ਦਿੱਲੀ ਬਾਰੇ ਫ਼ੈਸਲਾ ਮੰਗਲਵਾਰ ਤੱਕ ਸੰਭਵ
ਨਵੀਂ ਦਿੱਲੀ, 7 ਅਪ੍ਰੈਲ- ਕਾਂਗਰਸ ਨੇ ਐਤਵਾਰ ਨੂੰ ਹਰਿਆਣਾ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਅਜਿਹੀਆਂ ਗਲਾਂ ਸਿਰਫ ਦਿਲੀ ਤਕ ਹੀ ਸੀਮਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਗਠਜੋੜ ਨੂੰ ਪੰਜਾਬ ਤੇ ਹਰਿਆਣਾ ਤਕ ਵਧਾਉਣ ਦੀ ਮੰਗ ਕਰ ਰਹੀ ਹੈ। ਹਰਿਆਣਾ ਵਿਚ ਲੋਕ ਸਭਾ ਚੋਣਾਂ ਤੋਂ ਮਹੀਨਾ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਦੀ ਮੁਖ ਵਿਰੋਧ ਧਿਰ ਹੈ। ਉਧਰ ਦਿਲੀ ਵਿਚ ਗਠਜੋੜ ਲਈ ਵੀ ਅਰਵਿੰਦ ਕੇਜਰੀਵਾਲ ਨੇ ਸ਼ਰਤ ਰਖ ਦਿਤੀ ਹੈ ਕਿ ਕਾਂਗਰਸ ਨਾਲ ਗਠਜੋੜ ਤਾਂ ਹੀ ਸੰਭਵ ਹੈ ਜਦੋਂ ਹਰਿਆਣਾ ਦੀਆਂ ਦਸ, ਦਿਲੀ ਦੀਆਂ ਸਤ ਤੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਦੋਵੇਂ ਦਲ ਮਿਲ ਕੇ ਚੋਣਾਂ ਲੜਨਗੇ। ਇਸ ਦੇ ਇਲਾਵਾ ਜੇ ਕਾਂਗਰਸ ਨਾਲ ਹਥ ਮਿਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਦਿਲੀ ਨੂੰ ਪੂਰਨ ਰਾਜ ਦੇਣ ਦੀ ਮੰਗ ਦਾ ਸਮਰਥਨ ਕਰਨਾ ਪਏਗਾ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ’ਤੇ ਕਾਂਗਰਸੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਹਰਿਆਣਾ ਅਤੇ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਗਠਜੋੜ ਨਹੀਂ ਕਰੇਗੀ।