ਪੰਜਾਬ ’ਚ ਮਹਾਂਗੱਠਜੋੜ ਲਈ ਵਿਰੋਧੀ ਪਾਰਟੀਆਂ ਵੱਲੋਂ ਬੈਠਕ

‘ਆਪ’ ਨੂੰ ਗੱਠਜੋੜ ’ਚ ਸ਼ਾਮਿਲ ਕਰਨ ’ਤੇ ਮਤਭੇਦ

ਲੁਧਿਆਣਾ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ ਦੇ ਚਲਦਿਆਂ ਅਜ ਮਹਾਂਗਠਜੋੜ ਬਣਾਉਣ ਦੀਆਂ ਤਿਆਰੀਆਂ ’ਚ ਜੁਟੇ ਲੀਡਰਾਂ ਦੀ ਮੀਟਿੰਗ ਹੋਈ। ਮੀਟਿੰਗ ’ਚ ਪੰਜਾਬੀ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਬਸਪਾ ਦੇ ਲੀਡਰ ਪਹੁੰਚੇ। ਗਠਜੋੜ ਤੋਂ ਪਹਿਲਾਂ ਹੀ ਲੀਡਰਾਂ ਦੇ ਵਿਚਾਰਾਂ ਵਿਚ ਮਤਭੇਦ ਵੇਖਣ ਨੂੰ ਵੀ ਮਿਲਿਆ। ਜਾਣਕਾਰੀ ਮੁਤਾਬਿਕ ਬੈਠਕ ਵਿਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਤੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕਤਰ ਗੁਰਦੀਪ ਸਿੰਘ ਬਠਿੰਡਾ ਬਸਪਾ ਸੁਪਰੀਮੋ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਬਣਾਉਣ ਤੇ ਆਮ ਆਦਮੀ ਪਾਰਟੀ ਨੂੰ ਗਠਜੋੜ ’ਚ ਸ਼ਾਮਿਲ ਕਰਨ ਦੀ ਵਕਾਲਤ ਕਰਦੇ ਨਜ਼ਰ ਆਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਬਾਰੇ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਨੂੰ ਛਡ ਕੇ ਹੋਰਾਂ ਲਈ ਦਰਵਾਜ਼ੇ ਖੁਲ੍ਹੇ ਹੋਣ ਦੀ ਗਲ ਆਖੀ। ਹਾਲਾਂਕਿ ਹੋਰ ਲੀਡਰਾਂ ਨੇ ਕਿਹਾ ਕਿ ਹਾਲੇ ਗਠਜੋੜ ਸਬੰਧੀ ਚਰਚਾ ਹੋਈ ਹੈ, ਜਦੋਂ ਕਿ ਉਮੀਦਵਾਰਾਂ ਸਬੰਧੀ ਹਫ਼ਤੇ ਬਾਅਦ ਫੈਸਲਾ ਲਿਆ ਜਾਏਗਾ। ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ‘ਆਪ’ ਨੂੰ ਗਠਜੋੜ ’ਚ ਸ਼ਾਮਿਲ ਕਰਨ ਤੇ ਮਾਇਆਵਤੀ ਨੂੰ ਪੀ.ਐਮ. ਉਮੀਦਵਾਰ ਬਣਾਉਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਸ: ਬ੍ਰਹਮਪੁਰਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਵੀ ‘ਆਪ’ ਨੂੰ ਗਠਜੋੜ ਵਿਚ ਸ਼ਾਮਿਲ ਕਰਨ ਲਈ ਹਾਮੀ ਭਰ ਦਿਤੀ ਹੈ। ਉਧਰ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਨੇ ਖੁਲ੍ਹ ਕੇ ‘ਆਪ’ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਕੋਲਕਾਤਾ ਵਿਚ ਕਾਂਗਰਸ ਨਾਲ ਮੰਚ ਸਾਂਝਾ ਕਰਨ ਵਾਲੀ ‘ਆਪ’ ਨੂੰ ਗਠਜੋੜ ਵਿਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ। ਟਕਸਾਲੀ ਅਕਾਲੀ ਦਲ ਦੇ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਨੇ ‘ਆਪ’ ਨੂੰ ਗਠਜੋੜ ਵਿਚ ਸ਼ਾਮਿਲ ਕਰਨ ਦੀ ਗਲ ਕੀਤੀ ਸੀ ਪਰ ‘ਆਪ’ ਲੀਡਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਹ ਪੇਸ਼ਕਸ਼ ਠੁਕਰਾ ਦਿਤੀ ਸੀ।

Send this to a friend