ਬਾਜਵਾ ਨੂੰ ਕਲਾਨੌਰ ’ਚ ਭਰਵਾਂ ਹੁੰਗਾਰਾ
ਗੁਰਦਾਸਪੁਰ, 18 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)- ਆਲ ਇੰਡੀਆ ਕਾਂਗਰਸ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸ਼ਕੀਲ ਅਹਿਮਦ ਨੇ ਅਕਾਲੀ ਭਾਜਪਾ ਅਗਵਾਈ ’ਤੇ ਇਸ ਮਹੱਤਵਪੂਰਨ ਬਾਰਡਰ ਸੂਬੇ ਨੂੰ ਨਸ਼ਿਆਂ ਦਾ ਦਰਿਆ ਬਣਾਉਣ ਦਾ ਦੋਸ਼ ਲਗਾਇਆ, ਜਿਸਦਾ ਪ੍ਰਭਾਵ ਨੌਜਵਾਨਾਂ ਦੇ ਭਵਿੱਖ ਤੇ ਖੇਤਰ ’ਤੇ ਪੈ ਰਿਹਾ ਹੈ। ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਸਮਰਥਨ ’ਚ, ਜਿਹੜੇ ਗੁਰਦਾਸਪੁਰ ਤੋਂ ਮੁੜ ਚੋਣ ਲੜ ਰਹੇ ਹਨ, ਅੰਤਰਰਾਸ਼ਟਰੀ ਬਾਰਡਰ ਨਾਲ ਲੱਗਦੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਕਲਾਨੌਰ ’ਚ ਭਰਵੀਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਅਹਿਮਦ ਨੇ ਕਿਹਾ ਕਿ ਹਲਕੇ ਦੇ ਇਸ ਬਾਹਰੀ ਇਲਾਕੇ ’ਚ ਲੋਕਾਂ ਦਾ ਉਮੜਿਆ ਸੈਲਾਬ ਦੱਸਦਾ ਹੈ
ਕਿ ਇਨ੍ਹਾਂ ਦੋਨਾਂ ਉਮੀਦਵਾਰਾਂ ਅਕਾਲੀ ਭਾਜਪਾ ਦੇ ਪੈਰਾਛੂਟ ਉਮੀਦਵਾਰ ਵਿਨੋਦ ਖੰਨਾਂ ਤੇ ਆਮ ਆਦਮੀ ਪਾਰਟੀ ਦੇ ਮੌਕਾਪ੍ਰਸਤ ਸੁੱਚਾ ਸਿੰਘ ਛੋਟੇਪੁਰ ਨੂੰ ਵਾਪਸ ਭੇਜ ਦੇਣਗੇ। ਉਨ੍ਹਾਂ ਨੇ ਕਿਹਾ ਕਿ ਬਾਜਵਾ ਨੂੰ ਪਾਰਟੀ ਹਾਈਕਮਾਂਡ ਵੱਲੋਂ ਜੋ ਜਿੰਮੇਵਾਰੀ ਸੌਂਪੀ ਗਈ ਸੀ, ਉਹ ਉਸਨੂੰ ਸ਼ਾਨਦਾਰ ਤਰੀਕੇ ਨਾਲ ਨਿਭਾਅ ਰਹੇ ਹਨ, ਜਿਸਦੇ ਨਤੀਜੇ ਵਜੋਂ ਪਾਰਟੀ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਬਾਜਵਾ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਅਕਾਲੀ ਭਾਜਪਾ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ 5000 ਕਰੋੜ ਦੇ ਡਰੱਗ ਰੈਕੇਟ ’ਚ ਫੜ੍ਹੇ ਗਏ ਬਰਖਾਸਤ ਪੁਲਿਸ ਅਫਸਰ ਜਗਦੀਸ਼ ਭੋਲਾ ਨੇ ਪੱਤਰਕਾਰਾਂ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਨਸ਼ੇ ਦੀ ਤਸਕਰੀ ਅਕਾਲੀ ਮੰਤਰੀਆਂ ਦੀ ਸ਼ੈਅ ’ਤੇ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਾ ਸਿਰਫ ਨੌਜਵਾਨਾਂ ਨਾਲ ਨਹੀਂ, ਸੂਬੇ ਦੇ ਭਵਿੱਖ ਨਾਲ ਵੀ ਖੇਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਚੋਣਾਂ ਦੋ ਧੁਰ ਵਿਰੋਧੀ ਵਿਚਾਰਧਾਰਾਵਾਂ ਦੀ ਲੜਾਈ ਹੈ। ਕਾਂਗਰਸ ਜਿਹੜੀ ਦੇਸ਼ ਨੂੰ ਇਕਜੁੱਟ ਰੱਖਣਾ ਚਾਹੁੰਦੀ ਹੈ ਤੇ ਧਰਮ ਨਿਰਪੱਖਤਾ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ। ਜਦਕਿ ਭਾਰਤੀ ਜਨਤਾ ਪਾਰਟੀ ਤੇ ਖਾਸ ਕਰਕੇ ਉਸਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਬਹੁਤ ਖ਼ਤਰਨਾਕ ਸੰਪ੍ਰਦਾਇਕ ਤੇ ਵੰਡਣ ਵਾਲੀ ਵਿਚਾਰਧਾਰਾ ਨਾਲ ਸਬੰਧਤ ਹਨ। ਮੋਦੀ ਦੇ ਸ਼ਾਸਨ ’ਚ ਗੁਜਰਾਤ ’ਚ ਸੰਪ੍ਰਦਾਇਕ ਦੰਗੇ ਹੋਏ ਸਨ, ਪਰ ਉਨ੍ਹਾਂ ਨੇ ਇਸ ਲਈ ਕਦੇ ਦੁੱਖ ਨਹੀਂ ਪ੍ਰਗਟ ਕੀਤਾ, ਮੁਆਫੀ ਦੀ ਕੀ ਗੱਲ ਕਰਨੀ। ਅਹਿਮਦ ਨੇ ਕਿਹਾ ਕਿ ਮੋਦੀ ਨੇ ਹਾਲ ਹੀ ’ਚ ਅੰਬੇਦਕਰ ਜਯੰਤੀ ਮੋਕੇ ਆਪਣੀ ਵੰਡਣ ਵਾਲੀ ਸੋਚ ਦਾ ਪ੍ਰਦਰਸ਼ਨ ਕੀਤਾ, ਜਦੋਂ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਦਲਿਤਾਂ ਨੂੰ ਮੁਸਲਮਾਨਾਂ ਲਈ ਨਜ਼ਰਅੰਦਾਜ ਕੀਤਾ ਹੈ। ਜਦਕਿ ਯੂ.ਪੀ. ’ਚ ਇਹ ਉਲਟਾ ਕਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਰਗੇ ਮਹਾਨ ਦੇਸ਼ ਲਈ ਅਜਿਹੀ ਵਿਚਾਰਧਾਰਾ ਖ਼ਤਰਨਾਕ ਹੈ। ਉਨ੍ਹਾਂ ਨੇ ਮੋਦੀ ’ਤੇ ਗੁਲਾਬੀ ਕ੍ਰਾਂਤੀ ਦੇ ਨਾਂ ’ਤੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਐਨ.ਡੀ.