ਭਾਰਤ ਸਣੇ ਕਈ ਮੁਲਕਾਂ ਨੇ ਬੋਇੰਗ-737 ’ਤੇ ਲਗਾਈ ਰੋਕ

ਨਵੀਂ ਦਿਲੀ, 13 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਇਥੋਪੀਆ ’ਚ ਪਿਛਲੇ ਦਿਨੀਂ ਬੋਇੰਗ 737 ਮੈਕਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਭਾਰਤ ਸਮੇਤ ਕਈ ਦੇਸ਼ਾਂ ਨੇ ਇਨ੍ਹਾਂ ਜਹਾਜ਼ਾਂ ਦੀ ਵਰਤੋਂ ’ਤੇ ਰੋਕ ਲਾ ਦਿਤੀ ਹੈ।ਭਾਰਤ ਦੇ ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀ ਨੇ ਕਿਹਾ ਹੈ ਕਿ ਦੇਸ਼ ਦੀਆਂ ਹਵਾਈ ਸੇਵਾ ਕੰਪਨੀਆਂ ਵੱਲੋਂ ਬੋਇੰਗ 737 ਮੈਕਸ 8 ਹਵਾਈ ਜਹਾਜ਼ਾਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ।ਸਪਾਈਸਜੈਟ ਦੇ ਬੇੜੇ ਵਿਚ 737 ਮੈਕਸ 8 ਦੇ 12 ਜਹਾਜ਼ ਅਤੇ ਜੈਟ ਏਅਰਵੇਜ਼ ਕੋਲ ਪੰਜ ਜਹਾਜ਼ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀ ਨੇ ਦਸਿਆ ਕਿ ਮੁਸਾਫ਼ਰਾਂ ਦੀ ਸੁਰਖਿਆ ਸਾਡੇ ਲਈ ਅਹਿਮ ਹੈ ਤੇ ਦੁਨੀਆ ਭਰ ਦੇ ਰੈਗੁਲੇਟਰਾਂ ਨਾਲ ਰਾਬਤਾ ਕਾਇਮ ਹੈ। ਯਾਦ ਰਹੇ ਬੀਤੇ ਦਿਨੀਂ ਇਥੋਪਿਆਈ ਏਅਰਲਾਈਨਜ਼ ਦੇ 737 ਮੈਕਸ 8 ਜਹਾਜ਼ ਨਾਲ ਵਾਪਸੇ ਹਾਦਸੇ ‘ਚ 157 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਚੀਨ, ਇੰਡੋਨੇਸ਼ੀਆ, ਇਥੋਪੀਆ, ਆਸਟਰੇਲੀਆ, ਸਿੰਗਾਪੁਰ, ਓਮਾਨ ਤੇ ਯੂ.ਕੇ. ਨੇ ਵੀ ਬੋਇੰਗ ਜਹਾਜ਼ਾਂ ਦੇ ਉਡਾਣ ਭਰਨ ‘ਤੇ ਪਾਬੰਦੀ ਲਗਾ ਦਿਤੀ ਹੈ। ਉਧਰ ਅਮਰੀਕੀ ਐਵੀਏਸ਼ਨ ਮਾਹਿਰ, ਇਥੋਪੀਅਨ ਏਅਰਲਾਈਨ ਹਾਦਸੇ ਦੀ ਜਾਂਚ ਵਿਚ ਸ਼ਾਮਿਲ ਹੋ ਗਏ ਹਨ। ਅਮਰੀਕਾ ਦੀ ਸੰਘੀ ਐਵੀਏਸ਼ਨ ਅਥਾਰਿਟੀ ਨੇ ਕਿਹਾ ਕਿ ਲੋੜ ਪੈਣ ‘ਤੇ ਬੋਇੰਗ ਖ਼ਿਲਾਫ਼ ਫੌਰੀ ਕਾਰਵਾਈ ਕੀਤੀ ਜਾਵੇਗੀ ਤੇ ਕੰਪਨੀ ਨੂੰ ਸਾਫਟਵੇਅਰ ਤੇ ਸਿਸਟਮ ਅਪਡੇਟ ਕਰਨ ਲਈ ਵੀ ਆਖਿਆ ਜਾਵੇਗਾ।

Send this to a friend