ਗੁਰਮੀਤ ਸਿੰਘ ਪਲਾਹੀ
16ਵੀਂ ਲੋਕ ਸਭਾ ਚੋਣ ਲਈ ਦੇਸ਼ ਦੀਆਂ ਵੱਡੀਆਂ-ਛੋਟੀਆਂ, ਇਲਾਕਾਈ ਰਾਜਨੀਤਕ ਪਾਰਟੀਆਂ ਨੋ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਵੱਡੇ-ਵੱਡੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਸਰਕਾਰ ਤੇ ਕਾਬਜ਼ ਅਤੇ ਵਿਰੋਧੀ ਧਿਰਾਂ ਨੇ ਲੋਕਾਂ ਨੂੰ ਵੱਡੇ-ਵੱਡੇ ਸਬਜ਼ਬਾਗ ਵਿਖਾਏ ਹਨ। ਦੇਸ਼ ਦੀਆਂ ਸਮੁੱਚੀਆਂ ਪਾਰਟੀਆਂ ਦੇ ਨੇਤਾ ਲੋਕਾਂ ਨਾਲ ਹਰ ਪੰਜ ਸਾਲ ਬਾਦ ਇਹੋ ਜਿਹੇ ਵਾਇਦੇ ਕਰਦੇ ਹਨ, ਜੋ ਅਸਲ ਅਰਥਾਂ ਵਿਚ ਪੂਰੇ ਕਰਨ ਯੋਗ ਹੀ ਨਹੀਂ ਹੁੰਦੇ। ਕੀ ਇਹ ਲੋਕਾਂ ਦੇ ਵਿਸ਼ਵਾਸ਼ ਨਾਲ ਧੋਖਾ ਨਹੀਂ?ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਵੱਲੋਂ ਇਸ ਵੇਰ ਲਈ ਜੋ ਘੋਸ਼ਨਾ ਪੱਤਰ ਜਾਰੀ ਕੀਤਾ ਹੈ ਉਹ ਬਹੁਪੱਖੀ, ਗਤੀਸ਼ੀਲ ਲੋਕਤੰਤਰ ਦੇ ਵਿਕਾਸ ਦਾ ਇਕ ਦਸਤਾਵੇਜ਼ ਹੈ। ਉਨ੍ਹਾਂ ਵੱਲੋਂ ਪੇਂਡੂ, ਸ਼ਹਿਰੀ, ਅਲਪਸੰਖਿਅਕ, ਨੌਜਵਾਨਾਂ, ਬਜ਼ੁਰਗਾਂ, ਅਨੁਸੂਚਿਤ ਜਾਤੀ ਅਤੇ ਜਨਜਾਤੀ ਅਤੇ ਵਪਾਰੀਆਂ ਦੀ ਭਲਾਈ ਦੇ ਸੰਕਲਪ ਨੂੰ ਦੁਹਰਾਇਆ ਗਿਆ ਹੈ। ਕਾਂਗਰਸ ਪਾਰਟੀ ਦੇ ਨੀਤੀ ਘਾੜਿਆ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 1.3 ਲੱਖ ਸਿਆਣੇ ਲੋਕਾਂ ਨਾਲ ਵਿਚਾਰ ਕਰਕੇ ਇਹ ਦਸਤਾਵੇਜ਼ ਤਿਆਰ ਕੀਤਾ ਹੈ। ਦੇਸ਼ ਦੇ ਉੱਚ ਕਾਂਗਰਸੀ ਨੇਤਾਵਾਂ ਸੋਨੀਆਂ ਗਾਂਧੀ, ਰਾਹੁਲ ਗਾਂਧੀ ਅਤੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੇ ਇਹ ਘੋਸ਼ਨਾ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਅਗਲੇ 5 ਸਾਲਾਂ ਵਿਚ 10 