ਨਵੀਂ ਦਿੱਲੀ, 18 ਜੁਲਾਈ (ਵਿਸ਼ਵ ਵਾਰਤਾ) : ਆਰਥਿਕ ਮਾਮਲਿਆਂ ਸਬੰਧੀ ਕੈਬਨਿਟ ਕਮੇਟੀ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਤਜਵੀਜ਼ ਪ੍ਰਵਾਨ ਕਰਦੇ ਹੋਏ 12ਵੀਂ ਪੰਜ ਸਾਲਾ ਯੋਜਨਾ ਦੌਰਾਨ ਸੰਚਾਰ ਤੇ ਸੂਚਨਾ ਪ੍ਰਚਾਰ ਪ੍ਰਸਾਰ ਦੇ ਵਿਕਾਸ ਲਈ 630 ਕਰੋੜ ਰੁਪਏ ਦੀ ਯੋਜਨਾ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦਾ ਮੰਤਵ ਆਮ ਆਦਮੀ ਨੂੰ ਵੱਖ ਵੱਖ ਸਰਕਾਰੀ ਯੋਜਨਾਵਾਂ ਦੇ ਫਾਇਦਿਆਂ ਤੋਂ ਜਾਗਰੂਕ ਕਰਨਾ ਹੈ ਤਾਂ ਜੋ ਯੋਜਨਾ ਦੇ ਸੰਭਾਵਿਤ ਫਾਇਦਿਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਸ ਸਕੀਮ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਵੱਖ ਵੱਖ ਮੀਡੀਆ ਇਕਾਈਆਂ ਵੱਲੋਂ ਲਾਗੂ ਕੀਤਾ ਜਾਵੇਗਾ ਤੇ ਇਸ ਲਂਈ ਪ੍ਰਚਾਰ ਪ੍ਰਸਾਰ ਦੇ ਵੱਖ ਵੱਖ ਸਾਧਨ ਇਸਤੇਮਾਲ ਕੀਤੇ ਜਾਣਗੇ। ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਰਾਹੀਂ ਇਹ ਯੋਜਨਾਵਾਂ ਲੋਕਾਂ ਤੱਕ ਪਹੁੰਚਾਉਣ ਦੇ ਨਾਲ ਨਾਲ ਜਨ ਸੂਚਨਾ ਮੁਹਿੰਮ, ਪ੍ਰੈਸ ਟੂਰ, ਲੋਕਾਂ ਨਾਲ ਸਿੱਧਾ ਸੰਪਰਕ ਤੇ ਆਉਟ ਡੋਰ ਪ੍ਰਚਾਰ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ। ਭਾਰਤ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਤੇ ਰੋਜ਼ਗਾਰ ਉਤਪਾਦਕਤਾ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨਾਂ੍ਹ ਵਿੱਚੋਂ ਕਈ ਸਕੀਮਾਂ ਹੱਕਾਂ ਉਤੇ ਆਧਾਰਿਤ ਹਨ। ਇਨ੍ਹਾਂ ਸਾਰੀਆਂ ਸਕੀਮਾਂ ਦਾ ਮੰਤਵ ਲੋਕਾਂ ਦਾ ਸਰਵ ਪੱਖੀ ਵਿਕਾਸ ਕਰਨਾ ਹੈ ਤੇ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦੀ ਸਫਲਤਾ ਮੁੱਖ ਤੌਰ ‘ਤੇ ਜਾਗਰੂਕਤਾ ਉਪਰ ਨਿਰਭਰ ਕਰਦੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਸਮੁੱਚੇ ਤੌਰ ‘ਤੇ ਵਿਕਾਸ ਦੇ ਭਲਾਈ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਮੁੱਖ ਭੂਮਿਕਾ ਨਿਭਾਵੇਗਾ।



