ਗੁਰਦਾਸਪੁਰ, 10 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਲੋਕਾਂ ਨੂੰ ਵਿਕਾਸ ਦੇ ਵੱਡੇ ਵੱਡੇ ਸੁਫਨੇ ਦਿਖਾ ਰਹੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਵਿਕਾਸ ਦਾ ਮਾੜਾ ਹਾਲ ਹੈ ਤੇ ਸੜਕਾਂ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਵੀ ਲੋਕਾਂ ਨੂੰ ਨਹੀਂ ਮਿਲ ਰਹੀਆਂ। ਜਿਸ ਤੋਂ ਦੁਖੀ ਲੋਕਾਂ ਦਾ ਗੁੱਸਾ ਇਨ੍ਹਾਂ ਚੋਣਾਂ ਦੌਰਾਨ ਸਾਹਮਣੇ ਆਏਗਾ।ਉਨ੍ਹਾਂ ਨੇ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਮਾਝਾ ਪ੍ਰੋਜੈਕਟ ਨੂੰ ਇਕ ਵੀ ਪ੍ਰੋਜੈਕਟ ਨਹੀਂ ਦਿੱਤਾ, ਅਜਿਹੇ ’ਚ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਗੱਲ ਕੀ ਕਰਨੀ, ਜਿਸ ’ਚ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਆਉਂਦੇ ਹਨ। ਉਨ੍ਹਾਂ ਨੇ
ਕਿਹਾ ਕਿ ਇਨ੍ਹਾਂ ਦਾ ਵਿਕਾਸ ਦਾ ਗੁਬਾਰਾ ਫੁੱਟ ਚੁੱਕਾ ਹੈ ਤੇ ਇਸ ਬਾਰਡਰ ਸੂਬੇ ’ਚ ਅਕਾਲੀ ਭਾਜਪਾ ਗਠਜੋੜ ਦੀ ਹਾਰ ਦਾ ਅਸਰ ਹੁਣ ਤੋਂ ਦਿੱਖਣ ਲੱਗਾ ਹੈ, ਜਿਥੇ ਨਰਿੰਦਰ ਮੋਦੀ ਦਾ ਕੋਈ ਵੀ ਅਸਰ ਨਹੀਂ ਦਿਖਾਈ ਦੇ ਰਿਹਾ।ਪਿਛਲੇ 5 ਸਾਲਾਂ ਦੀਆਂ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਬਾਜਵਾ ਨੇ ਕਿਹਾ ਕਿ ਉਨ੍ਹਾਂ ਇਕ ਰੈਂਕ ਇਕ ਪੈਨਸ਼ਨ ਲਈ ਸਾਬਕਾ ਫੌਜੀਆਂ ਦਾ ਮੁੱਦਾ ਚੁੱਕਦਿਆਂ ਇਸ ਨੂੰ ਆਪਣੇ ਅੰਜ਼ਾਮ ਤੱਕ ਪਹੁੰਚਾਇਆ, ਜਿਸ ਨਾਲ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਲੱਖਾਂ ਲੋਕਾਂ ਨੂੰ ਫਾਇਦਾ ਮਿਲਿਆ ਹੈ। ਇਸ ਨਾਲ ਮਾਝਾ ਖੇਤਰ ਦੇ 50000 ਸਾਬਕਾ ਫੌਜੀਆਂ ਦਾ ਫਾਇਦਾ ਪਹੁੰਚਿਆ ਹੈ, ਜਿਨ੍ਹਾਂ ’ਚੋਂ 30000 ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਹੀ ਹਨ।ਉਨ੍ਹਾਂ ਨੇ ਕਿਹਾ ਕਿ ਸੁਖਬੀਰ ਨੂੰ ਭੁੱਲਣ ਦੀ ਬਿਮਾਰੀ ਲੱਗਦੀ ਹੈ, ਕਿਉਂਕਿ ਉਨ੍ਹਾਂ ਨੇ ਹੀ ਮਿਉਂਸੀਪਲ ਸੀਮਾ ਦੇ ਅੰਦਰ ਪੈਂਦੇ ਖੇਤਾਂ ’ਤੇ ਜਾਇਦਾਦ ਟੈਕਸ ਲਗਾਉਣ ਦਾ ਮੁੱਦਾ ਚੁੱਕਿਆ ਸੀ, ਜਿਸ ਪ੍ਰਸਤਾਅ ਨੂੰ ਯੂ.ਪੀ.ਏ ਸਰਕਾਰ ਨੇ ਵਾਪਸ ਲੈ ਲਿਆ ਸੀ। ਇਹ ਮਾਮਲਾ ਆਨ ਰਿਕਾਰਡ ਹੈ।
