ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹਲਕਾ ਭਦੌੜ ਦੇ ਲੋਕਾਂ ਨਾਲ ਹੋਏ ਰੂ-ਬ-ਰੂ

ਭਦੌੜ 15 ਮਾਰਚ (ਸਾਹਿਬ ਸੰਧੂ/ਰਜਿੰਦਰ) ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਜ ਆਪ ਅਪਣਿਆਂ ਨਾਲ ਪ੍ਰੋਗਰਾਮ ਦੇ ਚਲਦਿਆਂ ਹਲਕਾ ਭਦੌੜ ਦੇ ਲੋਕਾਂ ਨਾਲ ਰੂ-ਬ-ਰੂ ਹੋਣ ਪਹੁੰਚੇ। ਭਦੌੜ ਵਿਖੇ ਆਪਣੇ ਸੰਬੋਧਨ ਦੌਰਾਨ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਵਲੋਂ ਸੂਬੇ ਭਰ ਵਿਚ ਸ਼ੁਰੂ ਕੀਤੀ ਗਈ ਬਿਜਲੀ ਅੰਦੋਲਨ ਦੇ ਨਤੀਜੇ ਵਜੋਂ ਕਾਂਗਰਸ ਸਰਕਾਰ ਦੁਆਰਾ ਐਸਸੀ/ਬੀਸੀ ਅਤੇ ਬੀਪੀਐਲ ਪ੍ਰਵਾਰਾਂ ਦੇ ਬਿਲ ਮਾਫ਼ ਕਰ ਦਿਤੇ ਗਏ ਹਨ ਤੇ ਇਸ ਮੁਆਫ਼ੀ ਦੇ ਬਾਦ ਵੀ ਜੇਕਰ ਗਰੀਬ ਲੋਕਾਂ ਨੂੰ ਬਿਲ ਆ ਰਹੇ ਹਨ ਤਾਂ ਓਹ ਬਿਲ ਨਾ ਭਰਨ। ਉਹਨਾਂ ਨੇ ਆਖਿਆ ਕਿ ਬਿਲ ਨਾ ਭਰਨ ਦੀ ਸੁਰਤ ਵਿਚ ਮੀਟਰ ਪੁਟ ਲੈਣਾਂ ਕਿਸੇ ਵੀ ਕਾਨੂੰਨ ਚ ਨਹੀਂ ਆਉਂਦਾ। ਲੋਕਾਂ ਨੂੰ ਜਾਗਰੂਕ ਹੋਣਾਂ ਚਾਹੀਦਾ ਹੈ। ਇਸ ਦੌਰਾਨ ਉਹਨਾਂ ਨੇ ਆਪਣੇ ਕਾਰਜ ਕਾਲ ਦੀਆਂ ਕੀਤੀਆਂ ਪ੍ਰਾਪਤੀ ਸਬੰਧੀ ਵੀ ਲੋਕਾਂ ਨੂੰ ਚਾਨਣਾਂ ਪਾਇਆ ਤੇ ਆਖਿਆ ਕਿ ਲੋਕਾਂ ਨੇ ਉਹਨਾਂ ਨੂੰ ਚੁਣ ਲੋਕ ਸਭਾ ਭੇਜਿਆ ਸੀ ਤੇ ਉਹਨਾਂ ਨੇ ਸਭ ਤੋਂ ਜਿਆਦਾ ਗਰੀਬ ਲੋਕਾਂ ਤੇ ਪੰਜਾਬ ਦੇ ਮੁਦੇ ਚੁਕੇ। ਉਹਨਾਂ ਨੇ ਆਖਿਆ ਐਮਪੀ ਕੋਟੇ ਚ ਆਈ ਗ੍ਰਾਂਟ ਦੇ ਇਕ ਇਕ ਪੈਸੇ ਦਾ ਹਿਸਾਬ ਲੋਕ ਉਹਨਾਂ ਕੋਲੋਂ ਲੈ ਸਕਦੇ ਹਨ। ਇਸ ਦੌਰਾਨ ਉਹਨਾਂ ਨੇ ਹਲਕਾ ਭਦੌੜ ਤੋਂ ਆਪਣੀ ਪਾਰਟੀ ਦੇ ਬਾਗੀ ਵਿਧਾਇਕ ਪਿਰਮਲ ਸਿੰਘ ਧੌਲਾ ਸਬੰਧੀ ਸਵਾਲ ਪੁਛੇ ਜਾਣ ਤੇ ਆਖਿਆ ਕਿ ਹਲਕਾ ਭਦੌੜ ਦੇ ਵਿਧਾਇਕ ਨੂੰ ਉਹਨਾਂ ਨੇ ਟਿਕਟ ਲੈ ਦਿਤੀ ਤੇ ਹਰ ਪਖੋਂ ਸਹਿਯੋਗ ਕੀਤਾ ਪਰ ਵਾਹ ਪਏ ਜਾਣੀਏ ਜਾਂ ਰਾਹ ਪਏ। ਪਿਰਮਲ ਸਿੰਘ ਨੇ ਲੋਕਾਂ ਦੇ ਦਿਤੇ ਫਤਵੇ ਦਾ ਮਜ਼ਾਕ ਉਡਾਇਆ ਹੈ। ਅਖ਼ੀਰ ਉਹਨਾਂ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸੰਗਰੂਰ ਦਫ਼ਤਰ ਆਉਂਣ ਦਾ ਸਦਾ ਦਿਤਾ।’

Send this to a friend