ਮਨੋਹਰ ਪਾਰੀਕਰ ਪੰਜ ਤੱਤਾਂ ’ਚ ਵਿਲੀਨ ਮੀਰਾਮਾਰ ਸਮੁੰਦਰੀ ਕੰਢੇ ਅੰਤਿਮ ਸੰਸਕਾਰ

ਪਣਜੀ (ਗੋਆ)- ਗੋਆ ਦੇ ਮੁਖ ਮੰਤਰੀ ਮਨੋਹਰ ਪਾਰੀਕਰ, ਜਿਨ੍ਹਾਂ ਦਾ ਬੀਤੇ ਕਲ੍ਹ ਲੰਬੀ ਬਿਮਾਰੀ ਬਾਅਦ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਅਜ ਸ਼ਾਮ ਕਰੀਬ 6 ਵਜੇ ਕੀਤਾ ਗਿਆ। ਅੱਜ ਸ੍ਰੀ ਮਨੋਹਰ ਪਾਰੀਕਰ ਦੀ ਮ੍ਰਿਤਕ ਦੇਹ ਨੂੰ ਮੀਰਾਮਾਰ ਸਮੁੰਦਰੀ ਕੰਢੇ ਉਤੇ ਲਿਆਂਦਾ ਗਿਆ, ਜਿਥੇ ਚੁਫੇਰੇ ‘ਮਨੋਹਰ ਪਰੀਕਰ ਅਮਰ ਰਹੇ‘ ਦੇ ਨਾਅਰਿਆਂ ਦੌਰਾਨ ਉਨ੍ਹਾਂ ਨੂੰ ਅੰਤਿਮ ਵਿਦਾਈ ਦਿਤੀ ਗਈ। ਉਨ੍ਹਾਂ ਦੇ ਵਡੇ ਬੇਟੇ ਵਲੋਂ ਮੁਖ ਅਗਨੀ ਦਿਤੀ ਗਈ। ਆਮ ਆਦਮੀ ਅਤੇ ਸਕੂਟਰ ਵਾਲੇ ਸੀ.ਐਮ. ਦੇ ਤੌਰ ‘ਤੇ ਜਾਣ ਜਾਂਦੇ ਮਨੋਹਰ ਪਾਰੀਕਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਉਨ੍ਹਾਂ ਦੇ ਅੰਤਿਮ ਸੰਸਕਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਖਿਆ ਮੰਤਰੀ ਨਿਰਮਲਾ ਸੀਤਾਰਮਨ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਸਮੇਤ ਕਈ ਸੀਨੀਅਰ ਨੇਤਾ ਅਤੇ ਵਡੀ ਗਿਣਤੀ ਉਨ੍ਹਾਂ ਨੂੰ ਚਾਹੁਣ ਵਾਲੇ ਸ਼ਾਮਿਲ ਹੋਏ। ਉਨ੍ਹਾਂ ਦੇ ਦਿਹਾਂਤ ‘ਤੇ ਕੇਂਦਰ ਨੇ ਇਕ ਦਿਨ ਦੇ ਕੌਮੀ ਸੋਗ ਦਾ ਐਲਾਨ ਕੀਤਾ ਸੀ, ਜਦੋਂਕਿ ਗੋਆ ਵਿਚ ਇਹ ਸੂਬਾਈ ਸੌਗ 24 ਮਾਰਚ ਤਕ ਰਹੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਉਨ੍ਹਾਂ ਦਾ ਇਥੇ ਆਪਣੇ ਨਿਜੀ ਨਿਵਾਸ ਵਿਖੇ ਦਿਹਾਂਤ ਹੋ ਗਿਆ ਸੀ। ਉਹ 63 ਸਾਲਾਂ ਦੇ ਸਨ। ਪਾਰੀਕਰ ਆਪਣੇ ਪਿਛੇ 