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ 2004 ’ਚ ਪੇਂਡੂ ਲੋਕਾਂ ਨੂੰ 100 ਦਿਨ ਦਾ ਪੱਕਾ ਰੁਜ਼ਗਾਰ ਦੇਣਾ ਤਹਿ ਹੋਇਆ, ਭੂਮੀ ਅਧਿਗ੍ਰਹਿਣ ਬਿੱਲ ਨੇ ਕਿਸਾਨਾਂ ਦਾ ਭਲਾ ਕੀਤਾ, ਹਰੇਕ ਲਈ ਭੋਜਨ ਦਾ ਪ੍ਰਬੰਧ ਕਰਨ ਲਈ ਐਕਟ ਬਣਾਇਆ। ਅਤੇ ਪਿਛਲੇ ਸਾਲਾਂ ’ਚ 14 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਨਿਯਾਤ ਦੁਆਈ।
ਉਨ੍ਹਾਂ ਵਾਅਦਾ ਕੀਤਾ ਕਿ ਕਿਸਾਨਾਂ ਨੂੰ ਫਸਲਾਂ ਦੀ ਚੰਗੀ ਕੀਮਤ ਮਿਲੇਗੀ, ਇਹੋ ਜਿਹੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ ਕਿ ‘‘ਆਪਕਾ ਪੈਸਾ, ਆਪਕੇ ਹਾਥ ਰਹੇ’’। ਪਿਛਲੇ 68 ਸਾਲਾਂ ਵਿਚੋਂ ਲਗਭਗ 60 ਸਾਲ ਦੇਸ਼ ਉਤੇ ਰਾਜ ਕਰਨ ਵਾਲੀ ਕਾਂਗਰਸ ਹੁਣ ਤੱਕ ਵੀ ਦੇਸ਼ ਦੇ ਲੋਕਾਂ ਨੂੰ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਤੋਂ ਨਿਯਾਤ ਦੁਆਉਣ ਲਈ ਕੁਝ ਸਾਰਥਕ ਕਿਉਂ ਨਹੀਂ ਕਰ ਸਕੀ? ਅਤੇ ਫੋਕੇ ਨਾਹਰਿਆਂ ਨਾਲ ਲੋਕਾਂ ਦੀਆਂ ਝੋਲੀਆਂ ਭਰ ਕੇ ਸਿਰਫ਼ ਕੁਰਸੀ ਹਥਿਆਉਣ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਦੀ ਰਹੀ? ਇਸ ਵੇਲੇ ਦੇਸ਼ ’ਚ 8800 ਸ਼ਹਿਰ ਅਤੇ 22000 ਕਸਬਿਆਂ ਦੀ ਤੁਲਨਾ ਤੇ ਸਾਢੇ 6 ਲੱਖ ਪਿੰਡ ਹਨ।
ਕੀ ਕਾਂਗਰਸ ਦੇ ਘੋਸ਼ਨਾ ਪੱਤਰਾਂ ਜਾਂ ਵਾਅਦਿਆਂ ਨੇ ਪਿੰਡਾਂ ਅਤੇ ਪੇਂਡੂਆਂ ਦੀ ਹਾਲਤ ਦਰੁੱਸਤ ਕਰਨ ਲਈ ਕੋਈ ਸਾਰਥਕ ਕਦਮ ਪੁੱਟੇ, ਕਿਉਂਕਿ ਜ਼ਮੀਨੀ ਹਕੀਕਤ ਇਹ ਹੈ ਕਿ ਭਾਰਤ ਦਾ ‘ਪਿੰਡ’ ਆਜ਼ਾਦੀ ਪ੍ਰਾਪਤੀ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਸੀ, ਉਸ ਤੋਂ ਵੀ ਵੱਧ ਬਦਤਰ ਤੇ ਖੋਖਲਾ ਹੋਇਆ ਹੈ!
