ਸੀ.ਪੀ.ਆਈ. (ਐਮ.ਐਲ) ਵੱਲੋਂ ਮਾਨਸਾ ਵਿਖੇ ‘ਨੀਤੀਆਂ ਬਦਲੋ-ਰਾਜ ਬਦਲੋ’ ਰੈਲੀ ਅੱਜ

ਮਾਨਸਾ 28 ਮਾਰਚ (ਜਗਦੀਸ਼ ਬਾਂਸਲ)- ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ 29 ਮਾਰਚ ਨੂੰ ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਕੀਤੀ ਜਾ ਰਹੀ ਨੀਤੀਆਂ ਬਦਲੋ ਰਾਜ ਬਦਲੋ, ਰੈਲੀ ਦੀ ਤਿਆਰੀ ਲਈ ਵਖ ਵਖ ਪਿੰਡਾਂ ਅੰਦਰ ਮੀਟਿੰਗਾਂ ਰੈਲੀਆਂ ਕੀਤੀਆਂ ਗਈਆਂ।ਪਿੰਡ ਬੁਰਜ ਹਰੀ, ਉਭਾ, ਬੁਰਜ ਢਿਲਵਾਂ, ਖੜਕ ਸਿੰਘ ਵਾਲਾ, ਬੁਰਜ ਰਾਠੀ, ਸਦਾ ਸਿੰਘ ਵਾਲਾ, ਮਾਨਬੀਬੜੀਆਂ, ਮੂਸਾ, ਗੇਹਲੇ ਆਦਿ ਪਿੰਡਾਂ ਅੰਦਰ ਕੀਤੀਆਂ ਮੀਟਿੰਗਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੇਸ਼ ਦੇ ਵਖ ਵਖ ਸੂਬਿਆਂ ਵਿਚ ਰਾਜ ਕਰਨ ਦੌਰਾਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਵਲ ਕੋਈ ਧਿਆਨ ਨਹੀਂ ਦੇ ਰਹੀਆਂ। ਉਕਤ ਪਾਰਟੀਆਂ ਵਲੋਂ ਵੋਟਾਂ ਵੇਲੇ ਲੋਕਾਂ ਨਾਲ ਤਰਾਂ ਤਰਾਂ ਦੇ ਲੋਕ ਲੁਭਾਊ ਵਾਅਦੇ ਕੀਤੇ ਜਾਂਦੇ ਹਨ ਪਰ ਕੁਰਸੀ ਮਿਲਣ ਤੇ ਉਕਤ ਪਾਰਟੀਆਂ ਲੋਕਾਂ ਨੂੰ ਭੁਲ ਜਾਂਦੀਆਂ ਹਨ ਅਤੇ ਸਰਮਾਏਦਾਰ ਪਖੀ ਨੀਤੀਆਂ ਲਾਗੂ ਕਰਦੀਆਂ ਹਨ। ਉਹਨਾਂ ਕਿਹਾ ਕਿ ਅਜ ਦੇਸ਼ ਦਾ ਹਰ ਵਰਗ ਦੁਖੀ ਹੈ, ਅਤੇ ਸਮਸਿਆਵਾਂ ਨਾਲ ਘਿਰਿਆ ਹੋਇਆ ਹੈ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਲੋਕਾਂ ਦੀਆਂ ਸਮਸਿਆਵਾਂ ਤੇ ਗਲ ਕਰਨ ਦੀ ਬਜਾਏ ਭਾਰਤ ਪਾਕਿਸਤਾਨ ਵਿਚ ਜੰਗ ਵਾਲਾ ਮਾਹੌਲ ਪੈਦਾ ਕਰਕੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਦੁਬਾਰ ਜਿਤ ਪ੍ਰਾਪਤ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਦੁਬਾਰਾ ਮੋਦੀ ਦੇ ਜੁਮਲਿਆਂ ਵਿਚ ਨਹੀਂ ਆਉਣਗੇ ਅਤੇ ਬੀ.ਜੀ.ਪੀ ਨੂੰ ਵਾਅਦਿਆਂ ਤੋਂ ਮੁਕਰਨ ਦਾ ਖਮਿਆਜਾ ਭੁਗਤਣਾ ਪਵੇਗਾ। ਰੈਲੀਆਂ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਕੈਪਟਨ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਮੁਕਰ ਚੁਕਿਆ ਹੈ, ਉਥੇ ਮੋਦੀ ਸਰਕਾਰ ਵੀ ਚੋਣਾ ਤੋਂ ਪਹਿਲਾਂ ਦੇਸ਼ ਵਿਚ ਸੁਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਵਾਅਦੇ ਤੋਂ ਭਜ ਚੁਕੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਰਾਜਨੇਤਾ ਕਿਰਤੀ ਜਨਤਾ ਨੂੰ ਵੋਟਾਂ ਲੈਣ ਵੇਲੇ ਬੁਧੂ ਬਣਾਉਣ ਤੋਂ ਇਲਾਵਾ ਕੁਝ ਨਹੀਂ ਕਰਦੇ ਅਤੇ ਦੇਸ਼ ਦੀ ਕਿਰਤੀ ਜਨਤਾ ਨੂੰ ਵੋਟ ਬੈਂਕ ਵਜੋਂ ਹੀ ਵਰਤਿਆ ਜਾਦਾਂ ਹੈ, ਸਹੂਲਤਾਂ ਦੇਣ ਵੇਲੇ ਜਨਤਾ ਲਈ ਮੁਠੀ ਘੁਟ ਲਈ ਜਾਂਦੀ ਹੈ ਅਤੇ ਖਜਾਨੇ ਦਾ ਮੂੰਹ ਬਹੁਕੌਮੀ ਕੰਪਨੀਆਂ ਲਈ ਖੋਲ ਦਿਤਾ ਜਾਂਦਾ ਹੈ। ਉਹਨਾਂ ਕਿਹਾ ਕਿ ਨੀਤੀਆਂ ਬਦਲੋ ਰਾਜ ਬਦਲੋ ਰੈਲੀ ਵਿਚ ਕਿਸਾਨਾਂ ਮਜ਼ਦੂਰਾਂ ਦੀ ਜਿੰਦਗੀ ਨਾਲ ਜੁੜੇ ਮੁਦਿਆਂ ਨੂੰ ਉਠਾਇਆ ਜਾਵੇਗਾ ਤਾਂ ਜੋ ਉਹ ਆਉਣ ਵਾਲੀਆਂ ਲੋਕ ਸਭਾ ਵੋਟਾਂ ਵਿਚ ਮੁਖ ਮੁਦਾ ਬਣ ਸਕਣ। ਰੈਲੀਆਂ ਨੂੰ ਕਰਨੈਲ ਸਿੰਘ ਮਾਨਸਾ, ਸਾਧੂ ਸਿੰਘ ਬੁਰਜ ਢਿਲਵਾਂ, ਹਰਜਿੰਦਰ ਸਿੰਘ ਮਾਨਸ਼ਾਹੀਆ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Send this to a friend