ਦਿਵਿਆਂਗ ਅਤੇ ਬਜ਼ੁਰਗ ਵਿਅਕਤੀਆਂ ਨੂੰ ਸਰੀਰਕ ਪਖੋਂ ਆਤਮ ਨਿਰਭਰ ਬਣਾਉਣਾ ਸਰਕਾਰ ਦਾ ਮੁਖ ਮਕਸਦ : ਵਿਜੇ ਸਾਂਪਲਾ
ਸ੍ਰੀ ਹਰਗੋਬਿੰਦਪੁਰ/ਬਟਾਲਾ, 3 ਮਾਰਚ- ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਵਲੋਂ ਅਜ ਸ੍ਰੀ ਹਰਗੋਬਿੰਦਪੁਰ ਵਿਖੇ ਰਾਸ਼ਟਰੀ ਵਓ ਸ੍ਰੀ ਯੋਜਨਾ ਤਹਿਤ ਦਿਵਿਆਂਗ ਅਤੇ ਬਜ਼ੁਰਗ ਵਿਅਕਤੀਆਂ ਨੂੰ ਬਨਾਉਟੀ ਅੰਗ ਵੰਡੇ ਗਏ। ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਲਗਾਏ ਗਏ ਵਿਸ਼ੇਸ਼ ਕੈਂਪ ਵਿਚ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਨਾਲ ਸਬੰਧਤ 1279 ਵਿਅਕਤੀਆਂ ਨੂੰ 1 ਕਰੋੜ 6 ਹਜ਼ਾਰ ਰੁਪਏ ਦੀ ਲਾਗਤ ਨਾਲ ਇਹ ਬਨਾਉਟੀ ਅੰਗ ਵੰਡੇ ਗਏ।
ਲੋਕਾਂ ਦੇ ਭਰਵੇਂ ਇਕਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਦਿਵਿਆਂਗ ਵਿਅਕਤੀ ਜੋ ਕਿ ਕੁਦਰਤੀ ਤੌਰ ‘ਤੇ ਕਿਸੇ ਅੰਗ ਤੋਂ ਵਾਂਝੇ ਰਹਿ ਜਾਂਦੇ ਹਨ ਉਨਾਂ ਨੂੰ ਹੌਂਸਲਾ ਦੇਣ ਦੀ ਲੋੜ ਹੁੰਦੀ ਹੈ। ਉਨਾਂ ਕਿਹਾ ਕਿ ਸਰਕਾਰ ਦਾ ਮਕਸਦ ਅਜਿਹੇ ਲੋਕਾਂ ਨੂੰ ਬਨਾਉਟੀ ਅੰਗ ਲਗਾ ਕੇ ਉਨਾਂ ਆਪਣੇ ਪੈਰਾਂ ਸਿਰ ਕਰਨ ਦਾ ਯਤਨ ਹੈ ਅਤੇ ਸਰਕਾਰ ਦੇ ਇਸ ਉਪਰਾਲੇ ਸਦਕਾ ਬਹੁਤ ਸਾਰੇ ਦਿਵਿਆਂਗ ਵਿਅਕਤੀ ਆਮ ਜੀਵਨ ਬਤੀਤ ਕਰ ਰਹੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਅਜਿਹੇ 80 ਹਜ਼ਾਰ ਕੈਂਪ ਲਗਾ ਕੇ 14 ਲਖ ਤੋਂ ਵਧ ਦਿਵਿਆਂਗ ਵਿਅਕਤੀਆਂ ਨੂੰ ਬਨਾਉਟੀ ਅੰਗ ਲਗਾ ਕੇ ਉਨਾਂ ਨੂੰ ਆਤਮ ਨਿਰਭਰ ਕੀਤਾ ਹੈ।ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਪਹਿਲਾਂ ਸਰਕਾਰ ਵਲੋਂ ਇਹ ਬਨਾਉਟੀ ਅੰਗ ਸਿਰਫ਼ ਦਿਵਿਆਂਗ ਵਿਅਕਤੀਆਂ ਨੂੰ ਹੀ ਲਗਾਏ ਜਾਂਦੇ ਸਨ ਪਰ ਹੁਣ ਇਹ ਅੰਗ ਬਜ਼ੁਰਗਾਂ ਨੂੰ ਵੀ ਲਗਾਉਣੇ ਸ਼ੁਰੂ ਕੀਤੇ ਗਏ ਹਨ। ਉਨਾਂ ਦਸਿਆ ਕਿ ਅਜ ਸ੍ਰੀ ਹਰਗੋਬਿੰਦਪੁਰ ਵਿਖੇ ਲਗੇ ਇਸ ਕੈਂਪ ਵਿਚ 862 ਦਿਵਿਆਂਗ ਵਿਅਕਤੀਆਂ ਨੂੰ ਬਨਾਉਟੀ ਅੰਗ ਲਗਾਏ ਗਏ ਹਨ ਜਦਕਿ 417 ਬਜ਼ੁਰਗਾਂ ਦੇ ਵੀ ਇਹ ਅੰਗ ਲਗਾਏ ਗਏ ਹਨ। ਉਨਾਂ ਦਸਿਆ ਕਿ ਬਨਾਉਟੀ ਅੰਗਾਂ ਤੋਂ ਇਲਾਵਾ ਸੁਣਨ ਵਾਲੀਆਂ ਮਸ਼ੀਨਾਂ, ਦੰਦ, ਐਨਕਾਂ, ਟਰਾਈ ਸਾਈਕਲ ਆਦਿ ਵੰਡੇ ਗਏ ਹਨ। ਸ੍ਰੀ ਸਾਂਪਲਾ ਨੇ ਕਿਹਾ ਕਿ ਇਹ ਵਿਅਕਤੀ ਜੋ ਕਿ ਕੁਦਰਤੀ ਤੌਰ ਸਰੀਰਕ ਕਮਜ਼ੋਰੀ ਕਾਰਨ ਮਾਯੂਸ ਹੋ ਗਏ ਸਨ, ਪਰ ਸਰਕਾਰ ਵਲੋਂ ਇਨਾਂ ਦੀ ਬਾਂਹ ਫੜਨ ਕਾਰਨ ਇਹ ਹੁਣ ਦੁਬਾਰਾ ਸਵਾਬੀਮਾਨ ਦਾ ਜੀਵਨ ਜੀਣ ਲਗ ਪਏ ਹਨ। ਉਨਾਂ ਕਿਹਾ ਕਿ ਸਰਕਾਰ ਵਲੋਂ ਭਵਿਖ ਵਿਚ ਵੀ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਇਸੇ ਤਰਾਂ ਮਦਦ ਕੀਤੀ ਜਾਵੇਗੀ।ਇਸ ਮੌਕੇ ਸੀਨੀਅਰ ਆਗੂ ਲਾਜਵੰਤ ਸਿੰਘ ਲਾਟੀ ਨੇ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਦਾ ਸ੍ਰੀ ਹਰਗੋਬਿੰਦਪੁਰ ਵਿਖੇ ਆਉਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਉਨਾਂ ਦੇ ਯਤਨਾ ਸਦਕਾ ਹਲਕੇ ਦੇ 1279 ਲੋੜਵੰਦ ਵਿਅਕਤੀਆਂ ਨੂੰ ਬਨਾਉਣੀ ਅੰਗ ਮਿਲੇ ਹਨ ਜਿਸ ਕਾਰਨ ਉਨਾਂ ਦਾ ਜੀਵਨ ਸੌਖਾਲਾ ਹੋ ਸਕਿਆ ਹੈ। ਇਸ ਮੌਕੇ ਉਨਾਂ ਕੈਂਪ ਵਿਚ ਸਿਵਲ ਪ੍ਰਸ਼ਾਸਨ ਵਲੋਂ ਦਿਤੇ ਯੋਗਦਾਨ ਲਈ ਉਨਾਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਐਸ.ਡੀ.ਐਮ. ਬਟਾਲਾ ਸ੍ਰੀ ਬਲਬੀਰ ਰਾਜ ਸਿੰਘ, ਸਾਬਕਾ ਸੰਸਦੀ ਸਕਤਰ ਦੇਸਰਾਜ ਸਿੰਘ ਧੁਗਾ, ਮੰਗਲ ਸਿੰਘ, ਰਾਜਨਬੀਰ ਸਿੰਘ, ਬਾਬਾ ਚੈਨ ਸਿੰਘ, ਕੁਲਵੰਤ ਸਿੰਘ ਚੀਮਾ, ਅਮਰਿੰਦਰ ਸਿੰਘ ਚੀਮਾ, ਹਰਦਿੰਦਰ ਸਿੰਘ ਕਾਹਲੋਂ, ਹਰਬੰਸ ਸਿੰਘ ਘੁਮਾਣ, ਸਿਕੰਦਰ ਸਿੰਘ ਭਟੀਵਾਲ, ਡੀ.ਐਸ.ਓ. ਜਸਬੀਰ ਸਿੰਘ ਸੈਕਟਰੀ ਰੈਡ ਕਰਾਸ ਸ੍ਰੀ ਰਾਜੀਵ ਆਦਿ ਹਾਜ਼ਰ ਸਨ।