2 ਬੇਟੇ ਤੇ ਉਨ੍ਹਾਂ ਦੇ ਪਰਿਵਾਰ ਛਡ ਗਏ ਹਨ। ਜ਼ਿਕਰਯੋਗ ਹੈ ਕਿ ਸਨਿਚਰਵਾਰ ਤੋਂ ਉਨ੍ਹਾਂ ਨੂੰ ਜੀਵਨ ਰਖਿਅਕ ਪ੍ਰਣਾਲੀ ‘ਤੇ ਰਖਿਆ ਗਿਆ ਸੀ। ਭਾਜਪਾ ਦੇ ਵਡੇ ਆਗੂ ਜੋ ਕਿ ਸਾਲ ਭਰ ਦੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ, ਦੀ ਹਾਲਤ ਪਿਛਲੇ 2 ਦਿਨਾਂ ਤੋਂ ਕਾਫੀ ਨਾਜ਼ੁਕ ਸਨ। ਪਾਰੀਕਰ ਫਰਵਰੀ, 2018 ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਪਾਰੀਕਰ ਜੋ ਕਿ ਆਰ.ਐਸ.ਐਸ. ਦੇ ਪ੍ਰਚਾਰਕ ਵਜੋਂ ਉਭਰੇ ਸਨ, ਦੇਸ਼ ਦੇ ਰਖਿਆ ਮੰਤਰੀ ਬਣੇ ਤੇ ਬਾਅਦ ’ਚ ਗੋਆ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਕਾਰਜ ਭਾਰ ਸੰਭਾਲਿਆ। ਉਹ ਅਜਿਹੇ ਆਗੂ ਸਨ ਜਿਨ੍ਹਾਂ ਨੂੰ ਭਾਜਪਾ ’ਚ ਸਾਰੇ ਪਾਸਿਆਂ ਤੋਂ ਮਾਨਤਾ ਮਿਲੀ, ਭਾਵ ਉਨ੍ਹਾਂ ਨੂੰ ਸਾਰੇ ਆਗੂ ਪਸੰਦ ਕਰਦੇ ਸਨ। ਗੋਆ ’ਚ ਭਾਜਪਾ ਦੀ ਸਤ੍ਹਾ ਸਥਾਪਤੀ ’ਚ ਉਨ੍ਹਾਂ ਪ੍ਰਮੁਖ ਭੂਮਿਕਾ ਨਿਭਾਈ। 13 ਦਸੰਬਰ 1955 ਨੂੰ ਮਧ ਵਰਗ ਪਰਿਵਾਰ ‘ਚ ਜਨਮੇ ਪਾਰੀਕਰ ਨੇ ਆਰ.ਐਸ.ਐਸ. ਦੇ ਪ੍ਰਚਾਰਕ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਆਈ.ਆਈ.ਟੀ. ਬੰਬਈ ਤੋਂ ਇੰਜੀਨੀਅਰਿੰਗ ਕਰਨ ਬਾਅਦ ਵੀ ਸੰਘ ਲਈ ਕੰਮ ਕਰਨਾ ਲਗਾਤਾਰ ਜਾਰੀ ਰਖਿਆ।ਉਹ ਸਾਲ 1994 ‘ਚ ਚੁਣਾਵੀ ਰਾਜਨੀਤੀ ਵਿਚ ਉਸ ਸਮੇਂ ਦਾਖ਼ਲ ਹੋਏ ਜਦੋਂ ਉਨ੍ਹਾਂ ਭਾਜਪਾ ਟਿਕਟ ‘ਤੇ ਪਣਜੀ ਹਲਕੇ ਤੋਂ ਜਿਤ ਪ੍ਰਾਪਤ ਕੀਤੀ। ਨਵੰਬਰ, 2014 ਤੋਂ ਮਾਰਚ, 2017 ਤਕ ਉਹ ਰਖਿਆ ਮੰਤਰੀ ਰਹੇ।

Send this to a friend