ਬਠਿੰਡਾ/ ਮੌੜ ਮੰਡੀ, 31 ਜਨਵਰੀ (ਹਰਮਿੰਦਰ ਸਿੰਘ ਅਵਿਨਾਸ਼/ ਸੰਜੀਵ ਕੁਮਾਰ ਨੋਟੀ ) 31 ਜਨਵਰੀ 2017 ਨੂੰ ਕਾਂਗਰਸੀ ਆਗੂ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ਵਿਚ ਹੋਏ ਬੰਬ ਧਮਾਕੇ ਵਿਚ ਮਾਰੇ ਗਏ 5 ਬੱਚਿਆਂ ਦੀ ਅੱਜ ਦੂਸਰੀ ਬਰਸੀ ਬੰਬ ਕਾਂਡ ਵਾਲੀ ਜਗ੍ਹਾ ਤੇ ਮਨਾਈ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਇਸ ਬਰਸੀ ਸਮਾਗਮ ਵਿਚ ਪੁੱਜੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੌੜ ਬੰਬ ਕਾਂਡ ਸੰਘਰਸ਼ ਕਮੇਟੀ, ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਹੋਰ ਜਥੇਬੰਦੀਆਂ ਨੇ ਜਿੱਥੇ ਇਸ ਬੰਬ ਕਾਂਡ ਦੀ ਜਾਂਚ ਵਿਚ ਹੋ ਰਹੀ ਦੇਰੀ ਤੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਕੀਤੀ ਉਥੇ ਹੀ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਇਸ ਬੰਬ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ੍ਹ ਕੇ ਸਖਤ ਸਜਾਵਾਂ ਦਿੱਤੀਆਂ ਜਾਣ । ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਇਹ ਬੰਬ ਕਾਂਡ ਕਿਸ ਨੇ ਕੀਤਾ ਹੈ ਅਤੇ ਕਿਸ ਦੇ ਇਸ਼ਾਰਿਆਂ ਤੇ ਹੋਇਆ ਹੈ ਸਰਕਾਰ ਨੂੰ ਇਹੇ ਸਭ ਪਤਾ ਹੈ ਪਰ ਸਰਕਾਰ ਇਸ ਨੂੰ ਲੋਕਾਂ ਦੇ ਸਾਹਮਣੇ ਨਹੀ ਲਿਆਉਣਾ ਚਾਹੁੰਦੀ ਹੈ । ਇਸ ਲਈ ਸਰਕਾਰ ਨੂੰ ਆਪਣੇ ਸਿਆਸੀ ਹਿੱਤ ਛੱਡ ਕੇ ਲੋਕ ਹਿੱਤ ਦੀ ਗੱਲ ਕਰਦਿਆਂ ਮੌੜ ਬੰਬ ਕਾਂਡ ਦਾ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ । ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਤੇ ਮੌੜ ਬੰਬ ਕਾਂਡ ਨੂੰ ਦਬਾਉਣ ਦੇ ਦੋਸ਼ ਲਗਾਉਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਇਸ ਬੰਬ ਕਾਂਡ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤਣ ਦੀ ਤਾਂਕ ਵਿਚ ਹਨ। ਅਖੀਰ ਵਿਚ ਥਾਣਾ ਮੌੜ ਦੇ ਐਸ.ਐਸ.ਓ ਦਲਬੀਰ ਸਿੰਘ ਨੇ ਇਸ ਸਮਾਗਮ ਵਿਚ ਪੀੜ੍ਹਤ ਪਰਿਵਾਰਾਂ ਅਤੇ ਸੰਘਰਸ਼ ਕਮੇਟੀ ਨੂੰ ਇਹ ਵਿਸ਼ਵਾਸ਼ ਦਵਾਇਆ ਕਿ ਉਹ ਆਪਣੇ ਵੱਲੋਂ ਇਸ ਬੰਬ ਕਾਂਡ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਬੰਬ ਕਾਂਡ ਵਿਚ ਸ਼ਾਮਲ ਲੋਕਾਂ ਦੇ ਸਕੈਚ ਵੀ ਜਾਰੀ ਹੋ ਚੁੱਕੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਨੂੰਨ ਦੀ ਗ੍ਰਿਫਤ ਵਿਚ ਲੈ ਲਿਆ ਜਾਵੇਗਾ । ਅੱਜ ਦੇ ਇਸ ਸ਼ਰਧਾਜਲੀ ਸਮਾਗਮ ਵਿਚ ਇਲਾਵਾ ਭੁਪਿੰਦਰ ਸਿੰਘ ਗੋਰਾ, ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ , ਬਾਬਾ ਹਰਦੀਪ ਸਿੰਘ ਮਹਿਰਾਜ, ਜਥੇਦਾਰ ਗੁਰਤੇਜ ਸਿੰਘ ਕੋਟਲੀ,ਪਰਮਿੰਦਰ ਸਿੰਘ ਬਾਲਿਆਂਵਾਲੀ ਰਾਜੇਸ਼ ਜੈਨ, ਬਾਬਾ ਦਵਿੰਦਰ ਸਿੰਘ ਕੁੱਤੀਵਾਲ, ਸ਼ੁਸ਼ੀਲ ਕੁਮਾਰ ਸ਼ੀਲੀ, ਜੀਤਇੰਦਰ ਸਿੰਘ ਰੁਪਾਲ, ਦੇਵਰਾਜ ਜੇ.ਈ, ਗੁਰਮੇਲ ਸਿੰਘ ਮੇਲਾ ਆਦਿ ਵੀ ਹਾਜ਼ਰ ਸਨ।