ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦਰਮਿਆਨ ਵੀਰਵਾਰ ਨੂੰ ਹੋਈ ਇਕ ਬੈਠਕ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਮੋਟੇ ਤੌਰ ’ਤੇ ਸਹਿਮਤੀ ਬਣ ਗਈ ਹੈ। ਦੋਵਾਂ ਦੇਸ਼ਾਂ ਦਰਮਿਆਨ ਮਾੜੇ ਸਬੰਧਾਂ ਦੇ ਬਾਵਜੂਦ ਇਸ ਮੀਟਿੰਗ ਦਾ ਬਹੁਤ ਹੀ ਖੁਸ਼ਗਵਾਰ ਮਾਹੌਲ ਵਿੱਚ ਹੋਣਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਤਾਪ ਹੀ ਆਖਿਆ ਜਾ ਸਕਦਾ ਹੈ। ਬੇਸ਼ਕ ਪੁਲਵਾਮਾ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਉਪਰ ਵੀ ਪ੍ਰਸ਼ਨ ਚਿੰਨ੍ਹ ਲਗ ਗਏ ਸਨ। ਸਿੱਖ ਭਾਈਚਾਰੇ ਨੂੰ ਇਹ ਖਦਸ਼ਾ ਸੀ ਕਿ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਕਾਰਨ ਲਾਂਘੇ ਦਾ ਕਾਰਜ ਰੁਕ ਜਾਵੇ, ਪਰ ਇਹ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਦੋਵੇਂ ਦੇਸ਼ਾਂ ਨੇ ਲਾਂਘੇ ਦੇ ਪ੍ਰੋਜੈਕਟ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਸਾਰੀ ਯੋਜਨਾ ਤਿਆਰ ਕਰ ਲਈ ਗਈ ਹੈ। ਇਹ ਵੀ ਚੰਗੀ ਗੱਲ ਹੈ ਕਿ ਸੰਗਤਾਂ ਨੂੰ ਦਰਸ਼ਨਾਂ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਪ੍ਰਵਾਨ ਤਜਵੀਜ਼ਾਂ ਮੁਤਾਬਿਕ ਆਮ ਦਿਨਾਂ ਵਿੱਚ ਭਾਰਤ ਤੋਂ ਹਰ ਰੋਜ਼ 5 ਹਜ਼ਾਰ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਵਿਸ਼ੇਸ਼ ਮੌਕਿਆਂ ’ਤੇ ਇਹ ਗਿਣਤੀ 10 ਹਜ਼ਾਰ ਤੱਕ ਵਧਾਈ ਜਾ ਸਕੇਗੀ। ਚੰਗਾ ਹੋਵੇ ਜੇਕਰ ਇਸ ਗਿਣਤੀ ਨੂੰ 4 ਗੁਣਾ ਹੋਰ ਵਧਾਇਆ ਜਾਵੇ। ਰੋਜ਼ਾਨਾ ਸਿਰਫ਼ 5 ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਸਿੱਖ ਸੰਗਤਾਂ ਨਾਲ ਇਨਸਾਫ ਨਹੀਂ ਹੈ। ਲਾਂਘੇ ਦਾ ਪਹਿਲਾ ਪੜਾਅ ਸਤੰਬਰ 2019 ਤੱਕ ਪੂਰਾ ਕਰਨ ਦਾ ਨਿਰਣਾ ਲਿਆ ਗਿਆ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਸਮਾਗਮ ਨਵੰਬਰ 2019 ਵਿੱਚ ਹੋਣੇ ਹਨ। ਜੇਕਰ ਲਾਂਘੇ ਦਾ ਕਾਰਜ ਸਤੰਬਰ ਤੱਕ ਮੁਕੰਮਲ ਹੁੰਦਾ ਹੈ ਤਦ ਨਵੰਬਰ ਤੱਕ ਲਗਭਗ 5 ਲੱਖ ਸ਼ਰਧਾਲੂ ਹੀ ਦਰਸ਼ਨ ਕਰ ਸਕਣਗੇ। ਇਹ ਗਿਣਤੀ ਬਹੁਤ ਮਾਮੂਲੀ ਹੈ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਤੰਬਰ ਤੋਂ ਲੈ ਕੇ ਨਵੰਬਰ ਤੱਕ ਘੱਟੋ-ਘੱਟ 50 ਲੱਖ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦੇਣ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਲਾਂਘੇ ਦੀ ਉਸਾਰੀ ਦਾ ਕਾਰਜ ਹੁਣ ਸ਼ਾਂਤੀਪੂਰਵਕ ਅਤੇ ਬਿਨਾ ਕਿਸੇ ਰੋਕ-ਟੋਕ ਤੋਂ ਨੇਪਰੇ ਚੜ੍ਹੇਗਾ। ਲਾਂਘੇ ਦੀ ਉਸਾਰੀ ਮੁਕੰਮਲ ਹੋਣ ਨਾਲ ਦੋਵੇਂ ਦੇਸ਼ਾਂ ਦਰਮਿਆਨ ਭਾਈਚਾਰਕ ਸਬੰਧ ਵੀ ਮਜ਼ਬੂਤ ਹੋਣਗੇ। ਇਸ ਲਾਂਘੇ ਦਾ ਸਮੁੱਚੇ ਤੌਰ ’ਤੇ ਇਸ ਖੇਤਰ ਉਪਰ ਵੱਡਾ ਪ੍ਰਭਾਵ ਪਵੇਗਾ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਦੋਵੇਂ ਪਾਸੇ ਵਿਕਾਸ ਸਰਗਰਮੀਆਂ ਦਾ ਵੀ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਭਾਰੀ ਲਾਭ ਮਿਲੇਗਾ। ਭਾਰਤ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਵਾਲੇ ਪਾਸੇ ਲਾਂਘੇ ਦੀ ਉਸਾਰੀ ਲਈ ਯਤਨਾਂ ਨੂੰ ਤੇਜ਼ ਕਰੇ। ਦੋਵਾਂ ਦੇਸ਼ਾਂ ਦਰਮਿਆਨ ਹੋ ਰਹੀਆਂ ਮੀਟਿੰਗਾਂ ਵਿੱਚ ਸਿੱਖ ਨੁਮਾਇੰਦਿਆਂ ਦੀ ਕਮੀ ਮਹਿਸੂਸ ਹੋ ਰਹੀ ਹੈ। ਦੋਵੇਂ ਦੇਸ਼ਾਂ ਨੂੰ ਚਾਹੀਦਾ ਹੈ ਕਿ ਦਵੱਲੀਆਂ ਮੀਟਿੰਗਾਂ ਵਿੱਚ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇ। – ਬਲਜੀਤ ਸਿੰਘ ਬਰਾੜ