ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦਾ ਕਾਰਡ ਰਿਲੀਜ਼

ਕਲਸ਼ ਸ਼ੋਭਾ ਯਾਤਰਾ ਨਾਲ ਹੋਵੇਗੀ ਸਮਾਗਮ ਦੀ ਅਰੰਭਤਾ

ਸੁਨਾਮ ਊਧਮ ਸਿੰਘ ਵਾਲਾ, 4 ਅਪ੍ਰੈਲ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਸ਼੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਚੀਮਾ ਮੰਡੀ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਆਉਣ ਵਾਲੀ 14, 15 ਤੇ 16 ਅਪ੍ਰੈਲ ਨੂੰ ਸ਼੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਮਨਾਏ ਜਾ ਰਹੇ 9ਵੇਂ ਸ਼੍ਰੀ ਰਾਮ ਨੌਮੀ ਉਤਸਵ ਦਾ ਕਾਰਡ ਅੱਜ ਸੰਸਥਾ ਦੇ ਸਮੂਹ ਸੇਵਾਦਾਰਾਂ ਨੇ ਸ਼੍ਰੀ ਹਨੂੰਮਾਨ ਮੰਦਰ (ਨੇੜੇ ਟੈਕਸੀ ਸਟੈਂਡ) ਵਿਖੇ ਪੂਜਾ ਕਰਨ ਉਪਰੰਤ ਜਾਰੀ ਕੀਤਾ। ਕਾਰਡ ਜਾਰੀ ਕਰਦਿਆਂ ਸੰਸਥਾ ਵੱਲੋਂ ਸੇਵਾਦਾਰ ਰਜਿੰਦਰ ਕੁਮਾਰ ਲੀਲੂ, ਜੀਵਨ ਬਾਂਸਲ, ਸੁਰਿੰਦਰ ਕਾਂਸਲ ਆਰੇ ਵਾਲੇ, ਤਰਲੋਚਨ ਗੋਇਲ ਚੀਮਾ, ਪੰਕਜ ਸਿੰਗਲਾ ਆਦਿ ਨੇ
ਦੱਸਿਆ ਕਿ ਸਮਾਗਮ ਦੀ ਸ਼ੁਰੂਆਤ 14 ਅਪ੍ਰੈਲ ਨੂੰ ਸ਼੍ਰੀ ਹਨੂੰਮਾਨ ਮੰਦਰ ਤੋਂ ਸਜਾਈ ਜਾਣ ਵਾਲੀ ਵਿਸ਼ਾਲ ਕਲਸ਼ ਸ਼ੋਭਾ ਯਾਤਰਾ ਨਾਲ ਹੋਵੇਗੀ, ਜਿਸ ਦੇ ਦੁਰਗਾ ਮੰਦਰ ਵਿਖੇ ਪੰਹਚਣ ’ਤੇ ਸ਼੍ਰੀ ਰਮਾਇਣ ਜੀ ਦੇ ਅਖੰਡ ਪਾਠ ਦਾ ਪ੍ਰਕਾਸ਼ ਹੋਵੇਗਾ ਅਤੇ ਇਸੇ ਦਿਨ ਸ਼ਾਮ ਨੂੰ ਸ਼੍ਰੀ ਰਾਮ ਜਨਮ ’ਤੇ ਵਿਸ਼ੇਸ਼ ਜਾਗਰਣ ਦੀ ਅਰੰਭਤਾ ਸ਼ਾਮ 8 ਵਜੇ ਹੋਵੇਗੀ, ਜਿਸ ਦੌਰਾਨ ਸ਼੍ਰੀ ਮਹਿੰਦੀਪੁਰ ਬਾਲਾ ਜੀ ਸੰਕੀਰਤਨ ਮੰਡਲ ਬੁਡਲਾਢਾ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਜਾਵੇਗਾ ਅਤੇ ਕ੍ਰਿਸ਼ਨਾ ਆਰਟ ਗਰੁੱਪ ਵੱਲੋਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 15 ਨੂੰ ਰਾਹਤ ਫਾਊਂਡੇਸ਼ਨ ਪੰਜਾਬ ਵੱਲੋਂ ਸਵੇਰੇ 10 ਵਜੇ ਤੋਂ 2 ਵਜੇ ਤੱਕ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ, ਜਿਸ ਦੀ ਅਰੰਭਤਾ ਰੁੱਖਾਂ ਦੀ ਵੰਡ ਕਰਕੇ ਕੀਤੀ ਜਾਵੇਗੀ, ਸ਼ਾਮ ਨੂੰ 3 ਵਜੇ ਜੋਤੀ ਮਹਿਲਾ ਮੰਡਲ ਚੀਮਾ ਅਤੇ ਰਾਧੇ ਸ਼ਿਆਮ ਸੰਕੀਰਤਨ ਮੰਡਲ ਤੋਲਾਵਾਲ ਵੱਲੋਂ ਕੀਰਤਨ ਕੀਤਾ ਜਾਵੇਗਾ। 16 ਅਪ੍ਰੈਲ ਨੂੰ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਸਮੇਂ ਸਵਾਮੀ ਰਾਮ ਗਿਰ ਜੀ ਡੇਰਾ ਹਸਨਪੁਰ ਵਾਲੇ ਸ਼ਰਧਾਲੂਆਂ ਨੂੰ ਆਪਣੇ ਪ੍ਰਵਚਨਾ ਦੁਆਰਾ ਨਿਹਾਲ ਕਰਨਗੇ ਅਤੇ ਭੋਗ ਉਪਰੰਤ ਭੰਡਾਰਾ ਅਤੁੱਟ ਵਰਤੇਗਾ। ਇਸ ਮੌਕੇ ਸੁਰਿੰਦਰ ਛਿੰਦੀ ਬਡਬਰ ਵਾਲੇ, ਮੰਦਰ ਦੇ ਪੁਜਾਰੀ ਪੰਡਤ ਨਰੇਸ਼ ਸ਼ਾਸਤਰੀ, ਰਾਹਤ ਫਾਊਡੇਸਨ ਪੰਜਾਬ ਵੱਲੋਂ ਹਰਿੰਦਰਪਾਲ ਰਿਸ਼ੀ, ਜਤਿੰਦਰ ਹੈਪੀ, ਮੁਕੇਸ਼ ਕੁਮਾਰ, ਮਿੰਟੂ ਬਾਂਸਲ, ਅੰਮ੍ਰਿਤ ਪਾਲ, ਪ੍ਰਦੀਪ ਕੁਮਾਰ, ਪ੍ਰੇਮ ਚੰਦ ਢੱਡਰੀਆਂ ਵਾਲੇ, ਗਗਨ ਬਾਂਸਲ, ਅਸ਼ਵਨੀ ਗੋਇਲ ਆਸ਼ੂ ਅਤੇ ਰਕੇਸ਼ ਗੋਇਲ ਆਦਿ ਹਾਜਰ ਸਨ।

Send this to a friend