ਉਹ ਬਿਆਸ ਕਾਦੀਆਂ ਰੇਲ ¦ਿਕ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਬਾਦਲ ’ਤੇ ਵੀ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਰੇਲਵੇ ਮੰਤਰਾਲੇ ਨੇ ਇਸ ਲਈ ਮਨਜ਼ੂਰੀ ਦੇ ਦਿੱਤੀ ਸੀ, ਪਰ ਸੂਬਾ ਸਰਕਾਰ ਨੇ ਰੋੜਾ ਅਟਕਾ ਦਿੱਤਾ। ਇਥੋਂ ਤੱਕ ਕਿ ਰੇਲਵੇ ਦੀ ਟੀਮ ਨੂੰ ਸਰਵੇ ਵੀ ਨਹੀਂ ਕਰਨ ਦਿੱਤਾ ਗਿਆ ਤੇ ਕਾਦੀਆਂ ਨੇੜੇ ਪਿੰਡ ਦੇ ਨਿਵਾਸੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਹੜੇ ਅਕਾਲੀ ਸਮਰਥਕ ਸਨ। ਜਦਕਿ ਸੂਬਾ ਸਰਕਾਰ ਰੇਲਵੇ ਸਟਾਫ ਨੂੰ ਸੁਰੱਖਿਆ ਦੇਣ ’ਚ ਵੀ ਨਾਕਾਮ ਰਹੀ। ਇਸ ਤੋਂ ਮੰਦਭਾਗਾ ਕੀ ਹੋ ਸਕਦਾ ਹੈ ਕਿ ਸੁਖਬੀਰ ਖੁਦ ਗ੍ਰਹਿ ਮੰਤਰੀ ਹੋਣ ਤੇ ਉਹ ਪੁਲਿਸ ਦੀ ਸੁਰੱਖਿਆ ’ਚ ਸਰਵੇ ਨਾ ਕਰਵਾ ਸਕੇ ਹੋਣ, ਜਿਸਦਾ ਕਾਰਨ ਸੱਭ ਨੂੰ ਪਤਾ ਹੈ। ਇਹ ਗੱਲ ਵੀ ਆਨ ਰਿਕਾਰਡ ਹੈ।ਉਨ੍ਹਾਂ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਨੂੰ ਇਹ ਵੀ ਰਿਕਾਰਡ ਚੈਕ ਕਰਨਾ ਚਾਹੀਦਾ ਹੈ ਕਿ ਮਨੁੱਖੀ ਸੰਸਾਧਨ ਮੰਤਰਾਲੇ ਨੇ ਕੇਂਦਰੀ ਯੂਨੀਵਰਸਿਟੀ ਕਿਥੇ ਲਈ ਮਨਜ਼ੂਰ ਕੀਤੀ ਸੀ। ਪਰ ਬਾਦਲ ਸਰਕਾਰ ਨੇ ਇਸ ਦੀ ਅਸਲੀ ਜਗ੍ਹਾ ਗੁਰਦਾਸਪੁਰ ਤੋਂ ਕੇਂਦਰੀ ਯੂਨੀਵਰਸਿਟੀ ਨੂੰ ਬਠਿੰਡਾ ਜ਼ਿਲ੍ਹੇ ਦੇ ਬਾਦਲ ਨੇੜੇ ਪਿੰਡ ਘੁੱਦਾ ’ਚ ਟਰਾਂਸਫਰ ਕਰਵਾ ਲਿਆ। ਇਹੋ ਹਾਲ ਗੁਰਦਾਸਪੁਰ ’ਚ ਕਲਾਨੌਰ ਨੇੜੇ ਰੇਲਵੇ ਕੋਚ ਫੈਕਟਰੀ ਲਗਾਉਣ ਦੇ ਪ੍ਰੋਜੈਕਟ ਦਾ ਹੋਇਆ, ਜਿਹੜਾ ਬਾਦਲ ਸਰਕਾਰ ਦਾ ਸਹਿਯੋਗ ਨਾ ਮਿਲਣ ਕਾਰਨ ਅੱਗੇ ਨਾ ਵੱਧ ਸਕਿਆ। ਜਿਸ ਲਈ ਹਰਿਆਣਾ ਨੇ ਜਮੀਨ ਦੇ ਦਿੱਤੀ ਤੇ ਪ੍ਰੋਜੈਕਟ ਸੋਨੀਪਤ ਸ਼ਿਫਟ ਹੋ ਗਿਆ, ਜਿਸਦੀ ਕਸੂਰਵਾਰ ਬਾਦਲ ਸਰਕਾਰ ਹੈ। ਉਨ੍ਹਾਂ ਨੇ ਹਾਲੇ ਹੀ ’ਚ ਕੇਂਦਰ ਸਰਕਾਰ ਵੱਲੋਂ ਗੁਰਦਾਸਪੁਰ ’ਚ ਇਕ ਟ੍ਰਿਪਲ ਆਈ.ਆਈ.ਟੀ. ਸਥਾਪਤ ਕਰਨ ਸਬੰਧੀ ਮਹੱਤਵਪੂਰਨ ਫੈਸਲੇ ਦਾ ਵੀ ਜ਼ਿਕਰ ਕੀਤਾ, ਪਰ ਇਹ ਪ੍ਰੋਜੈਕਟ ਸਮਾਨ ਕਾਰਨਾਂ ਦੇ ਚਲਦੇ ਫਾਇਲਾਂ ਦਾ ਹਿੱਸਾ ਬਣ ਗਿਆ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗੁਰਦਾਸਪੁਰ ਹਲਕੇ ’ਚ ਭਾਜਪਾ ਦਾ ਘਰ ਵੰਡਿਆ ਹੋਇਆ ਹੈ ਤੇ ਇਹ ਟਕਰਾਅ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਭਾਜਪਾ ਇਕ ਵਾਰ ਫਿਰ ਤੋਂ ਮੁੰਬਈ ਦੇ ਆਦਮੀ ਵਿਨੋਦ ਖੰਨਾ ਨੂੰ ਲੈ ਆਈ ਹੈ, ਜਿਸ ਨੂੰ ਲੋਕਾਂ ਨੇ ਬੀਤੀਆਂ ਚੋਣਾਂ ਦੌਰਾਨ ਨਕਾਰ ਦਿੱਤਾ ਸੀ। ਖੰਨਾ ਨੂੰ ਇਕ ਵਾਰ ਫਿਰ ਤੋਂ ਇਤਿਹਾਸ ਦਾ ਹਿੱਸਾ ਬਣਾ ਕੇ ਗੁਰਦਾਸਪੁਰ ਦੇ ਲੋਕ ਅਪਣਾ ਫੈਸਲਾ ਦੁਹਾਉਣਗੇ।