ਬਿਲਕੁਲ ਇਸੇ ਕਿਸਮ ਦਾ ਘੋਸ਼ਨਾ ਪੱਤਰ ਦੂਜੀ ਰਾਜਸੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾਂ ਵੀ ਤੇ ਹੁਣ ਵੀ ਪੇਸ਼ ਕੀਤਾ ਹੈ, ਇਸ ਵਿਚ ਨੌਜਵਾਨਾ ਨੂੰ ਰੋਜ਼ਗਾਰ ਦੇਣ ਦੇ ਨਾਲ ਨਾਲ ਦੇਸ਼ ਦੇ 100 ਸ਼ਹਿਰਾਂ ਨੂੰ ਹਾਈਟੈਕ ਬਣਾਉਣ ਦੇ ਸਬਜਵਾਗ ਵੀ ਵਖਾਏ ਗਏ ਹਨ । ਇਸ ਪਾਰਟੀ ਨੇ ਦੇਸ਼ ਉਤੇ ਭਾਵੇਂ ਕੁਝ ਸਮਾਂ ਹੀ ਰਾਜ ਕੀਤਾ ਹੈ, ਪਰ ਇਸ ਪਾਰਟੀ ਵੱਲੋਂ ਕਈ ਰਾਜਾਂ ਉਤੇ ਰਾਜ ਕੀਤਾ ਜਾ ਰਿਹਾ ਹੈ। ਇਸ ਪਾਰਟੀ ਉਤੇ ਸੰਪਰਦਾਇਕ ਪਾਰਟੀ ਹੋਣ ਦਾ ਇਲਜ਼ਾਮ ਤਾਂ ਲੱਗਦਾ ਹੀ ਰਿਹਾ ਹੈ, ਪਰ ਇਸ ਵੇਰ ਇਕੋ ਵਿਅਕਤੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪੇਸ਼ ਕਰਕੇ ਇਹ ਪਾਰਟੀ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਘਾਣ ਕਰਕੇ ਸਖਸ਼ੀ ਉਭਾਰ ਦੀ ਰਾਜਨੀਤੀ ਦਾ ਸ਼ਿਕਾਰ ਹੋਈ ਹੈ, ਜਿਸਨੂੰ ਪੰਜਾਬ ਵਿਚ ਇਸ ਦੀ ਸਹਿਯੋਗੀ ਅਕਾਲੀ ਦਲ ਅਤੇ ਵੱਖੋ-ਵੱਖਰੇ ਹੋਰ ਰਾਜਾਂ ਵਿਚ ਕੁਝ ਇਲਾਕਾਈ ਪਾਰਟੀਆਂ ਅਤੇ ਹੋਰ ਸਹਿਯੋਗੀਆਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ, ਭਾਵੇਂਕਿ ਇਸ ਦੇ ਕੁਝ ਸਹਿਯੋਗੀ ਇਸ ਨਵੇਂ ਸਮੀਕਰਨ ਤੋਂ ਇਸ ਤੋਂ ਕਿਨਾਰਾ ਕਰ ਗਏ। ਕਾਂਗਰਸ ਵਾਂਗਰ ਇਸ ਪਾਰਟੀ ਦਾ ਘੋਸ਼ਨਾ ਪੱਤਰ ਵੀ ਭਾਰੀ ਭਰਕਮ ਵਾਅਦਿਆਂ ਵਾਲਾ ਅਤੇ ਲੋਕਾਂ ਨੂੰ ਲਾਰੇ ਲਾਉਣ ਵਾਲਾ ਹੈ! ਵੱਡੀ ਗਿਣਤੀ ’ਚ ਨੌਜਵਾਨਾਂ ਨੂੰ ਰੁਜ਼ਗਾਰ ਦਾ ਸੁਪਨਾ, ਕਾਰਪੋਰੇਟ ਜਗਤ ਦੀਆਂ ਮੌਜੂਦਾ ਨੀਤੀਆਂ ਕਾਰਨ ਭਾਜਪਾ ਕਿਵੇਂ ਸਾਕਾਰ ਕਰੇਗੀ? ਨੌਜਵਾਨਾਂ, ਗਰੀਬਾਂ, ਕਿਸਾਨਾਂ ਲਈ ਯੋਜਨਾਵਾਂ ਅਤੇ ਵਿਕਾਸ ਦਾ ਗੁਜਰਾਤ ਮਾਡਲ ਭਾਜਪਾ ਦਾ ਚੋਣ ਏਜੰਡਾ ਹੈ? ਪਰ ਕੀ ਗੁਜਰਾਤ ’ਚ ਸਚਮੁੱਚ ਵਿਕਾਸ ਹੋਇਆ? ਕਿਸ ਕਿਸਮ ਦਾ ਵਿਕਾਸ ਹੋਇਆ, ਇਸ ਸੰਬੰਧੀ ਚਰਚਾਵਾਂ ਤਾਂ ਪਹਿਲਾਂ ਹੀ ਬਥੇਰੀਆਂ ਸਨ, ਪਰ ਨਵੇਂ ਰਾਜ ਨੇਤਾ ਕੇਜਰੀਵਾਲ ਨੇ ਜੋ ਪੋਲ, ਗੁਜਰਾਤ ਮਾਡਲ ਦੇ ਖੋਲ੍ਹੇ ਹਨ, ਉਨ੍ਹਾਂ ਨੂੰ ਮੰਨਣੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।
ਸਮਾਜਵਾਦੀ ਪਾਰਟੀ ਦਾ ਕਰਮਚਾਰੀਆਂ ਦੀ ਨੌਕਰੀ ਤੋਂ ਸੇਵਾ ਮੁਕਤੀ ਉਮਰ 65 ਸਾਲ ਕਰਨ, ਕਿਸਾਨਾਂ ਦੀ ਜ਼ਮੀਨ ਨੀਲਾਮ ਨਾ ਕਰਨ ਅਤੇ ਹੋਰ ਪੱਛੜੀਆਂ ਜਾਤਾਂ ਨੂੰ ਪੱਛੜੀ ਸ਼੍ਰੇਣੀ ’ਚ ਸ਼ਾਮਲ ਕਰਨ, ਗਰੀਬਾਂ ਲਈ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਮੁਫ਼ਤ ਪ੍ਰਬੰਧ ਅਤੇ ਬੀਮਾ ਯੋਜਨਾ ਆਦਿ ਜਿਹੇ ਵਾਅਦੇ ਕੀਤੇ ਗਏ ਹਨ। ਇਸੇ ਕਿਸਮ ਦੇ ਵਾਅਦੇ ਬਸਪਾ, ਜਨਤਾ ਦਲ ਅਤੇ ਦੇਸ਼ ਦੀਆਂ ਹੋਰ ਇਲਾਕਾਈ ਪਾਰਟੀਆਂ ਵੱਲੋਂ ਆਮ ਲੋਕਾਂ ਨੂੰ ਲੁਭਾਉਣ ਲਈ ਹੋ ਰਹੇ ਹਨ ਅਤੇ ਆਪਣੀ ਪਾਰਟੀ ਦੇ ਘੋਸ਼ਨਾ ਪੱਤਰਾਂ ਨੂੰ ਹਰੇਕ ਪਾਰਟੀ ਵੱਲੋਂ ਵਧੀਆ ਗਰਦਾਨਿਆ ਜਾ ਰਿਹਾ ਹੈ।
