ਉਤਰ ਪ੍ਰਦੇਸ਼ ਪੂਰਬੀ ’ਚ ਸੰਭਾਲਣਗੇ ਕਮਾਨ
ਨਵੀਂ ਦਿੱਲੀ, 23 ਜਨਵਰੀ- ਲੋਕ ਸਭਾ ਚੋਣਾਂ 2019 ਤੋਂ ਐਨ ਪਹਿਲਾਂ ਕਾਂਗਰਸ ਨੇ ਇੱਕ ਵੱਡਾ ਸਿਆਸੀ ਦਾਅ ਖੇਡਦੇ ਹੋਏ ਪਾਰਟੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਭੈਣ, ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਅਤੇ ਸ੍ਰੀਮਤੀ ਸੋਨੀਆ ਗਾਂਧੀ ਦੀ ਸਪੁੱਤਰੀ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਉਤਰ ਪ੍ਰਦੇਸ਼ ਪੂਰਬੀ ਖੇਤਰ ਦਾ ਇੰਚਾਰਜ ਬਣਾਇਆ ਗਿਆ ਹੈ। ਉਹ ਆਪਣੀ ਇਹ ਜ਼ਿੰਮੇਵਾਰੀ ਪਹਿਲੀ ਫਰਵਰੀ ਨੂੰ ਸੰਭਾਲਣਗੇ। ਹੁਣ ਤੱਕ ਕਾਂਗਰਸ ਦੇ ਸੀਨੀਆਰ ਆਗੂ ਸ੍ਰੀ ਗੁਲਾਬ ਨਬੀ ਆਜ਼ਾਦ ਉਤਰ ਪ੍ਰਦੇਸ਼ ਦੇ ਇੰਚਾਰਜ ਸਨ। ਉਨ੍ਹਾਂ ਨੂੰ ਹਟਾ ਕੇ ਹਰਿਆਣਾ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਤਰ ਪ੍ਰਦੇਸ਼ ਦਾ ਪੂਰਬੀ ਇਲਾਕਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਫੀ ਅਹਿਮੀਅਤ ਰੱਖਦਾ ਹੈ। ਇਸ ਖੇਤਰ ਦੀ ਇੰਚਾਰਜ ਵਜੋਂ ਪ੍ਰਿਯੰਕਾ ਗਾਂਧੀ ਦੀ ਨਿਯੁਕਤੀ ਨਾਲ ਸਿਆਸੀ ਹਲਕਿਆਂ ਵਿੱਚ ਵੱਡੀ ਚਰਚਾ ਛਿੜ ਗਈ ਹੈ। ਪਿਛਲੇ ਕਾਫੀ ਸਮੇਂ ਤੋਂ ਪ੍ਰਿਯੰਕਾ ਗਾਂਧੀ ਨੂੰ ਸਿਆਸੀ ਖੇਤਰ ਵਿੱਚ ਲਿਆਉਣ ਲਈ ਪਾਰਟੀ ’ਤੇ ਭਾਰੀ ਦਬਾਅ ਸੀ। ਉਤਰ ਪ੍ਰਦੇਸ਼ ਪੱਛਮੀ ਦਾ ਇੰਚਾਰਜ ਪਾਰਟੀ ਦੇ ਇੱਕ ਦੂਸਰੇ ਜਨਰਲ ਸਕੱਤਰ ਸ੍ਰੀ ਜਿਓਤਿਰਆਦਿੱਤਿਆ ਸਿੰਧੀਆ ਲਗਾਇਆ ਗਿਆ ਹੈ। ਸ੍ਰੀ ਕੇ.ਸੀ. ਵੈਣੁਗੋਪਾਲ ਨੂੰ ਪਾਰਟੀ ਦੇ ਜੱਥੇਬੰਦਕ ਮਾਮਲਿਆਂ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਕਰਨਾਟਕ ਦੇ ਇੰਚਾਰਜ ਬਣੇ ਰਹਿਣਗੇ। ਸ੍ਰੀਮਤੀ ਪ੍ਰਿਯੰਕਾ ਗਾਂਧੀ ਪਿਛਲੇ ਕੁਝ ਸਮੇ ਤੋਂ ਆਪਣੇ ਭਰਾ ਰਾਹੁਲ ਗਾਂਧੀ ਅਤੇ ਮਾਂ ਸ੍ਰੀਮਤੀ ਸੋਨੀਆ ਗਾਂਧੀ ਦੇ ਲੋਕ ਸਭਾ ਹਲਕੇ ਕ੍ਰਮਵਾਰ ਅਮੇਠੀ ਅਤੇ ਰਾਇਬ੍ਰੇਲੀ ’ਚ ਸਰਗਰਮ ਸਨ। ਪਾਰਟੀ ਇਸ ਵਾਰ ਉਤਰ ਪ੍ਰਦੇਸ਼ ਵਿੱਚ ਇਕੱਲੇ ਤੌਰ ’ਤੇ 80 ਸੀਟਾਂ ਤੋਂ ਚੋਣ ਲੜਣ ਦਾ ਇਰਾਦਾ ਪ੍ਰਗਟ ਕਰ ਚੁੱਕੀ ਹੈ।