ਸੰਗਰੂਰ, 21 ਜਨਵਰੀ (ਪਰਮਜੀਤ ਸਿੰਘ ਲੱਡਾ, ਸੁਖਦੇਵ ਸਿੰਘ ਦੇਬੀ)- ਅੱਜ ਜਿਲ੍ਹਾ ਸੰਗਰੂਰ ਵਿਖੇ ਸੀ.ਪੀ.ਆਈ.ਐਮ. (ਲਿਬਰੇਸ਼ਨ) ਪਾਰਟੀ ਦੀ ਕਮੇਟੀ ਸੰਗਰੂਰ ਵੱਲੋਂ ਲੋਕਾਂ ਅਤੇ ਕੌਮਨਿਸਟ ਆਗੂਆਂ ’ਤੇ ਹੋਏ ਹਮਲਿਆਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਦੇਣ ਉਪਰੰਤ ਸੀ.ਪੀ.ਆਈ.ਐਮ. (ਲਿਬਰੇਸ਼ਨ) ਪਾਰਟੀ ਦੇ ਕਮੇਟੀ ਮੈਂਬਰ ਕਾਮਰੇਡ ਗੋਬਿੰਦ ਸਿੰਘ ਛਾਜਲੀ, ਜਿਲ੍ਹਾ ਸਕੱਤਰ ਊਧਮ ਸਿੰਘ ਸੰਤੋਖਪੁਰਾ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਅਮਨ ਕਾਨੂੰਨ ਕਾਇਮ ਨਹੀਂ ਰਿਹਾ। ਹਰ ਰੋਜ ਗਰੀਬਾਂ ’ਤੇ ਅੱਤਿਆਚਾਰ ਢਾਹੇ ਜਾ ਰਹੇ ਹਨ, ਮਜਦੂਰਾਂ ਨੂੰ ਥਾਣਿਆਂ ਅੰਦਰ ਬੁਲਾ ਕੇ ਧੱਕਾਸ਼ਾਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਜਦੂਰਾਂ ਨੂੰ ਇਨਸਾਫ ਦੇਣ ਦੀ ਬਜਾਏ ਸਗੋਂ ਉਨ੍ਹਾਂ ’ਤੇ ਝੂਠੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੰਦੀ ਹੈ। ਕਿਉਂਕਿ ਬੀਤੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਭੂਤਰੇ ਹੋਏ ਗੁੰਡਿਆਂ ਵੱਲੋਂ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਵਿਖੇ ਜਬਰੀ ਬੂਥ ’ਤੇ ਕਬਜਾ ਕਰਕੇ ਸੀ.ਪੀ.ਆਈ. ਐਮ.ਐਲ. ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ’ਤੇ ਕਾਤਲਾਨਾ ਹਮਲਾ ਕੀਤਾ ਸੀ। ਜਿਸ ’ਤੇ ਥਾਣਾ ਕਲਾਨੌਰ ਦੀ ਪੁਲਿਸ ਵੱਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਹਾਲਾਂਕਿ ਉਥੋਂ ਦੀ ਪੁਲਿਸ ਵੱਲੋਂ ਪਾਰਟੀ ਆਗੂਆਂ ’ਤੇ ਚੋਣ ਲੜ ਰਹੇ ਜੱਸੀ ਉਮੀਦਵਾਰ ’ਤੇ ਝੂਠੇ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨਾਂ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਕਿ ਉਕਤ ਦੋਸ਼ੀ ਨਿਰਮਲ ਸਿੰਘ ਅਤੇ ਉਸ ਦੇ ਕਾਰਕੁੰਨਾਂ ’ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਜਾਵੇ ਅਤੇ ਉਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਜਾਣ ਤਾਂ ਜੋ ਜੱਸੀ ਸਿੰਘ ਅਤੇ ਉਸ ਦੇ ਪਰਿਵਾਰ ਵਾਲਿਆਂ ਅਤੇ ਲਿਬਰੇਸ਼ਨ ਪਾਰਟੀ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜੇਕਰ ਫਿਰ ਵੀ ਸਾਨੂੰ ਕੋਈ ਇਨਸਾਫ ਦੀ ਕਿਰਨ ਦਿਖਾਈ ਨਾ ਦਿੱਤੀ ਤਾਂ ਸੂਬਾ ਸੰਘਰਸ਼ ਵੱਡੇ ਪੱਧਰ ’ਤੇ ਵਿੱਢਿਆ ਜਾਵੇਗਾ। ਇਸ ਮੌਕੇ ਮੇਜਰ ਸਿੰਘ, ਕਾਲਾ ਸਿੰਘ, ਫੱਲੜ ਸਿੰਘ ਲੱਡਾ, ਦਰਬਾਰਾ ਸਿੰਘ, ਬੀਰਬਲ ਸਿੰਘ ਲੇਹਲ, ਜੰਗ ਸਿੰਘ ਚਾਂਗਲੀ, ਬਘੇਲ ਸਿੰਘ ਨੰਦਗੜ੍ਹ ਅਤੇ ਨਰੰਜਣ ਸਿੰਘ ਜਲਾਣ ਵੀ ਹਾਜ਼ਰ ਸਨ।