ਪਰ ਕੀ ਇਹ ਚੋਣ ਮੈਨੀਫੈਸਟੋ, ਘੋਸ਼ਨਾਪੱਤਰ ਸਚਮੁੱਚ ਲੋਕਾਂ ਦੀਆਂ ਤਕਲੀਫ਼ਾਂ ਦੂਰ ਕਰ ਸਕਦੇ ਹਨ? ਆਮ ਲੋਕਾਂ ਦਾ ਧਿਆਨ ਇਨ੍ਹਾਂ ਘੋਸ਼ਨਾ ਪੱਤਰਾਂ, ਵਾਅਦਿਆਂ ਵੱਲ ਖਿੱਚਿਆ ਜਾ ਰਿਹਾ ਹੈ? ਕਿਉਂਕਿ ਦੇਸ਼ ਦਾ ਵੱਡਾ ਵਰਗ ਤਾਂ ਇਨ੍ਹਾਂ ਤੋਂ ਅਣਭਿੱਜ ਹੈ। ਆਮ ਆਦਮੀ ਜਿਹੜਾ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਹੈ, ਆਜ਼ਾਦੀ ਤੋਂ ਲੈ ਕੇ ਹੁਣ ਤੱਕ ਹੋਈ 15 ਲੋਕ ਸਭਾ ਚੋਣਾਂ ’ਚ ਵੋਟ ਪਾਉਣ ਯੋਗ ਹੀ ਨਹੀਂ ਹੋ ਸਕਿਆ। ਦੇਸ਼ ਦੇ ਮਸਾਂ 60% ਵੋਟਰ ਹੀ ਵੱਖੋ-ਵੱਖਰੀਆਂ ਲੋਕ ਸਭਾ ਚੋਣਾਂ ’ਚ ਆਪਣੀ ਵੋਟ ਦਾ ਪ੍ਰਯੋਗ ਕਰਦੇ ਰਹੇ ਹਨ। ਕਿਉਂਕਿ ਆਮ ਲੋਕਾਂ ਵਿਚ ਭਾਰਤੀ ਰਾਜਨੀਤਕ ਵਰਗ ਦਾ ਅਕਸ ਭ੍ਰਿਸ਼ਟ ਅਤੇ ਖਰਾਬ ਹੈ, ਜਿਹੜੇ ਕੁਰਸੀ ਯੁੱਧ ਵਿਚ ਇਕੋ ਦੂਜੇ ਪ੍ਰਤੀ ਨਾ ਵਰਤਣਯੋਗ ਸ਼ਬਦਾਂ ਦੀ ਵਰਤੋਂ ਤਾਂ ਕਰਦੇ ਹੀ ਹਨ, ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਕੋਈ ਕਸਰ ਨਹੀਂ ਛੱਡਦੇ! ਇਹੋ ਜਿਹੇ ਨੇਤਾਵਾਂ ਕੋਲ ਨਾ ਕੋਈ ਨੀਤੀ ਹੈ, ਨਾ ਕੋਈ ਸਿਧਾਂਤ ਅਤੇ ਨਾ ਹੀ ਉਨ੍ਹਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਹੈ। ਉਹ ਵੱਡੇ ਵਾਅਦੇ ਕਰਦੇ ਹਨ, ਪੈਸਾ ਖਰਚਦੇ ਹਨ, ਧੌਂਸ ਧੱਕਾ ਕਰਕੇ ਬਾਂਹੂ ਬਲ ਨਾਲ ਚੋਣ ਜਿੱਤਦੇ ਹਨ ਅਤੇ ਰਾਜੇ ਬਣ ਕੇ ਰਾਜ ਕਰਦੇ ਹਨ। ਅੱਜ ਦੀ ਰਾਜਨੀਤੀ ’ਚ ਤਾਂ ਪਰਿਵਾਰਵਾਦ ਕੌਮੀ ਪੱਧਰ ਤੋਂ ਇਲਾਕਾਈ ਪੱਧਰ ਤੱਕ ਇਤਨਾ ਭਾਰੂ ਹੋ ਚੁੱਕਾ ਹੈ ਕਿ ਚੋਣ ਵਾਅਦਿਆਂ ਨੂੰ ਛਿੱਕੇ ਟੰਗ ਕੇ ਸਿਰਫ਼ ਨੀਤੀਆਂ ਪਰਿਵਾਰ ਦੇ ਅਗਲੇ ਵਾਰਿਸ ਤੱਕ ਕੁਰਸੀ ਦੇਣ ਤੱਕ ਹਰ ਹੀਲਾ ਵਰਤਣ ਤੱਕ ਸੀਮਤ ਹੋ ਗਈਆਂ ਹਨ, ਕਿਉਂਕਿ ਬਹੁਤੀਆਂ ਪਾਰਟੀਆਂ ਕਾਂਗਰਸ ਸਮੇਤ ਪਰਿਵਾਰਵਾਦ ਜਾਂ ਏਕਾਅਧਿਕਾਰ ਵਾਲੇ ਨੇਤਾਵਾਂ ਦੀਆਂ ਆਪਹੁਦਰੀਆਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਹੋ ਜਿਹੀ ਹਾਲਤ ਵਿਚ ਜੋ ਪਾਰਟੀਆਂ ‘‘ਰਾਜ ਨਹੀਂ ਸੇਵਾ’’ ਦੀ ਥਾਂ ‘‘ਕੁਰਸੀ ਹੀ ਕੁਰਸੀ’’ ਨੂੰ ਅਹਿਮੀਅਤ ਦੇਂਦੀਆਂ ਹਨ, ਸਮਾਜ ਸੇਵਾ ਜਾਂ ਆਮ ਲੋਕਾਂ ਦੇ ਹਿੱਤਾਂ ਨੂੰ ਪਹਿਲ ਕਿਵੇਂ ਦੇ ਸਕਦੀਆਂ ਹਨ?
ਕੀ ਰਾਜਨੀਤਕ ਪਾਰਟੀਆਂ ਦੇ ਚੋਣ ਘੋਸ਼ਨਾ ਪੱਤਰ ਦੇਸ਼ ਦੇ ਕਾਨੂੰਨੀ ਦਾਇਰੇ ਵਿਚ ਨਹੀਂ ਲਿਆਂਦੇ ਜਾ ਸਕਦੇ? ਕੀ ਝੂਠੇ ਲਾਰਿਆਂ ਵਾਅਦਿਆਂ ਪ੍ਰਤੀ ਪਾਰਟੀਆਂ ਨੂੰ ਜਵਾਬਦੇਹ ਨਹੀਂ ਬਣਾਇਆ ਜਾਣਾ ਚਾਹੀਦਾ? ਕੀ ਰਾਜਨੇਤਾਵਾਂ ਦੇ ਗਲਤ ਵਾਅਦਿਆਂ, ਗਲਤ ਨਾਹਰਿਆਂ, ਗਲਤ ਬੋਲਾਂ ਨੂੰ ਲੋਕ ਕਟਹਿਰੇ ’ਚ ਨਹੀਂ ਲਿਆਂਦਾ ਜਾਣਾ ਚਾਹੀਦਾ? ਅੱਜ ਜਿਸ ਕਿਸਮ ਦੀ ਅਰਾਜਕਤਾ ਦੀ ਸਥਿਤੀ ਦੇਸ਼ ਵਿਚ ਹੈ, ਇਹ ਸਿਰਫ਼ ਚੋਣ ਵਾਅਦਿਆਂ ਨਾਲ ਹੋਰ ਵਿਗੜੇਗੀ। ਵੱਧ ਤੋਂ ਵੱਧ ਆਮ ਲੋਕਾਂ ਨੂੰ ਚੋਣ ਪ੍ਰਕਿਰਿਆ ’ਚ ਸ਼ਾਮਲ ਕਰਕੇ ਅਤੇ ਰਾਜਨੀਤਕ ਪਾਰਟੀਆਂ/ਨੇਤਾਵਾਂ ਦੀ ਸਹੀ ਚੋਣ ਨਾਲ ਹੀ ਇਸਦੇ ਸੁਧਰਨ ਦੀ ਸੰਭਾਵਨਾ ਹੋ ਸਕਦੀ ਹੈ।



