ਤੋਂ ਦੇਸ਼ ਵਿਚ ਐਮਰਜੈਂਸੀ ਲਗਾ ਦਿਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਕਰਫਿਊ ਲਗਾਉਣ ਦਾ ਐਲਾਨ ਕੀਤਾ। ਇਸ ਦੌਰਾਨ ਅਜ ਫ਼ਿਰ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ’ਚ ਇਕ ਹੋਰ ਧਮਾਕਾ ਹੋਇਆ। ਦਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਕ ਬੰਬ ਨੂੰ ਨਕਾਰਾ ਕਰਨ ਦੌਰਾਨ ਹੋਇਆ ਹੈ। ਇਸ ਤੋਂ ਇਲਾਵਾ ਕੋਲੰਬੋ ਬਸ ਸਟੈਂਡ ਤੋਂ ਸੁਰਖਿਆ ਬਲਾਂ ਵਲੋਂ 87 ਜ਼ਿੰਦਾ ਬੰਬ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ’ਚ ਵਖ-ਵਖ ਥਾਵਾਂ ਉਤੇ ਹੋਏ ਧਮਾਕਿਆਂ ਵਿਚ 290 ਲੋਕ ਮਾਰੇ ਗਏ ਅਤੇ 500 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ। ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਇਨ੍ਹਾਂ ਧਮਾਕਿਆਂ ’ਚ ਮਾਰੇ ਗਏ ਲੋਕਾਂ ਵਿਚ 5 ਭਾਰਤੀ ਨਾਗਰਿਕ ਸ਼ਾਮਿਲ ਸਨ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਇਨ੍ਹਾਂ ਧਮਾਕਿਆਂ ਦੀ ਜਾਂਚ ਲਈ ਇਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਰਾਸ਼ਟਰਪਤੀ ਨੇ ਕਮੇਟੀ ਨੂੰ ਧਮਾਕਿਆਂ ਨਾਲ ਸਬੰਧਿਤ ਸਾਰੇ ਮਾਮਲਿਆਂ ਦੀ ਜਾਂਚ ਕਰਨ, ਇਸਦਾ ਪਿਛੋਕੜ ਅਤੇ ਹੋਰ ਤਥਾਂ ਦੀ ਜਾਂਚ ਕਰਨ ਅਤੇ 2 ਹਫ਼ਤਿਆਂ ਵਿਚ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿਤਾ। ਸ੍ਰੀਲੰਕਾ ਦੇ ਇਕ ਉਚ ਮੰਤਰੀ ਨੇ ਸੋਮਵਾਰ ਨੂੰ ਦਸਿਆ ਕਿ ਸ੍ਰੀਲੰਕਾ ਦੇ ਇਤਿਹਾਸ ਵਿਚ ਹੋਈ ਸਭ ਤੋਂ ਵਡੀ ਅਤਵਾਦੀ ਘਟਨਾ ਦੇ ਪਿਛੇ ਨੈਸ਼ਨਲ ਤੌਹੀਦ ਜਮਾਤ ਨਾਮ ਦੇ ਸਥਾਨਕ ਸੰਗਠਨ ਦਾ ਹਥ ਹੈ। ਇਸ ਤੋਂ ਇਲਾਵਾ ਸਿਹਤ ਮੰਤਰੀ ਤੇ ਸਰਕਾਰੀ ਬੁਲਾਰੇ ਰਜੀਤ ਸੇਨਾਰਤਨੇ ਨੇ ਵੀ ਕਿਹਾ ਕਿ ਧਮਾਕੇ ਵਿਚ ਸ਼ਾਮਿਲ ਸਾਰੇ ਆਤਮਘਾਤੀ ਹਮਲਾਵਰ ਸ੍ਰੀਲੰਕਾਈ ਨਾਗਰਿਕ ਮਾਲੂਮ ਹੋ ਰਹੇ ਹਨ। ਇਥੇ ਪ੍ਰੈਸ ਕਾਨਫਰੰਸ ਵਿਚ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਇੰਟੇਲੀਜੈਂਸੀ ਏਜੰਸੀ ਦੇ ਪ੍ਰਮੁਖ ਨੇ 11 ਅਪ੍ਰੈਲ ਤੋਂ ਪਹਿਲਾਂ ਇਨ੍ਹਾਂ ਹਮਲਿਆਂ ਦੇ ਡਰ ਨੂੰ ਲੈ ਕੇ ਪੁਲਿਸ ਜਨਰਲ ਡਾਇਰੈਕਟਰ (ਆਈ.ਜੀ.ਪੀ.) ਨੂੰ ਚੌਕਸ ਕੀਤਾ ਸੀ। ਹਮਲੇ ਤੋਂ ਬਾਅਦ ਹੁਣ ਇਸ ਦੀ ਜਾਂਚ ਦੇ ਮਾਮਲੇ ’ਚ ਇੰਟਰਪੋਲ ਅਗੇ ਆਇਆ ਹੈ ਅਤੇ ਉਸ ਨੇ ਇਸ ਖ਼ਤਰਨਾਕ ਅਤਵਾਦੀ ਹਮਲੇ ਦੀ ਜਾਂਚ ਵਿਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਇੰਟਰਪੋਲ ਦੇ ਸੈਕੇਟਰੀ ਜਨਰਲ ਜੁਗਰੇਟ ਸਟਾਕ ਨੇ ਕਿਹਾ ਕਿ ਇੰਟਰਪੋਲ ਇਸ ਭਿਆਨਕ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਉਹ ਸ੍ਰੀਲੰਕਾ ਦੇ ਅਧਿਕਾਰੀਆਂ ਨੂੰ ਜਾਂਚ ’ਚ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ।