ਪਾਣੀ ਮੁਲ ਖਰੀਦ ਕੇ ਪੀਣ ਲਈ ਮਜਬੂਰ ਹਨ ਪਿੰਡ ਵਾਸੀ
ਝੁਨੀਰ, 2 ਅਪ੍ਰੈਲ (ਗੁਰਮੇਲ ਭੰਮਾ)- ਪਿੰਡ ਬੁਰਜ ਭਲਾਈਕੇ ਦੇ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਪਿੰਡ ਦੀ ਸਰਪੰਚ ਜਸਵੀਰ ਕੌਰ, ਹਰਪ੍ਰੀਤ ਸਿੰਘ ਪੰਚ, ਰਾਜਾ ਸਿੰਘ ਪੰਚ, ਸੁਖਪਾਲ ਸਿੰਘ ਪੰਚ ਅਤੇ ਸਿਮਰਜੀਤ ਸਿੰਘ ਆਦਿ ਨੇ ਦਸਿਆ ਕਿ ਸਾਡੇ ਪਿੰਡ ਬੁਰਜ ਭਲਾਈ ਕੇ ਦੇ ਜਲਘਰ ਨੂੰ ਤਿੰਨ ਕਿਲੋਮੀਟਰ ਦੂਰ ਤੋਂ ਉਡਤ ਬਰਾਂਚ ਮਾਇਨਰ ਚੋਂ ਪਾਣੀ ਸਪਲਾਈ ਹੁੰਦਾ ਹੈ। ਸਿਰਫ ਤਿੰਨ ਇੰਚੀ ਨਾਲ ਰਾਹੀਂ ਪਾਣੀ ਕਸੀ ਚੋ ਹੁੰਦਾ ਹੋਇਆ ਜਲਘਰ ਬੁਰਜ ਭਲਾਈ ਕੇ ਪਹੁੰਚਦਾ ਸੀ ਪਰ ਨਹਿਰੀ ਪਾਣੀ ਪਿੰਡ ਦੇ ਜਲਘਰ ਤਕ ਪਹੁੰਚਦਾ ਹੀ ਨਹੀਂ ਜੋ ਆਉਦਾ ਹੈ ਉਹ ਰਾਸਤੇ ਚ ਹੀ ਖਤਮ ਹੋ ਜਾਂਦਾ ਹੈ। ਜਿਸ ਕਰਕੇ ਪਿੰਡ ਦਾ ਜਲ ਘਰ ਹਮੇਸ਼ਾ ਸੁਕਾ ਹੀ ਰਹਿੰਦਾ ਹੈ ਜਿਸ ਕਰਕੇ ਪੀਣ ਵਾਲੇ ਪਾਣੀ ਦੀ ਭਾਰੀ ਦਿਕਤ ਆ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਸਮਸਿਆ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਆ ਰਹੀ ਹੈ ਅਸੀਂ ਬਹੁਤ ਵਾਰੀ ਸੰਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲ ਚੁਕੇ ਹਾਂ ਪਰ ਸਭ ਨੇ ਮਿਠੀਆਂ ਗੋਲੀਆਂ ਦੇਣ ਤੋਂ ਬਜਾਏ ਕੁਝ ਵੀ ਨਹੀਂ ਕਰ ਰਹੇ। ਪਿੰਡ ਵਾਸੀ ਪਾਣੀ ਦੀ ਪੂਰਤੀ ਲਈ ਪੰਚਾਇਤੀ ਪਾਣੀ ਵਾਲੀ ਟੈਂਕੀ ਤੇ ਇਕ ਨਿਜੀ ਟੈਂਕੀ ਕਿਰਾਏ ਤੇ ਲੈਕੇ ਪੂਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਚ ਹਰ ਰੋਜ਼ ਤਕਰੀਬਨ 30 ਦੇ ਕਰੀਬ ਪਾਣੀ ਵਾਲੀਆਂ ਟੈਂਕੀਆਂ ਪੀਣ ਵਾਲੇ ਪਾਣੀ ਦੀਆਂ ਆਕੇ ਵਿਕਦੀਆ ਹਨ ਅਤੇ 150 ਤੋਂ ਵੀ ਜ਼ਿਆਦਾ ਪਰਿਵਾਰ ਆਪੋ ਆਪਣੇ ਸਾਧਨਾਂ ਰਾਹੀਂ ਤਿੰਨ ਕਿਲੋਮੀਟਰ ਦੂਰ ਉਲਕ ਮਾਈਨਰ ਤੋਂ ਪਾਣੀ ਲੈ ਕੇ ਆਉਂਦੇ ਹਨ।ਜੇਕਰ ਉਨ੍ਹਾਂ ਦੀ ਇਸ ਸਮਸਿਆ ਵਲ ਧਿਆਨ ਨਾ ਦਿਤਾ ਗਿਆ ਤਾਂ ਉਹ ਮਜਬੂਰੀ ਵਸ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । ਇਸ ਮਾਮਲੇ ਵਿਚ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਐਕਸਨ ਜਸਜੀਤ ਸਿੰਘ ਗਿਲ ਦਾ ਕਹਿਣਾ ਹੈ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਨਹੀਂ ਸੀ ਮੈਂ ਕਲ੍ਹ ਨੂੰ ਹੀ ਇਸ ਮਾਮਲੇ ਨੂੰ ਹਲ ਕਰਵਾਉਣ ਲਈ ਕਰਮਚਾਰੀ ਭੇਜਦਾ ਹਾਂ ਜਲਦੀ ਹੀ ਸਮਸਿਆ ਹਲ ਕਰ ਦਿਤੀ ਜਾਵੇਗੀ।