ਬਟਾਲਾ, 27 ਮਾਰਚ (ਲੱਕੀ ਰਾਜਪੂਤ, ਸ਼ੰਮੀ ਸ਼ਰਮਾ)- ਕੁਝ ਦਿਨ ਪਹਿਲਾਂ ਬਟਾਲਾ ਦੇ ਇਕ ਸਾਬਕਾ ਐਸ.ਡੀ.ਓ ਰਣਧੀਰ ਸਿੰਘ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ ਅਤੇ ਇਹ ਘਟਨਾ ਸੀ.ਸੀ.ਟੀ.ਵੀ ਕੈਮਰਿਆਂ ’ਚ ਕੈਦ ਹੋ ਗਈ ਸੀ ਲੇਕਿਨ ਇਸ ਦੇ ਬਾਵਜੂਦ ਪੁਲਿਸ ਕਾਤਲਾਂ ਤਕ ਨਹੀਂ ਪਹੁੰਚ ਪਾ ਰਹੀ ਸੀ। ਕਿਉਂਕਿ ਬਟਾਲੇ ਦੇ ਹੀ ਜਸਬੀਰ ਸਿੰਘ ਪੁਤਰ ਸਰਬਜੀਤ ਸਿੰਘ ਅਤੇ ਤਰਨਦੀਪ ਸਿੰਘ ਪੁਤਰ ਜਸਬੀਰ ਸਿੰਘ ਵਾਸੀ ਸਿਨੇਮਾ ਰੋਡ ਬਟਾਲਾ ’ਤੇ ਮ੍ਰਿਤਕ ਦੀ ਪਤਨੀ ਸਤਿੰਦਰ ਕੌਰ ਵਲੋਂ ਸ਼ਕ ਜਾਹਿਰ ਕਰਨ ’ਤੇ 302 ਦਾ ਪਰਚਾ ਕਰ ਦਿਤਾ ਗਿਆ ਸੀ। ਐਸ.ਐਸ.ਪੀ ਬਟਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਲਈ ਬੁਝਾਰਤ ਅਤੇ ਸਿਰਦਰਦੀ ਬਣਿਆ ਕਤਲ ਆਖਿਰ ਅਜ ਬੇਨਕਾਬ ਹੋ ਗਿਆ। ਕਰੀਬ ਤਿੰਨ ਵਜੇ ਪੁਲਿਸ ਲਾਈਨ ਬਟਾਲਾ ‘ਚ ਪ੍ਰੈਸ ਕਾਨਫ਼ਰੰਸ ਦੌਰਾਨ ਐਸ.ਐਸ.ਪੀ ਸ.ਘੁੰਮਣ ਨੇ ਬਹੁਤ ਹੀ ਹੈਰਾਨੀਜਨਕ ਖੁਲਾਸਾ ਕਰਦੇ ਹੋਏ ਦਸਿਆ ਕਿ ਐਸ.ਡੀ.ਓ ਦਾ ਕਾਤਲ ਕੋਈ ਹੋਰ ਨਹੀਂ ਬਲਕਿ ਉਹਦਾ ਸਕਾ ਭਤੀਜਾ ਹੀ ਨਿਕਲਿਆ ਹੈ। ਉਹਨਾਂ ਦਸਿਆ ਕਿ ਹਰਮਨਦੀਪ ਸਿੰਘ ਉਰਫ਼ ਸਾਹਬ ਪੁਤਰ ਤਸਬੀਰ ਸਿੰਘ ਨੂੰ ਮ੍ਰਿਤਕ ਚਾਚੇ ਨੇ ਫਾਇਨਾਂਸ ਦਾ ਦਫਤਰ ਖੋਲ ਕੇ ਦਿਤਾ ਸੀ ਅਤੇ ਹੁਣ ਤਕ ਕਾਫੀ ਪੈਸਾ ਮਾਰਕਿਟ ‘ਚ ਲਗ ਗਿਆ ਸੀ। ਹੁਣ ਜਦੋਂ ਚਾਚੇ ਨੇ ਭਤੀਜੇ ਕੋਲੋਂ ਹਿਸਾਬ ਮੰਗਿਆ ਤਾਂ ਉਸਨੇ ਆਪਣੇ ਡਰਾਈਵਰ ਸੁਖਜੀਤ ਸਿੰਘ ਪੁਤਰ ਸੁਖਦੇਵ ਸਿੰਘ ਵਾਸੀ ਅਲਕੜੇ ਝੰਡੇ ਕੋਲੋਂ ਕਥਿਤ ਤੌਰ ‘ਤੇ ਗੋਲੀ ਮਰਵਾ ਦਿਤੀ। ਭਤੀਜਾ ਏਨਾ ਸ਼ਾਤਿਰ ਨਿਕਲਿਆ ਕਿ ਚਾਚੇ ਨੂੰ ਮਾਰਨ ਤੋ ਬਾਅਦ ਉਸ ਦੀਆਂ ਸਾਰੀਆਂ ਅੰਤਿਮ ਰਸਮਾਂ ਖੁਦ ਕਰਦਾ ਰਿਹਾ ਅਤੇ ਲੋਕਾਂ ਨੂੰ ਕਹਿੰਦਾ ਰਿਹਾ ਕਿ ਪੁਲਿਸ ਨੂੰ ਕਹੋ ਕਿ ਮੇਰੇ ਚਾਚੇ ਦੇ ਕਾਤਿਲ ਛੇਤੀ ਫੜੇ।
ਐਸ.ਐਸ.ਪੀ ਨੇ ਹੋਰ ਦਸਿਆ ਕਿ ਫੜੇ ਗਏ ਡਰਾਈਵਰ ਦੀ ਨਿਸ਼ਾਨਦੇਹੀ ‘ਤੇ ਇਕ ਦੇਸੀ ਕਟਾ (ਪਿਸਤੌਲ 315 ਬੋਰ, ਦੋ ਜਿੰਦਾ ਕਾਰਤੂਸ, ਇਕ ਖੋਲ਼ ਅਤੇ ਇਕ ਡਿਸਕੋਵਰ ਮੋਟਰਸਾਈਕਲ) ਬਰਾਮਦ ਕੀਤਾ ਗਿਆ ਹੈ ਜਿਸ ਨਾਲ ਐਸ.ਡੀ.ਓ. ਨੂੰ ਗੋਲੀ ਮਾਰੀ ਗਈ ਸੀ। ਐਸ.ਐਸ.ਪੀ. ਨੇ ਇਹ ਵੀ ਦਸਿਆ ਕਿ ਡਰਾਈਵਰ ਨੂੰ ਭਤੀਜੇ ਨੇ ਕੈਨੇਡਾ ਭੇਜਣ ਦਾ ਲਾਲਚ ਦਿੱਤਾ ਸੀ। ਬਟਾਲਾ ਪੁਲਿਸ ਦੀ ਇਹ ਵਡੀ ਪ੍ਰਾਪਤੀ ਹੈ ਕਿਉਂਕਿ ਸ਼ਾਤਿਰ ਭਤੀਜੇ ਨੇ ਨਾਜਾਇਜ਼ ਬੰਦਿਆਂ ’ਤੇ ਪਰਚਾ ਦਰਜ਼ ਕਰਵਾ ਦਿਤਾ ਸੀ।