ਮੁਹਾਲੀ, 11 ਮਾਰਚ (ਗੁਰਵਿੰਦਰ ਸਿੰਘ ਰਾਣਾ)- ਇਥੋਂ ਦੇ ਫੇਜ਼-3ਬੀ1 ਵਿਚ ਪੀਜੀ ਵਿਚ ਰਹਿੰਦੀ ਇਕ ਨੌਜਵਾਨ ਮੁਟਿਆਰ ਨੇ ਵਿਦੇਸ਼ ਜਾਣ ਦਾ ਸੁਪਨਾ ਟੁਟਣ ‘ਤੇ ਖ਼ੁਦਕੁਸ਼ੀ ਕਰਕੇ ਮੌਤ ਨੂੰ ਗਲੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਲੜਕੀ ਦੀ ਪਛਾਣ ਅਮਨਪ੍ਰੀਤ ਕੌਰ (30) ਵਾਸੀ ਅਜਨਾਲਾ ਵਜੋਂ ਹੋਈ ਹੈ। ਇਹ ਹਾਦਸਾ ਅਜ ਦੁਪਹਿਰ ਕਰੀਬ 1 ਵਜੇ ਵਾਪਰਿਆ ਦਸਿਆ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅਜਨਾਲਾ ਦੀ ਅਮਨਪ੍ਰੀਤ ਕੌਰ ਵਿਦੇਸ਼ ਜਾਣ ਦਾ ਸੁਪਨਾ ਲੈ ਕੇ ਮੋਹਾਲੀ ਵਿਚ ਆਈ ਸੀ ਅਤੇ ਇਥੇ ਪੀਜੀ ਵਿਚ ਰਹਿ ਕੇ ਆਈਲੈਟਸ ਕਰ ਰਹੀ ਸੀ। ਲੇਕਿਨ ਆਈਲੈਟਸ ਕਲੀਅਰ ਨਾ ਹੋਣ ਕਾਰਨ ਕਾਫੀ ਸਮੇਂ ਤੋਂ ਉਸ ਦੀ ਫਾਈਲ ਲਮਕ ਰਹੀ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲਗ ਪਈ ਸੀ ਅਤੇ ਅਜ ਉਸ ਨੇ ਪੀਜੀ ਰੂਮ ਵਿਚ ਛਤ ਵਾਲੇ ਪਖੇ ਦੀ ਹੁਕ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਇਸ ਹਾਦਸੇ ਦਾ ਉਦੋਂ ਪਤਾ ਲਗਿਆ ਜਦੋਂ ਦੁਪਹਿਰ ਵੇਲੇ ਨੌਕਰੀ ਖਾਣਾ ਲੈ ਕੇ ਗਿਆ ਤਾਂ ਉਸ ਵਲੋਂ ਲਗਾਤਾਰ ਕੁੰਡੀ ਖੜਕਾਉਣ ‘ਤੇ ਕਿਸੇ ਨੇ ਅੰਦਰੋਂ ਕੁੰਡੀ ਨਹੀਂ ਖੋਲ੍ਹੀ। ਇਸ ਮਗਰੋਂ ਮਕਾਨ ਮਾਲਕਾਂ ਨੇ ਮੁਹਾਲੀ ਪੁਲੀਸ ਦੇ ਕੰਟਰੋਲ ਰੂਮ ਵਿਚ ਫੋਨ ਕਰਕੇ ਇਸ ਹਾਦਸੇ ਬਾਰੇ ਇਤਲਾਹ ਦਿਤੀ ਅਤੇ ਸੂਚਨਾ ਮਿਲਦੇ ਹੀ ਪੀ ਸੀ ਆਰ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਮਟੌਰ ਥਾਣੇ ਨੂੰ ਲੜਕੀ ਦੀ ਮੌਤ ਬਾਰੇ ਸੂਚਨਾ ਦਿਤੀ ਗਈ।ਉਧਰ, ਸੂਚਨਾ ਮਿਲਣ ‘ਤੇ ਥਾਣਾ ਮਟੌਰ ‘ਚੋਂ ਪੁਲੀਸ ਕਰਮਚਾਰੀ ਉਥੇ ਪਹੁੰਚ ਗਏ ਅਤੇ ਉਨ੍ਹਾਂ ਦੇਖਿਆ ਕਿ ਅਮਨਪ੍ਰੀਤ ਦੀ ਲਾਸ਼ ਕਮਰੇ ਵਿਚ ਛਤ ਵਾਲੇ ਪਖੇ ਦੀ ਹੁਕ ਨਾਲ ਲਮਕ ਰਹੀ ਸੀ। ਪੁਲੀਸ ਨੇ ਲੋਕਾਂ ਦੀ ਹਾਜ਼ਰੀ ਵਿਚ ਲਾਸ਼ ਨੂੰ ਥਲੇ ਉਤਾਰਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਫੇਜ਼-6 ਵਿਚ ਭੇਜ ਦਿਤਾ। ਪੁਲੀਸ ਅਨੁਸਾਰ ਮ੍ਰਿਤਕ ਲੜਕੀ ਦੇ ਮਾਪਿਆਂ ਨੂੰ ਇਸ ਹਾਦਸੇ ਬਾਰੇ ਇਤਲਾਹ ਦੇ ਦਿਤੀ ਹੈ ਅਤੇ ਭਲਕੇ ਐਤਵਾਰ ਨੂੰ ਪੋਸਟ ਮਾਰਟਮ ਹੋਵੇਗਾ।ਉਧਰ, ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਮਟੌਰ ਦੇ ਐਸਐਚਓ ਇੰਸਪੈਕਟਰ ਜਗਦੇਵ ਸਿੰਘ ਨੇ ਦਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਲਾਸ਼ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਹੈ। ਅਮਨਪ੍ਰੀਤ ਕੌਰ ਨੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਲੇਕਿਨ ਉਸ ਦੀ ਕੈਨੇਡਾ ਜਾਣ ਦੀ ਫਾਈਲ ਨਹੀਂ ਲਗ ਸਕੀ। ਉਸ ਨੇ ਇਹ ਵੀ ਲਿਖਿਆ ਹੈ ਕਿ ਉਹ ਆਪਣੇ ਘਰਦਿਆਂ ਦਾ ਸੁਪਨਾ ਪੂਰਾ ਨਹੀਂ ਕਰ ਸਕੀ ਹੈ। ਇਸ ਸਬੰਧੀ ਉਸ ਨੇ ਆਪਣੇ ਪਿਤਾ ਮੁਆਫ਼ੀ ਮੰਗਦਿਆਂ ‘ਸੌਰੀ ਪਾਪਾ ਜੀ‘ ਲਿਖਿਆ ਹੈ।