ਜਲੰਧਰ, 11 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਮਹਿਰਮ ਪਬਲੀਕੇਸ਼ਨ ਪ੍ਰਾਇਵੇਟ ਲਿਮਟਡ ਨਾਭਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਨਾਮਵਰ ਲੇਖਕ ਸ੍ਰੀ ਬੀ.ਐਸ. ਬੀਰ ਅੱਜ ਸਵੇਰੇ 3 ਵਜੇ ਇਸ ਦੁਨੀਆ ਨੂੰ ਸਦੀਵੀ ਅਲਵਿਦਾ ਆਖ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਬੀ.ਐਸ. ਬੀਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਜਾਣੇ ਪਹਿਚਾਣੇ ਲੇਖਕ ਹਨ ਜਿਨ੍ਹਾਂ ਨੇ ਤਿੰਨੇ ਭਾਸ਼ਾਵਾਂ ’ਚ 33 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ। ਇਨ੍ਹਾਂ ਵਿੱਚ ਨਾਵਲ, ਕਹਾਣੀ ਸੰਗ੍ਰਹਿ, ਜੀਵਨੀ ਆਦਿ ਦੀਆਂ ਸਾਹਿਤਕ ਵੰਨਗੀਆਂ ਦੇਖਣ ਤੇ ਪੜ੍ਹਣ ਨੂੰ ਮਿਲਦੀਆਂ ਹਨ। 15 ਅਗਸਤ, 1947 ਨੂੰ ਪਿੰਡ ਸਾਧਵਾਲਾ, ਪੰਜਾਬ (ਹੁਣ ਪਾਕਿਸਤਾਨ ਵਿਚ) ਵਿਚ ਗਿਆਨੀ ਸੁੰਦਰ ਸਿੰਘ ਜੋ ਕਿ ਪੰਜਾਬੀ ਅਧਿਆਪਕ ਸਨ ਦੇ ਘਰ ਮਾਤਾ ਮਾਨਸ ਕੌਰ ਦੀ ਕੁੱਖੋਂ ਜਨਮੇਂ ਬੀ. ਐਸ. ਬੀਰ ਥੋੜ੍ਹੀ ਦੇਰ ਮੁਕਤਸਰ ਵਿਚ ਵੀ ਰਹੇ। ਭਾਰਤ ਵੰਡ ਤੋਂ ਪਹਿਲਾਂ ਪੰਜਾਬ ਇਕ ਹੋਣ ਕਰਕੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਰਹਿਣ ਦਾ ਵੀ ਮੌਕਾ ਮਿਲਿਆ। ਉਨ੍ਹਾਂ ਦੇ ਪਿਤਾ ਜੀ ਦੀ
ਬਦਲੀ ਮੁਕਤਸਰ ਤੋਂ ਹਰਿਆਣਾ ਦੇ ਚਰਖੀ ਦਾਦਰੀ ਵਿਚ ਹੋ ਗਈ ਜਿਥੇ ਬੀ.ਐਸ.ਬੀਰ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕੁਝ ਦੇਰ ਪਟਿਆਲਾ ਵਿਚ ਰਿਹਾ ਤੇ ਫੇਰ ਹਮੇਸ਼ਾ ਲਈ ਨਾਭਾ ਵਿਚ ਰਹਿਣ ਲੱਗੇ।
ਉਨ੍ਹਾਂ ਨੇ ਵੱਖ-ਵੱਖ ਸਮੇਂ ’ਤੇ ਕਈ ਸੰਸਥਾਵਾਂ ਤੋਂ ਅਨੇਕਾਂ ਮਾਨ ਸਨਮਾਨ ਪ੍ਰਾਪਤ ਕੀਤੇ ਹਨ।
ਨਾਮਵਰ ਸਾਹਿਤਕਾਰ ਅਤੇ ਪੱਤਰਕਾਰ ਸ੍ਰੀ ਬੀ.ਐਸ. ਬੀਰ ਨਹੀਂ ਰਹੇ