ਏ ਸ਼ਾਸਨ ਦੌਰਾਨ ਮੀਟ ਉਤਪਾਦਾਂ ਦਾ ਨਿਰਯਾਤ 3.5 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਿਆ ਸੀ। ਇਥੋਂ ਤੱਕ ਕਿ ਗੁਜਰਾਤ ਇਹ 22000 ਟਨ ਤੋਂ 10000 ਟਨ ਸਲਾਨਾ ਤੱਕ ਵੱਧਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਝੂਠ ਬੋਲਣ ਦੀ ਆਦਤ ਹੈ, ਜਿਨ੍ਹਾਂ ਨੇ ਹਮੇਸ਼ਾ ਤੱਥਾਂ ਨੂੰ ਬਿਗਾੜ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ’ਚ ਘੱਟ ਗਿਣਤੀਆਂ ਨਾਲ ਹੋਣ ਵਾਲੇ ਵਤੀਰੇ ਦੀ ਇਕ ਹੋਰ ਉਦਾਹਰਨ ਦਿੰਦਿਆਂ ਉਜਾੜੇ ਦਾ ਸਾਹਮਣਾ ਕਰ ਰਹੇ ਕੱਛ ਖੇਤਰ ਦੇ ਸਿੱਖ ਕਿਸਾਨਾਂ ਦਾ ਜ਼ਿਕਰ ਕੀਤਾ। ਇਨ੍ਹਾਂ ਕਿਸਾਨਾਂ ਨੂੰ ਉਸ ਜਮੀਨ ਨੂੰ ਛੱਡਣ ਦਾ ਹੁਕਮ ਦਿੱਤਾ ਗਿਆ ਹੈ, ਜਿਥੇ ਉਹ ਪਿਛਲੇ 50 ਸਾਲਾਂ ਤੋਂ ਖੇਤੀ ਕਰ ਰਹੇ ਹਨ। ਕਿਸਾਨਾਂ ਨੂੰ ਗੁਜਰਾਤ ਹਾਈ ਕੋਰਟ ਰਾਹਤ ਦੇਣ ਤੋਂ ਬਾਅਦ ਮੋਦੀ ਸਰਕਾਰ ਇਨ੍ਹਾਂ ਆਦੇਸ਼ਾਂ ਖਿਲਾਫ ਸੁਪਰੀਮ ਕੋਰਟ ’ਚ ਚਲੀ ਗਈ। ਉਨ੍ਹਾਂ ਨੇ ਕਿਹਾ ਕਿ ਬਾਦਲ ਮੋਦੀ ਨੂੰ ਸੁਪਰੀਮ ਕੋਰਟ ’ਚ ਦਾਇਰ ਅਪੀਲ ਨੂੰ ਵਾਪਸ ਲੈਣ ਲਈ ਮਨਾਉਣ ’ਚ ਫੇਲ੍ਹ ਰਹੇ ਹਨ। ਇਹ ਇਸ ਵਿਅਕਤੀ ਦਾ ਅਸਲੀ ਚੇਹਰਾ ਹੈ, ਜਿਸਨੂੰ ਬਾਦਲ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਪੇਸ਼ ਕਰ ਰਹੇ ਹਨ।ਅਹਿਮਦ ਨੇ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰ ’ਚ ਧੱਸੀ ਹੋਈ ਹੈ ਤੇ ਇਸਦੇ ਦੋ ਪ੍ਰਧਾਨਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਹੀ ਅਹੁਦਾ ਛੱਡਣਾ ਪਿਆ ਹੈ। ਇਨ੍ਹਾਂ ਦੇ ਇਕ ਪ੍ਰਧਾਨ ਨੂੰ ਸਜਾ ਮਿਲ ਚੁੱਕੀ ਹੈ। ਕਰਨਾਟਕ ’ਚ ਪਾਰਟੀ ਨੇ ਉਸ ਸਾਬਕਾ ਮੁੱਖ ਮੰਤਰੀ ਨੂੰ ਮੁੜ ਸ਼ਾਮਿਲ ਕਰ ਲਿਆ ਹੈ, ਜਿਸਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਗੱਦੀ ਛੱਡਣੀ ਪਈ ਸੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਕੋਲ ਭ੍ਰਿਸ਼ਟਾਚਾਰ ਬਾਰੇ ਗੱਲ ਕਰਨ ਦਾ ਨੈਤਿਕ ਅਧਿਕਾਰ ਨਹੀਂ ਹੈ। ਗੁਜਰਾਤ ਦੇ ਵਿਕਾਸ ਮਾਡਲ ’ਤੇ ਵਰ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਆਪਣਾ ਸੂਬਾ ਕਾਰਪੋਰੇਟ ਸੈਕਟਰ ਨੂੰ ਵੇਚ ਦਿੱਤਾ ਹੈ ਤੇ ਅਦਾਨੀ ਗਰੁੱਪ ਨੂੰ 45000 ਏਕੜ ਜ਼ਮੀਨ ਕੋਡੀ ਦੇ ਭਾਅ ਵੇਚ ਦਿੱਤੀ ਗਈ ਹੈ। ਹੁਣ ਕਾਰਪੋਰੇਟ ਸੈਕਟਰ ਇਨ੍ਹਾਂ ਦੇ ਨੈਸ਼ਨਲ ਪੱਧਰ ’ਤੇ ਪ੍ਰਚਾਰ ਨੂੰ ਦੇਖ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਬਾਜਵਾ ਦੇ ਹੱਥ ਮਜ਼ਬੂਤ ਕਰਨ ਤੇ ਵੱਡੇ ਅੰਤਰ ਨਾਲ ਲੋਕ ਸਭਾ ’ਚ ਭੇਜਣ ਦੀ ਅਪੀਲ ਕੀਤੀ। ਇਸ ਮੌਕੇ ਬਾਜਵਾ ਨੇ ਯੂ.ਪੀ.ਏ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਜਿਸ ’ਚ ਵਨ ਰੈਂਕ ਵਨ ਪੈਨਸ਼ਨ, ਖੁਰਾਕ ਸੁਰੱਖਿਆ, ਸਿੱਖਿਆ ਦਾ ਅਧਿਕਾਰ, ਕਣਕ ਤੇ ਝੌਨੇ ਦੇ ਘੱਟੋਂ ਘੱਟ ਸਮਰਥਨ ਮੁੱਲ ’ਚ ਵਾਧਾ ਤੇ 108 ਐਂਬੁਲੈਂਸ ਸੇਵਾ, ਪੀ.ਐਮ.ਜੀ.ਐਸ.ਆਈ, ਮਨਰੇਗਾ ਆਦਿ ਸ਼ਾਮਿਲ ਹਨ, ਉਨ੍ਹਾ ਨੇ ਕਿਹਾ ਕਿ ਯੂ.ਪੀ.ਏ ਹੀ ਆਮ ਆਦਮੀ ਦਾ ਧਿਆਨ ਰੱਖਦੀ ਹੇ। ਜਦਕਿ ਦੂਜੇ ਪਾਸੇ ਬਾਦਲ ਸਰਕਾਰ ਆਪਣੇ ਮੈਨਿਫੈਸਟੋ ’ਚ ਬੁਢਾਪਾ ਪੈਨਸ਼ਨ ਨੂੰ ਦੁਗਣਾ ਕਰਨ ਤੇ ਬੇਰੁਜ਼ਗਾਰੀ ਭੱਤੇ ਸਬੰਧੀ ਕੀਤੇ ਵਾਅਦੇ ਪੂਰੇ ਕਰਨ ’ਚ ਨਾਕਾਮ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੇਰਾ ਬਾਬਾ ਨਾਨਕ ਦੇ ਐਮ.ਐਲ.ਏ ਸੁਖਜਿੰਦਰ ਸਿੰਘ ਰੰਧਾਵਾ, ਬਟਾਲਾ ਤੋਂ ਐਮ.ਐਲ.ਏ ਅਸ਼ਵਨੀ ਸੇਖੜੀ, ਬੀ.ਕੇ.ਯੂ. ਆਗੂ ਭੁਪਿੰਦਰ ਸਿੰਘ ਮਾਨ, ਇੰਦਰਜੀਤ ਸਿੰਘ ਰੰਧਾਵਾ, ਦੀਪਇੰਦਰ ਸਿੰਘ ਰੰਧਾਵਾ, ਜਨਕ ਰਾਜ, ਕੁਲਵੰਤ ਸਿੰਘ ਸਵਾਮੀ, ਪ੍ਰਦੀਪ ਸਚਦੇਵਾ, ਸਲਵਿੰਦਰ ਸਿੱਧੂ ਤੇ ਗੁਰਜੀਤ ਸਿੰਘ ਓਜਲਾ ਵੀ ਮੌਜ਼ੂਦ ਰਹੇ।



