ਲਹਿਰਾਗਾਗਾ (ਜਤਿੰਦਰ ਜਲੂਰ)- ਨੇੜਲੇ ਪਿੰਡ ਲਹਿਲ ਕਲਾਂ ਵਿਖੇ ਇੱਕ ਵਿਆਹ ਸਮਾਗਮ ’ਚ ਸੋਨਾ ਅਤੇ ਨਗਦੀ ਚੋਰੀ ਦੇ ਜੁਰਮ ’ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਗਸੀਰ ਜਗਾ ਵੱਲੋਂ ਪੁਲਿਸ ਦੀ ਗ੍ਰਿਫਤ ’ਚੋਂ ਭੱਜ ਜਾਣ ਬਾਅਦ ਬਚਣ ਲਈ ਟੋਭੇ ਵਿਚ ਛਾਲ ਮਾਰਨ ਵਾਲੇ ਦੀ ਲਾਸ਼ ਛਪੜ ਵਿਚ ਤੈਰਦੀ ਵੇਖੀ ਗਈ ਅਤੇ ਉਸ ਨੂੰ ਕੱਢਿਆ ਗਿਆ। ਪੁਲਿਸ ਨੇ ਪੋਸਟਮਾਰਟਮ ਲਈ ਹਸਪਤਾਲ ਲਿਜਾਣਾ ਚਾਹਿਆ ,ਪਰ ਪਿੰਡ ਵਾਸੀਆਂ ਨੇ ਨੌਜਵਾਨ ਦੀ ਮੌਤ ਲਈ ਜਿੰਮੇਵਾਰ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਤੋਂ ਪਹਿਲਾਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿਤਾ ਗਿਆ ਅਤੇ ਲਹਿਰਾ ਮੂਣਕ ਸੜਕ ਤੇ ਸਰਕਾਰੀ ਸਕੂਲ ਨੇੜੇ ਲਾਸ਼ ਰਖ ਕੇ ਜਾਮ ਲਗਾ ਦਿਤਾ ਗਿਆ। ਡੀ.ਐਸ.ਪੀ ਲਹਿਰਾਗਾਗਾ ਬੂਟਾ ਸਿੰਘ ਗਿਲ, ਡੀ.ਐਸ.ਪੀ ਮੂਨਕ ਕੁਲਦੀਪ ਸਿੰਘ ਵਿਰਕ, ਡੀ.ਐਸ.ਪੀ ਦਿੜ੍ਹਬਾ ਵਿਲੀਅਮ ਜੇਜੀ ਘਟਨਾ ਸਥਾਨ ਉਪਰ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਜਿੰਮੇਵਾਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਭੇਜ ਦਿਤਾ। ਡੀ.ਐਸ. ਪੀ ਲਹਿਰਾਗਾਗਾ ਬੂਟਾ ਸਿੰਘ ਗਿਲ ਨੇ ਦਸਿਆ ਕਿ ਪੁਲਿਸ ਨੇ ਸੀ.ਆਈ.ਏ ਸਟਾਫ਼ ਬਹਾਦਰ ਸਿੰਘ ਵਾਲਾ ਦੇ ਹੌਲਦਾਰ ਜਗਤਾਰ ਸਿੰਘ, ਸਿਪਾਹੀ ਨੈਬ ਸਿੰਘ, ਪ੍ਰੇਮਜੀਤ ਸਿੰਘ, ਹੋਮਗਾਰਡ ਦੇ ਇਕਬਾਲ ਖਾਂ ਅਤੇ ਗੁਰਮੇਲ ਸਿੰਘ ਦੇ ਖਿਲਾਫ ਪਹਿਲਾਂ ਤੋਂ ਦਰਜ ਕੀਤੇ 224 ਦੇ ਮੁਕਦਮੇ ‘ਚ ਵਾਧਾ ਕਰਦੇ ਹੋਏ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕਦਮਾ ਵੀ ਦਰਜ ਕਰ ਲਿਆ ਹੈ ।